ਧਰਮਕੋਟ, 10 ਅਪ੍ਰੈਲ (ਖ਼ਬਰ ਖਾਸ ਬਿਊਰੋ)
ਫਰੀਦਕੋਟ ਲੋਕ ਸਭਾ ਹਲਕੇ ਦੇ ਸਾਂਸਦ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਪ੍ਰਮੁੱਖ ਆਗੂ ਭਾਈ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨੇ ਜਥੇਬੰਦੀ ਨੂੰ ਤੀਜੇ ਬਦਲ ਵਜੋਂ ਪ੍ਰਵਾਨ ਕਰ ਲਿਆ ਹੈ। ਇਸ ਲਈ ਅਕਾਲੀ ਦਲ ਵਾਰਿਸ ਪੰਜਾਬ ਆਉਣ ਵਾਲੇ ਸਮੇਂ ਵਿਚ ਸੂਬੇ ਦੀ ਵਾਗਡੋਰ ਸੰਭਾਲੇਗਾ। ਹਲਕੇ ਦੇ ਵੱਖ ਵੱਖ ਪਿੰਡਾਂ ਵਿੱਚ ਆਪਣੀ ਟੀਮ ਨਾਲ ਧੰਨਵਾਦੀ ਦੌਰੇ ਮੌਕੇ ਉਨ੍ਹਾਂ ਕਿਹਾ ਕਿ ਸੰਗਤਾਂ ਵਲੋਂ ਦਿੱਤੇ ਗਏ ਮਾਣ ਸਨਮਾਨ ਦੇ ਉਹ ਸਦਾ ਰਿਣੀ ਰਹਿਣਗੇ।
ਭਾਈ ਖਾਲਸਾ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਸੱਤਾ ਦੇ ਸੁੱਖ ਲਈ ਅਕਾਲੀ ਦਲ ਦਾ ਕੁਰਬਾਨੀ ਭਰਿਆ ਇਤਿਹਾਸ ਕਲੰਕਿਤ ਹੀ ਨਹੀਂ ਕੀਤਾ ਸਗੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ ਮਰਿਆਦਾ ਨੂੰ ਵੀ ਢਾਹ ਲਾਈ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਮਾੜਾ ਨਹੀਂ ਸੀ ਸਗੋਂ ਇਸਨੂੰ ਚਲਾਉਣ ਵਾਲਿਆਂ ਇਸਨੂੰ ਆਪਣੀ ਇਕ ਤਰ੍ਹਾਂ ਨਾਲ ਜਗੀਰ ਬਣਾ ਲਿਆ ਸੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਪੰਜਾਬੀਅਤ ਅਤੇ ਸਿੱਖ ਪੰਥ ਦੇ ਹੱਕਾਂ ’ਤੇ ਗੈਰਤ ਦੀ ਕਾਇਮੀ ਦੀ ਬਹਾਲੀ ਲਈ ਹੋਂਦ ਵਿੱਚ ਆਇਆ ਹੈ।
ਸਰਬਜੀਤ ਸਿੰਘ ਨੇ ਕਿਹਾ ਕਿਹਾ ਜਥੇਬੰਦੀ ਦੇ ਗਠਨ ਮੌਕੇ ਸਰਕਾਰਾਂ ਨੇ ਵਰਕਰਾਂ ਨੂੰ ਡਰਾਉਣ ਅਤੇ ਝੂਠੇ ਪਰਚੇ ਪਾਉਣ ਦੀਆਂ ਧਮਕੀਟਾਂ ਵੀ ਦਿੱਤੀਆਂ ਪਰ ਗੁਰੂ ਦੇ ਸਿੱਖਾਂ ਨੇ ਜਬਰ ਦਾ ਸਬਰ ਨਾਲ ਸਾਹਮਣਾ ਕੀਤਾ। ਉਨ੍ਹਾਂ ਕਿਹਾ ਕਿ ਵਿਸਾਖੀ ਦੇ ਦਿਹਾੜੇ ਉੱਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਜਥੇਬੰਦੀ ਵਿਸ਼ਾਲ ਸਿਆਸੀ ਕਾਨਫਰੰਸ ਕਰਨ ਜਾ ਰਹੀ ਹੈ।