ਰੂਪਨਗਰ, 7 ਅਪ੍ਰੈਲ (ਖ਼ਬਰ ਖਾਸ ਬਿਊਰੋ)
ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਲੁਠੇੜੀ ਵਿਖੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ‘ਪੰਜਾਬ ਸਿੱਖਿਆ ਕ੍ਰਾਂਤੀ’ ਦੇ ਕੀਤੇ ਜਾ ਰਹੇ ਉਦਘਾਟਨੀ ਸਮਾਰੋਹ ਦੌਰਾਨ ਇਲਾਕੇ ਦੇ ਐਨਆਈ ਪਰਿਵਾਰ ਨੇ ਆਪਣੀ ਸਪੁੱਤਰੀ ਅਪਿੰਦਰਜੀਤ ਕੌਰ ਸਾਚਾ ਦੀ ਯਾਦ ਵਿੱਚ ਸਕੂਲ ਦੀਆਂ ਲੜਕੀਆਂ ਦੀ ਸਹੂਲਤ ਲਈ 15 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ।
ਲੜਕੀ ਦੇ ਪਿਤਾ ਸਤਵਿੰਦਰ ਸਿੰਘ ਸਾਚਾ ਪਿੰਡ ਰਾਮਗੜ੍ਹ ਨੇ ਦੱਸਿਆ ਕਿ ਉਨਾਂ ਦੀ ਸਪੁੱਤਰੀ ਜੋ ਕਿ ਕਰੋਨਾ ਕਾਲ ਦੌਰਾਨ ਸਵਰਗਵਾਸ ਹੋ ਗਈ ਸੀ। ਉਸ ਦੀ ਯਾਦ ਵਿੱਚ ਹੀ ਅੱਜ ਇਸ ਸਿੱਖਿਆ ਕ੍ਰਾਂਤੀ ਦੇ ਸਮਾਰੋਹ ਦੌਰਾਨ ਸਕੂਲ ਵਿੱਚ ਪੜ੍ਹਦੀਆਂ ਲੜਕੀਆਂ ਦੀ ਮੱਦਦ ਕਰਨ ਲਈ ਇੱਕ ਨਿੱਕਾ ਜਿਹਾ ਉਪਰਾਲਾ ਕੀਤਾ ਹੈ।
ਉਹਨਾਂ ਕਿਹਾ ਕਿ ਸਿੱਖਿਆ ਕ੍ਰਾਂਤੀ ਸੂਬੇ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਇੱਕ ਬਹੁਤ ਵੱਡਾ ਉਪਰਾਲਾ ਹੈ ਇਸ ਤਹਿਤ ਬੱਚਿਆਂ ਦੀ ਜ਼ਿੰਦਗੀ ਵਿੱਚ ਉੱਚ ਪੱਧਰ ਦਾ ਸੁਧਾਰ ਹੋਵੇਗਾ ਅਤੇ ਉਹ ਅੱਜ ਦੇ ਸਮੇਂ ਦੀ ਆਧੁਨਿਕ ਤਕਨੀਕਾ ਰਾਹੀ ਸਿੱਖਿਆ ਪ੍ਰਾਪਤ ਕਰ ਸਕਣਗੇ ਅਤੇ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣਗੇ।
ਸਤਵਿੰਦਰ ਸਿੰਘ ਸਾਚਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਸਿੱਖਿਆ ਦੇ ਖੇਤਰ ਵਿੱਚ ਇੱਕ ਇਤਿਹਾਸਿਕ ਸੁਧਾਰ ਕਰ ਰਹੀ ਹੈ ਉਹਨਾਂ ਕਿਹਾ ਕਿ ਉਹ ਇਸੇ ਸਕੂਲ ਵਿੱਚ ਪੜ੍ਹਦੇ ਸਨ ਪਰ ਉਸ ਵਕਤ ਇਸ ਸਕੂਲ ਦੇ ਸਿਰਫ 2 ਕਮਰੇ ਸਨ, ਪਰ ਅੱਜ ਸਰਕਾਰ ਨੇ ਸਕੂਲ ਦੇ ਵੱਖ-ਵੱਖ ਲੈਬਾਂ ਗਰਾਉਂਡ, ਆਧੁਨਿਕ ਕਲਾਸ ਰੂਮ ਨਵੀਆਂ ਇਮਾਰਤਾਂ ਬਣਾ ਦਿੱਤੀਆਂ ਹਨ ਜਿਸ ਲਈ ਉਹ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਨ
ਉਹਨਾਂ ਕਿਹਾ ਕਿ ਉਨਾਂ ਦੀ ਲੜਕੀ ਅਪਿੰਦਰਜੀਤ ਕੌਰ ਲੜਕੀਆਂ ਦੀ ਮਦਦ ਕਰਨ ਵਿੱਚ ਸਭ ਤੋਂ ਮੂਹਰੇ ਰਹਿੰਦੀ ਸੀ ਉਸ ਨੇ ਹਰ ਇੱਕ ਲੋੜਵੰਦ ਲੜਕੀ ਨੂੰ ਸਹੀ ਸੇਧ ਦਿੱਤੀ ਅਤੇ ਉਸ ਦੀ ਬਣਦੀ ਮਦਦ ਕੀਤੀ। ਉਸ ਦੀ ਜ਼ਿੰਦਗੀ ਨੌਜਵਾਨ ਲੜਕੀਆਂ ਨੂੰ ਸ਼ਕਤੀਕਰਨ ਅਤੇ ਸਿੱਖਿਅਤ ਕਰਨ ਲਈ ਪ੍ਰੇਰਿਤ ਕਰਦੀ ਹੈ।
ਇਸ ਮੌਕੇ ਮ੍ਰਿਤਕ ਅਪਿੰਦਰਜੀਤ ਕੌਰ ਦੇ ਪਤੀ ਪੀਟਰ ਕਵਿਕ ਨੇ ਸਿੱਖਿਆ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਅਪਿੰਦਰਜੀਤ ਕੌਰ ਪੰਜਾਬ ਨਾਲ ਜੁੜੀ ਹੋਈ ਸੀ ਉਸ ਦੇ ਸੁਭਾਅ, ਮੋਹ, ਪਿਆਰ ਅਤੇ ਮੱਦਦ ਕਰਨ ਦੀ ਭਾਵਨਾ ਤੋਂ ਪੰਜਾਬ ਦੀ ਕਦਰਾਂ-ਕੀਮਤਾਂ ਦੀ ਮਹਿਕ ਆਉਂਦੀ ਸੀ। ਜਿਸ ਲਈ ਉਹ ਖ਼ਾਸ ਤੌਰ ਉੱਤੇ ਪੰਜਾਬ ਆਏ ਹਨ ਅਤੇ ਪੰਜਾਬ ਸਰਕਾਰ ਵਲੋਂ ਸਿੱਖਿਆ ਦੇ ਵਿਕਾਸ ਲਈ ਕੀਤੇ ਜਾ ਰਹੇ ਉਪਰਾਲੇ ਸ਼ਲਾਘਾ ਯੋਗ ਹਨ।ਸਿੱਖਿਆ ਮੰਤਰੀ ਨੇ ਵਿੱਤੀ ਸਹਾਇਤਾ ਲਈ ਅਪਿੰਦਰਜੀਤ ਕੌਰ ਦੇ ਪਰਿਵਾਰ ਦਾ ਧੰਨਵਾਦ ਕੀਤਾ।