ਮੋਹਾਲੀ, 4 ਅਪ੍ਰੈਲ (ਖ਼ਬਰ ਖਾਸ ਬਿਊਰੋ)
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਫ਼ਰਵਰੀ ਮਹੀਨੇ ਵਿਚ ਕਰਵਾਈ ਗਈ ਅੱਠਵੀਂ ਕਲਾਸ ਦੀ ਸਾਲਾਨਾ ਪ੍ਰੀਖਿਆ 2025 ਦਾ ਨਤੀਜਾ ਅੱਜ ਬੋਰਡ ਦੀ ਵੈੱਬਸਾਈਟ ਉੱਤੇ ਜਾਰੀ ਕਰ ਦਿੱਤਾ ਗਿਆ ਹੈ। ਅੱਠਵੀਂ ਸ਼੍ਰੇਣੀ ਦੇ ਪ੍ਰੀਖਿਆਰਥੀ ਸਿੱਖਿਆ ਬੋਰਡ ਦੀ ਵੈੱਬਸਾਈਟ ਉਤੇ ਜਾ ਕੇ ਆਪਣਾ ਨਤੀਜਾ ਦੇਖ ਸਕਦੇ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਚੇਅਰਮੈਨ ਡਾ. ਅਮਰਪਾਲ ਸਿੰਘ ਜੀ ਦੀ ਯੋਗ ਅਗਵਾਈ ਹੇਠ ਮਿਤੀ 04.04.2025 ਨੂੰ ਅਕਾਦਮਿਕ ਸਾਲ 2024-2025 ਅੱਠਵੀਂ ਸ਼੍ਰੇਣੀ ਦਾ ਨਤੀਜਾ ਘੋਸ਼ਿਤ ਕੀਤਾ ਗਿਆ।
ਇਸ ਸਾਲ ਅੱਠਵੀਂ ਸ਼੍ਰੇਣੀ ਦੀ ਪ੍ਰੀਖਿਆ ਵਿਚ ਕੁੱਲ 10471 ਸਕੂਲਾਂ ਦੇ 290471 (ਦੋ ਲੱਖ ਨੱਬੇ ਹਜ਼ਾਰ ਚਾਰ ਸੌ ਇਕੱਤਰ) ਪ੍ਰੀਖਿਆਰਥੀ ਪ੍ਰੀਖਿਆ ਵਿਚ ਅਪੀਅਰ ਹੋਏ, ਜਿਨ੍ਹਾਂ ਵਿਚੋਂ 282627 (ਦੋ ਲੱਖ ਬਿਆਸੀ ਹਜ਼ਾਰ ਛੇ ਸੌ ਸਤਾਈ) ਪ੍ਰਮੋਟ ਹੋਏ ਅਤੇ ਇਸ ਨਤੀਜੇ ਦੀ ਪਾਸ ਪ੍ਰਤੀਸ਼ਤਤਾ 97.30 ਰਹੀ ਹੈ। ਐਲਾਨੇ ਨਤੀਜੇ ਅਨੁਸਾਰ ਪੁਨੀਤ ਵਰਮਾ ਪੁੱਤਰ ਅਸ਼ੋਕ ਵਰਮਾ/ ਨੀਤੂ ਵਰਮਾ, (ਰੋਲ ਨੰ. 8025370012) ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਏ-225, ਚੀਫ ਖਾਲਸਾ ਦੀਵਾਨ, ਮਾਡਲ ਟਾਊਨ, ਹੁਸ਼ਿਆਰਪੁਰ ਨੇ 100 ਪ੍ਰਤੀਸ਼ਤ ਅੰਕ ਪ੍ਰਾਪਤ ਕਰਦੇ ਹੋਏ ਪਹਿਲਾ ਸਥਾਨ ਹਾਸਲਾ ਕੀਤਾ।
ਜਦਕਿ ਨਵਜੋਤ ਕੌਰ ਪੁੱਤਰੀ ਕਰਨਜੀਤ ਸਿੰਘ/ ਵੀਰਪਾਲ ਕੌਰ (ਰੋਲ ਨੰ. 8025227565) ਸੰਤ ਮੋਹਨ ਦਾਸ ਮੈਮੋਰੀਅਲ ਸੀਨੀ. ਸੈਕੰ. ਸਕੂਲ, ਕੋਟ ਸੁੱਖੀਆ, ਫ਼ਰੀਦਕੋਟ ਨੇ 100 ਪ੍ਰਤੀਸ਼ਤ ਅੰਕ ਪ੍ਰਾਪਤ ਕਰਦੇ ਹੋਏ ਦੂਜਾ ਅਤੇ ਨਵਜੋਤ ਕੌਰ ਪੁੱਤਰੀ ਗੁਰਮੇਜ ਸਿੰਘ/ ਕੁਲਜੀਤ ਕੌਰ (ਰੋਲ ਨੰ. 8025111174) ਗੁਰੂ ਨਾਨਕ ਪਬਲਿਕ ਸੀਨੀ. ਸੈਕੰ. ਸਕੂਲ, ਚੰਨਣ ਕੇ (ਅੱਡਾ ਨਾਥ ਦੀ ਖੁਈ), ਅੰਮ੍ਰਿਤਸਰ ਨੇ 99.83 ਪ੍ਰਤੀਸ਼ਤ ਅੰਕ ਪ੍ਰਾਪਤ ਕਰਦੇ ਹੋਏ ਤੀਜਾ ਸਥਾਨ ਹਾਸਲ ਕੀਤਾ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਿਯਮਾਂ ਅਨੁਸਾਰ ਬਰਾਬਰ ਅੰਕ ਪ੍ਰਾਪਤ ਕਰਨ ਉਤੇ ਛੋਟੀ ਉਮਰ ਵਾਲੇ ਪ੍ਰੀਖਿਆਰਥੀਆਂ ਨੂੰ ਮੈਰਿਟ ਵਿਚ ਉੱਚ ਸਥਾਨ ਪ੍ਰਦਾਨ ਕੀਤਾ ਗਿਆ ਹੈ।
ਚੇਅਰਮੈਨ ਡਾ. ਅਮਰਪਾਲ ਸਿੰਘ ਜੀ ਨੇ ਨਤੀਜੇ ਬਾਰੇ ਗੱਲ ਕਰਦਿਆਂ ਦੱਸਿਆ ਕਿ ਇਸ ਵਾਰ ਬੋਰਡ ਪ੍ਰੀਖਿਆਵਾਂ ਨੂੰ ਪਹਿਲਾਂ ਨਾਲੋਂ ਵਧੇਰੇ ਸਖ਼ਤੀ ਅਤੇ ਪਾਰਦਰਸ਼ਤਾ ਨਾਲ ਆਯੋਜਿਤ ਕਰਵਾਇਆ ਗਿਆ ਹੈ ਅਤੇ ਭਵਿੱਖ ਵਿਚ ਹੋਣ ਵਾਲੀਆਂ ਬੋਰਡ ਪ੍ਰੀਖਿਆਵਾਂ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਪ੍ਰਸ਼ਨ ਪੱਤਰਾਂ ਦੀ ਗੁਣਵੱਤਾ ਵਧਾਉਣ ਦੇ ਨਾਲ-ਨਾਲ ਪਾਠਕ੍ਰਮ ਵਿਚ ਲੋੜੀਂਦੇ ਸੁਧਾਰ ਕਰਦੇ ਹੋਏ ਕਈ ਹੋਰ ਵੀ ਉਪਰਾਲੇ ਕੀਤੇ ਜਾਣਗੇ। ਪ੍ਰੀਖਿਆਰਥੀਆਂ ਦੇ ਪੂਰੇ ਵੇਰਵੇ ਅਤੇ ਨਤੀਜਾ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ www.pseb.ac.in ਅਤੇ www.indiaresults.com ਉਤੇ ਅਪਲੋਡ ਕਰ ਦਿੱਤਾ ਗਿਆ ਹੈ। ਜਿਹੜੇ ਪ੍ਰੀਖਿਆਰਥੀ ਇਸ ਪ੍ਰੀਖਿਆ ਵਿਚ ਪ੍ਰਮੋਟ ਨਹੀਂ ਹੋ ਸਕੇ, ਉਨ੍ਹਾਂ ਦੀ ਸਪਲੀਮੈਂਟਰੀ ਪ੍ਰੀਖਿਆ ਜੂਨ 2025 ਵਿਚ ਕੰਡਕਟ ਕਰਵਾਈ ਜਾਵੇਗੀ, ਜਿਸ ਲਈ ਸਬੰਧਿਤ ਵਿਦਿਆਰਥੀ ਵੱਖਰੇ ਤੌਰ ਉਤੇ ਫ਼ਾਰਮ ਭਰਨਗੇ।