ਝੂਠੇ ਇਲਜ਼ਾਮਾਂ ਤਹਿਤ ਸਾਊਦੀ ਅਰਬ ਦੀ ਜੇਲ ‘ਚ ਬੰਦ ਜਲੰਧਰ ਦੇ ਮਿੱਠੜਾ ਪਿੰਡ ਦੇ ਰਹਿਣ ਵਾਲੇ ਨਰੇਸ਼ ਕੁਮਾਰ ਨਾਮ ਦੇ ਵਿਅਕਤੀ ਨੇ ਅੱਜ ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਘਰ ਵਾਪਸੀ ਕੀਤੀ ਹੈ। ਛੁੱਟੀ ਮੰਗਣੀ ਕਿਸੇ ਵਿਅਕਤੀ ਨੂੰ ਇੰਨੀ ਮਹਿੰਗੀ ਪੈ ਸਕਦੀ ਹੈ ਇਹ ਕਦੇ ਵੀ ਕਿਸੇ ਨੇ ਸੋਚਿਆ ਤੱਕ ਨਹੀਂ ਹੋਵੇਗਾ।
ਵਾਪਸੀ ਦੀ ਹੱਡ ਬੀਤੀ ਸੁਣਾਉਂਦੇ ਹੋਏ ਪੀੜਿਤ ਨਰੇਸ਼ ਕੁਮਾਰ ਨੇ ਦੱਸਿਆ ਕਿ ਉਹ 2014 ’ਚ ਸਾਊਦੀ ਅਰਬ ਚੰਗੇ ਭਵਿੱਖ ਦੀ ਭਾਲ ਅਤੇ ਆਪਣੇ ਪਰਿਵਾਰ ਨੂੰ ਚੰਗਾ ਪਾਲਣ ਪੋਸ਼ਣ ਦੇਣ ਦਾ ਸੁਪਨਾ ਲੈ ਕੇ ਗਿਆ ਸੀ। ਕੁਝ ਸਾਲਾਂ ਬਾਅਦ ਉਸ ਦੀ ਕੰਪਨੀ ਬੰਦ ਹੋ ਗਈ ਅਤੇ ਉਸਨੂੰ ਕਿਸੇ ਹੋਰ ਕੰਪਨੀ ’ਚ ਕੰਮ ਕਰਨਾ ਪਿਆ। ਜਿਸ ਨਵੀਂ ਕੰਪਨੀ ’ਚ ਕੰਮ ਉਹ ਕਰਦਾ ਸੀ ਉਸ ਕੰਪਨੀ ਤੋਂ ਛੁੱਟੀ ਮੰਗਣ ਤੇ ਪਹਿਲਾਂ ਤਾਂ ਕੰਪਨੀ ਦੇ ਵੱਲੋਂ ਛੁੱਟੀ ਦੇਣ ਸੰਬੰਧੀ ਸਾਫ਼ ਇਨਕਾਰ ਕਰ ਦਿੱਤਾ ਗਿਆ ਅਤੇ ਇਹ ਕਹਿਕੇ ਗੱਲ ਹਰ ਵਾਰ ਟਾਲ ਦਿੱਤੀ ਜਾਂਦੀ ਕਿ ਅਜੇ ਸਬਰ ਕਰੋ। ਪਰ ਹਰ ਵਾਰ ਛੁੱਟੀ ਮੰਗਣ ’ਤੇ ਵਿਅਕਤੀ ਹੱਥ ਨਿਰਾਸ਼ਾ ਹੀ ਲਗਦੀ।
ਕੁਝ ਦਿਨਾਂ ਦੇ ਸਬਰ ਮਗਰੋਂ ਜਦ ਨਰੇਸ਼ ਨੇ ਇਸ ਗੱਲ ਦਾ ਵਿਰੌਧ ਕੀਤਾ ਤਾਂ ਕੰਪਨੀ ਦੇ ਇਕ ਅਧਿਕਾਰੀ ਵੱਲੋਂ ਉਸਨੂੰ ਓਥੋਂ ਦੇ ਪੁਲਿਸ ਥਾਣੇ ਲਿਜਾਕੇ ਚੋਰੀ ਦੇ ਝੂਠੇ ਇਲਜ਼ਾਮਾਂ ਤਹਿਤ ਫ਼ਸਾ ਦਿੱਤਾ ਗਿਆ ਤੇ ਜਿੱਥੇ ਉਸ ਨੂੰ ਕਰੀਬ ਚਾਰ ਮਹੀਨੇ ਥਾਣੇ ’ਚ ਰਹਿਣਾ ਪਿਆ ਤੇ ਮਗਰੋਂ ਉਸ ਨੂੰ ਜੇਲ ਭੇਜ ਦਿੱਤਾ ਗਿਆ। ਕਰੀਬ ਇਕ ਸਾਲ ਥਾਣੇ ਅਤੇ ਜੇਲ ’ਚ ਬੰਦ ਰਹਿਣ ਮਗਰੋਂ ਹਰ ਵਾਰ ਦੀ ਤਰ੍ਹਾਂ ਪਰਵਾਸੀ ਨੌਜਵਾਨਾਂ ਲਈ ਮਸੀਹਾ ਬਣੇ MP ਸੰਤ ਸੀਚੇਵਾਲ ਨੇ ਇਸ ਵਾਰ ਵੀ ਇਸ ਨੌਜਵਾਨ ਦੀ ਮਦਦ ਕੀਤੀ ਤੇ ਘਰ ਵਾਪਸੀ ਕਰਵਾਈ। ਘਰ ਵਾਪਸੀ ਕਰਨ ਮਗਰੋਂ ਨੌਜਵਾਨ ਨੇ ਜਿੱਥੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ, ਉੱਥੇ ਹੀ MP ਸੰਤ ਸੀਚੇਵਾਲ ਜੀ ਦਾ ਧੰਨਵਾਦ ਵੀ ਕੀਤਾ ਕਿ ਉਹਨਾਂ ਨੇ ਅਜਿਹੇ ਸਮੇਂ ’ਚ ਉਹਨਾਂ ਦੇ ਪਰਿਵਾਰ ਤੇ ਉਹਨਾਂ ਨਾਲ ਕੰਧ ਬਣ ਖੜ੍ਹੇ ਰਹੇ ਤੇ ਕਿਸੇ ਵੀ ਸਥਿਤੀ ’ਚ ਡੋਲਣ ਨਹੀਂ ਦਿੱਤਾ।
ਇਸ ਦੌਰਾਨ ਸੰਤ ਸੀਚੇਵਾਲ ਨੇ ਕਿਹਾ ਕਿ ਬਹੁਤ ਸਾਰੇ ਨੌਜਵਾਨ ਅੱਖਾਂ ’ਚ ਬਿਹਤਰ ਭਵਿੱਖ ਦਾ ਸੁਪਨਾ ਲੈਕੇ ਵਿਦੇਸ਼ ਤਾਂ ਚਲੇ ਜਾਂਦੇ ਹਨ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਸਹੀ ਤਰੀਕੇ ਨਾਲ ਜਾ ਰਹੇ ਹਨ ਜਾਂ ਗ਼ਲਤ, ਪਰ ਹਮੇਸ਼ਾ ਇਸ ਗੱਲ ਦਾ ਧਿਆਨ ਰੱਖਣਾ ਬੇਹੱਦ ਲਾਜ਼ਮੀ ਹੈ ਕਿ ਉਹਨਾਂ ਦੇ ਨਾਲ ਉਹਨਾਂ ਦੇ ਪਰਿਵਾਰਾਂ ਦੀਆਂ ਵੀ ਜ਼ਿੰਦਗੀਆਂ ਜੁੜੀਆਂ ਹੁੰਦੀਆਂ ਹਨ, ਜੌ ਸਿਰਫ਼ ਇਸ ਆਸ ’ਤੇ ਜਿਊਂਦੇ ਹੁੰਦੇ ਹਨ ਕਿ ਉਨ੍ਹਾਂ ਦੇ ਪਰਿਵਾਰ ਦਾ ਜੌ ਵੀ ਜੀਅ ਵਿਦੇਸ਼ ਗਿਆ ਹੋਵੇ ਉਹ ਹਮੇਸ਼ਾ ਸੁਰੱਖਿਅਤ ਹੋਵੇ ਤੇ ਖੁਸ਼ਹਾਲ ਜ਼ਿੰਦਗੀ ਬਤੀਤ ਕਰੇ। ਉਨ੍ਹਾਂ ਨੇ ਕਿਹਾ ਕਿ ਨੌਜਵਾਨ ਅਗਰ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਇੱਕ ਸਹੀ ਰਾਹ ਅਤੇ ਇੱਕ ਸਹੀ ਦਿਸ਼ਾ ਹੋਣੀ ਬਹੁਤ ਜ਼ਰੂਰੀ ਹੈ ਤਾਂ ਹੀ ਅਸੀਂ ਆਪਣੇ ਸਮੇਤ ਆਪਣੇ ਪਰਿਵਾਰਾਂ ਨੂੰ ਇੱਕ ਖੁਸ਼ਹਾਲ ਜ਼ਿੰਦਗੀ ਦੇ ਸਕਦੇ ਹਾਂ।