ਦੇਸ਼, 23 ਮਾਰਚ (ਖਬ਼ਰ ਖਾਸ ਬਿਊਰੋ) :
ਸਥਾਨਕ ਸੇਕਰਡ ਹਾਰਟ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੇਰੈਂਟਸ ਓਰੀਐਂਟੇਸ਼ਨ ਡੇਅ ਮਨਾਇਆ ਗਿਆ। ਇਸ ਪ੍ਰੋਗਰਾਮ ਤਹਿਤ ਸਕੂਲ ਵਿੱਚ ਦਾਖ਼ਲ ਹੋਣ ਵਾਲੇ ਨਵੇਂ ਬੱਚਿਆਂ ਦੇ ਮਾਪਿਆਂ ਨੂੰ ਸਕੂਲ ਦੀਆਂ ਪ੍ਰਾਪਤੀਆਂ ਤੇ ਖੂਬੀਆਂ ਤੋਂ ਜਾਣੂ ਕਰਵਾਇਆ ਗਿਆ। ਡਾਇਰੈਕਟਰ ਸਿਸਟਰ ਸੋਬਲ ਨੇ ਇਨ੍ਹਾਂ ਮਾਪਿਆਂ ਨੂੰ ਜੀ ਆਇਆਂ ਕਿਹਾ। ਉਨ੍ਹਾਂ ਹਾਜ਼ਰ ਮਾਪਿਆਂ ਨੂੰ ਕਾਨਵੈਂਟ ਦੇ ਅਰਥ ਦੱਸੇ ਅਤੇ ਇਹ ਵੀ ਦੱਸਿਆ ਕਿ ਜਦੋਂ ਤੋਂ ਇਹ ਸਕੂਲ ਖੁੱਲ੍ਹਿਆ ਉਦੋਂ ਤੋਂ ਹੁਣ ਤਕ ਇਸ ਸਕੂਲ ਦੇ ਪੜ੍ਹੇ ਬੱਚੇ ਚੰਗੇ ਅਹੁਦਿਆਂ ‘ਤੇ ਪਹੁੰਚੇ ਸਨ ਅਤੇ ਜ਼ਿੰਦਗੀ ਵਿੱਚ ਸੈਟਲ ਹੋਏ ਹਨ। ਕੇਜੀ ਵਿੰਗ ਦੀ ਕੋਆਰਡੀਨੇਟਰ ਚਰਨਜੀਤ ਕੌਰ ਨੇ ਸਕੂਲ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਇਆ। ਮੈਡਮ ਗੁਰਪ੍ਰੀਤ ਕੌਰ ਨੇ ਇਨ੍ਹਾਂ ਮਾਪਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਪੇ ਹੀ ਬੱਚਿਆਂ ਦੇ ਪਹਿਲੇ ਅਧਿਆਪਕ ਹੁੰਦੇ ਹਨ ਜਦਕਿ ਉਸ ਤੋਂ ਬਾਅਦ ਜਦੋਂ ਬੱਚੇ ਸਕੂਲ ਵਿੱਚ ਦਾਖ਼ਲ ਹੁੰਦੇ ਹਨ ਤਾਂ ਅਧਿਆਪਕ ਮਾਪਿਆਂ ਦੀ ਸਿੱਖਿਆ ਨੂੰ ਹੀ ਬਿਹਤਰ ਢੰਗ ਨਾਲ ਅੱਗੇ ਵਧਾਉਂਦੇ ਹਨ। ਇਸ ਮੌਕੇ ਪਹੁੰਚੇ ਹੋਏ ਬੱਚਿਆਂ ਦੇ ਮਾਪੇ ਕਾਫੀ ਖੁਸ਼ ਨਜ਼ਰ ਆਏ।