ਕਰਨਲ ਕੁੱਟਮਾਰ ਮਾਮਲਾ: ਕਰਨਲ ਤੇ ਉਸ ਦੀ ਪਤਨੀ ਵੱਲੋਂ ਸੀਬੀਆਈ ਜਾਂਚ ਦੀ ਮੰਗ

ਚੰਡੀਗੜ੍ਹ, 21 ਮਾਰਚ (ਖਬ਼ਰ ਖਾਸ ਬਿਊਰੋ)  :

ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਪਤਨੀ ਜਸਵਿੰਦਰ ਕੌਰ ਬਾਠ ਨੇ ਆਪਣੇ ਪਤੀ ਤੇ ਪੁੱਤਰ ਦੀ ਪੰਜਾਬ ਪੁਲੀਸ ਦੇ ਕੁਝ ਅਧਿਕਾਰੀਆਂ ਵੱਲੋਂ ਕੀਤੀ ਗਈ ਕੁੱਟਮਾਰ ਮਾਮਲੇ ਦੀ ਸੀਬੀਆਈ ਜਾਂਚ ਦੀ ਆਪਣੀ ਮੰਗ ਦੁਹਰਾਈ ਹੈ। ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਸਵਿੰਦਰ ਕੌਰ ਬਾਠ ਨੇ ਪੰਜਾਬ ਪੁਲੀਸ ਦੇ 12 ਪੁਲੀਸ ਅਧਿਕਾਰੀਆਂ ’ਤੇ ਆਪਣੇ ਪਤੀ ਤੇ ਪੁੱਤਰ (ਅੰਗਦ ਬਾਠ) ਦੀ ਕੁੱਟਮਾਰ ਕਰਨ ਦਾ ਦੋਸ਼ ਲਾਇਆ। ਬਾਠ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਪਤੀ ਦੀ ਸ਼ਿਕਾਇਤ ਉੱਤੇ ਭਾਰਤੀ ਨਿਆਂਏ ਸੰਹਿਤਾ ਦੀਆਂ ਵੱਖ ਵੱਖ ਵਿਵਸਥਾਵਾਂ ਤਹਿਤ ਐੱਫਆਈਆਰ ਦਰਜ ਕਰਕੇ 12 ਪੁਲੀਸ ਅਧਿਕਾਰੀਆਂ ਨੂੰ ਨਾਮਜ਼ਦ ਤੇ ਸਾਰੇ ਮੁਲਜ਼ਮਾਂ ਨੂੰ ਫੌਰੀ ਪਟਿਆਲਾ ਤੋਂ ਬਾਹਰ ਤਬਦੀਲ ਕੀਤਾ ਜਾਵੇ।

ਹੋਰ ਪੜ੍ਹੋ 👉  ਮੀਡੀਆ ਦੀ ਚੁਣੌਤੀਆਂ ਅਤੇ ਪੱਤਰਕਾਰਾਂ ਦੀਆਂ ਮੰਗਾਂ ਬਾਰੇ ਜਾਗਰੂਕਤਾ ਮੁਹਿੰਮ ਚਲਾਉਣ ਦਾ ਫ਼ੈਸਲਾ

ਬਾਠ ਨੇ ਦੋਸ਼ ਲਾਇਆ ਕਿ ਪਟਿਆਲਾ ਦੇ ਐੱਸਐੱਸਪੀ ਨਾਨਕ ਸਿੰਘ ਨੇ ਵੀ ਇਸ ਮਾਮਲੇ ’ਚ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ, ‘‘ਐੱਸਐੱਸਪੀ ਨਾਨਕ ਸਿੰਘ ਨੂੰ ਸਹਿਯੋਗ ਨਾ ਦੇਣ ਬਦਲੇ ਪਟਿਆਲਾ ਤੋਂ ਬਾਹਰ ਤਬਦੀਲ ਕੀਤਾ ਜਾਵੇ। ਕਿਉਂਕਿ ਪਰਿਵਾਰ ਨੇ ਉਨ੍ਹਾਂ ਨੂੰ ਕਈ ਵਾਰ ਐੱਫਆਈਆਰ ਦਰਜ ਕਰਨ ਦੀ ਗੁਜ਼ਾਰਿਸ਼  ਕੀਤੀ, ਪਰ ਉਹ ਝੂਠੇ ਲਾਰੇ ਲਾਉਂਦੇ ਰਹੇ ਜਿਸ ਕਰਕੇ ਪਰਿਵਾਰ ਨੂੰ ਪ੍ਰੇਸ਼ਾਨੀ ਝੱਲਣੀ ਪਈ।’’ ਐੱਸਐੱਸਪੀ ਨਾਨਕ ਸਿੰਘ ਦਾ ਪੱਖ ਜਾਣਨ ਲਈ ਫੋਨ ਕਰਨ ਦੇ ਬਾਵਜੂਦ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।

ਬਾਠ ਨੇ ਕਿਹਾ ਕਿ ਐੱਫਆਈਆਰ ਉਨ੍ਹਾਂ ਦੇ ਪਤੀ ਦੇ ਬਿਆਨਾਂ ਉੱਤੇ ਨਹੀਂ ਬਲਕਿ ਢਾਬਾ ਮਾਲਕ ਦੇ ਬਿਆਨਾਂ ’ਤੇ ਦਰਜ ਕੀਤੀ ਗਈ ਸੀ। ਉਨ੍ਹਾਂ ਕਿਹਾ, ‘‘ਪਿਛਲੇ ਸੱਤ ਦਿਨਾਂ ਤੋਂ ਅਸੀਂ ਇਨਸਾਫ਼ ਲਈ ਦਰ ਦਰ ਭਟਕ ਰਹੇ ਹਾਂ। ਮੇਰਾ ਪਤੀ ਵਰਦੀਧਾਰੀ ਵਿਅਕਤੀ ਹੈ। ਅਸੀਂ ਫੌਜ ਦੇ ਪਰਿਵਾਰ ਦਾ ਹਿੱਸਾ ਹਾਂ।’’ ਕਰਨਲ ਪੁਸ਼ਪਿੰਦਰ ਸਿੰਘ ਇਸ ਵੇਲੇ ਨਵੀਂ ਦਿੱਲੀ ਦੇ ਆਰਮੀ ਹੈੱਡਕੁਆਰਟਰ ਵਿੱਚ ਤਾਇਨਾਤ ਹਨ। ਬਾਠ ਨੇ ਕਥਿਤ ਹਮਲੇ ਵਾਲੇ ਦਿਨ ਦੀਆਂ ਤਸਵੀਰਾਂ ਵੀ ਦਿਖਾਈਆਂ, ਜਿਸ ਵਿੱਚ ਉਸ ਦੇ ਪਤੀ ਨੂੰ ਸੱਟਾਂ ਲੱਗੀਆਂ ਹੋਈਆਂ ਸਨ ਅਤੇ ਉਸ ਦੇ ਪੁੱਤਰ ਦੇ ਚਿਹਰੇ ਤੋਂ ਖੂਨ ਵਗ ਰਿਹਾ ਸੀ। ਬਾਠ ਨੇ ਇੱਕ ਵੀਡੀਓ ਕਾਲ ਰਿਕਾਰਡ ਕਰਨ ਦਾ ਵੀ ਦਾਅਵਾ ਕੀਤਾ ਜਿਸ ਵਿੱਚ ਇੱਕ ਪੁਲੀਸ ਅਧਿਕਾਰੀ ਨੇ ਹਮਲੇ ਦੀ ਗੱਲ ਕਬੂਲ ਕੀਤੀ ਹੈ।

ਹੋਰ ਪੜ੍ਹੋ 👉  ਮੁੱਖ ਮੰਤਰੀ ਨੇ ਭਾਈ ਕਨ੍ਹਈਆ ਜੀ ਦਾ ਇਤਿਹਾਸਿਕ ਹਵਾਲਾ ਗ਼ਲਤ ਸੰਦਰਭ ਵਿੱਚ ਦਿੱਤਾ- ਪਰਗਟ ਸਿੰਘ

ਇਸ ਤੋਂ ਪਹਿਲਾਂ ਲੰਘੇ ਦਿਨ ਕਰਨਲ ਦੇ ਪਰਿਵਾਰ ਨੇ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰਕੇ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ। ਪਰਿਵਾਰ ਨੇ ਪੰਜਾਬ ਸਰਕਾਰ ਵੱਲੋਂ ਦਿੱਤੇ ਨਿਆਂਇਕ ਜਾਂਚ ਦੇ ਹੁਕਮਾਂ ਨੂੰ ਵੀ ਰੱਦ ਕਰ ਦਿੱਤਾ। ਉੁਧਰ ਪੰਜਾਬ ਪੁਲੀਸ ਨੇ ਸੋਮਵਾਰ ਨੂੰ 12 ਅਧਿਕਾਰੀਆਂ ਨੂੰ ਮੁਅੱਤਲ ਕਰਕੇ ਉਨ੍ਹਾਂ ਖਿਲਾਫ਼ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਸੀ।

Leave a Reply

Your email address will not be published. Required fields are marked *