ਅੰਮ੍ਰਿਤਸਰ, 19 ਮਾਰਚ (ਖਬ਼ਰ ਖਾਸ ਬਿਊਰੋ)
ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਲਈ ਲੈ ਕੇ ਗਈ ਪੁਲੀਸ ਪਾਰਟੀ ਉਤੇ ਮੁਲਜ਼ਮ ਵੱਲੋਂ ਪੁਲੀਸ ਕਰਮਚਾਰੀ ਦੀ ਕਾਰਬਾਈਨ ਖੋਹ ਕੇ ਤਾਣੇ ਜਾਣ ਅਤੇ ਪੁਲੀਸ ਵੱਲੋਂ ਆਤਮ ਰੱਖਿਆ ਵਿੱਚ ਚਲਾਈ ਗਈ ਗੋਲੀ ਨਾਲ ਮੁਲਜ਼ਮ ਜ਼ਖ਼ਮੀ ਹੋ ਗਿਆ। ਜ਼ਖ਼ਮੀ ਹੋਏ ਮੁਲਜ਼ਮ ਦੀ ਸ਼ਨਾਖਤ ਧਰਮਿੰਦਰ ਸਿੰਘ ਉਰਫ ਸੋਨੂ ਵਜੋਂ ਦੱਸੀ ਗਈ ਹੈ। ਮੁਲਜ਼ਮ ਨੂੰ ਬੀਤੇ ਕੱਲ੍ਹ ਅੱਠ ਕਿਲੋ ਹੈਰੋਇਨ ਅਤੇ ਇੱਕ ਪਿਸਤੌਲ ਸਮੇਤ ਕਾਬੂ ਕੀਤਾ ਸੀ।

ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਜੋ ਮੌਕੇ ’ਤੇ ਜਾਇਜ਼ਾ ਲੈਣ ਪੁੱਜੇ ਸਨ, ਨੇ ਕਿਹਾ ਕਿ ਪੁੱਛਗਿਛ ਦੌਰਾਨ ਮੁਲਜ਼ਮ ਨੇ ਖੁਲਾਸਾ ਕੀਤਾ ਸੀ ਕਿ ਉਸ ਵੱਲੋਂ ਨਸ਼ੀਲੇ ਪਦਾਰਥਾਂ ਦੀ ਇੱਕ ਖੇਪ ਅਤੇ ਹਥਿਆਰ ਲੁਕਾ ਕੇ ਰੱਖੇ ਹੋਏ ਹਨ। ਇਨ੍ਹਾਂ ਦੀ ਬਰਾਮਦਗੀ ਵਾਸਤੇ ਪੁਲੀਸ ਅੱਜ ਉਸ ਨੂੰ ਲੈ ਕੇ ਗਈ ਸੀ।
ਉਸ ਦੀ ਨਿਸ਼ਾਨਦੇਹੀ ’ਤੇ ਜਦੋਂ ਪੁਲੀਸ ਪਾਰਟੀ ਵੱਲੋਂ ਉਸ ਸਥਾਨ ਨੂੰ ਪੁੱਟਿਆ ਜਾ ਰਿਹਾ ਸੀ ਤਾਂ ਇਸ ਦੌਰਾਨ ਮੁਲਜ਼ਮ ਨੇ ਇੱਕ ਪੁਲੀਸ ਕਰਮਚਾਰੀ ਦੀ ਕਾਰਬਾਈਨ ਖੋਹ ਕੇ ਪੁਲੀਸ ’ਤੇ ਤਾਣ ਦਿੱਤੀ। ਉਨ੍ਹਾਂ ਦੱਸਿਆ ਕਿ ਚਿਤਾਵਨੀ ਦੇਣ ਲਈ ਪੁਲੀਸ ਅਧਿਕਾਰੀ ਨੇ ਹਵਾ ਵਿੱਚ ਫਾਇਰ ਵੀ ਕੀਤਾ ਪਰ ਉਸਨੇ ਆਤਮ ਸਮਰਪਣ ਨਹੀਂ ਕੀਤਾ। ਇਸ ’ਤੇ ਪੁਲੀਸ ਪਾਰਟੀ ਨੇ ਆਤਮ ਰੱਖਿਆ ਲਈ ਉਸ ’ਤੇ ਗੋਲੀ ਚਲਾਈ ਅਤੇ ਉਹ ਜ਼ਖ਼ਮੀ ਹੋ ਗਿਆ।
ਉਨ੍ਹਾਂ ਦਾ ਦੱਸਿਆ ਕਿ ਜ਼ਖ਼ਮੀ ਹੋਏ ਮੁਲਜ਼ਮ ਨੂੰ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਠੀਕ ਹੋਣ ਮਗਰੋਂ ਮੁੜ ਪੁੱਛਗਿਛ ਵਾਸਤੇ ਪੁਲੀਸ ਰਿਮਾਂਡ ’ਤੇ ਲਿਆਂਦਾ ਜਾਵੇਗਾ ਅਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।