ਪੀ ਟੀ ਆਈ ਅਤੇ ਆਰਟ ਐਂਡ ਕਰਾਫਟ ਅਧਿਆਪਕਾਂ ਦੀ ਤਨਖਾਹ ਕਟੌਤੀ ਦੀ ਡੀ ਟੀ ਐੱਫ ਵੱਲੋਂ ਨਿਖੇਧੀ
ਚੰਡੀਗੜ੍ਹ, 19 ਮਾਰਚ (ਖਬ਼ਰ ਖਾਸ ਬਿਊਰੋ)
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਵੱਲੋਂ ਪੰਜਾਬ ਸਰਕਾਰ ਦੁਆਰਾ ਪੀਟੀਆਈ, ਆਰਟ ਕਰਾਫਟ ਅਧਿਆਪਕਾਂ ਦੇ ਤਨਖਾਹ ਗਰੇਡ ਘਟਾਉਣ ਅਤੇ ਉਨ੍ਹਾਂ ਦੀਆਂ ਤਨਖਾਹਾਂ ਰੀਫਿਕਸ ਕਰਨ ਦੇ ਫੈਸਲੇ ਦੀ ਨਿਖੇਧੀ ਕਰਦਿਆਂ ਇਸ ਸਬੰਧੀ 08 ਨਵੰਬਰ 2024 ਨੂੰ ਜਾਰੀ ਪੱਤਰ ਵਾਪਸ ਲੈਣ ਦੀ ਮੰਗ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਆਗੂਆਂ ਨੇ ਦੱਸਿਆ ਕਿ ਸਿੱਖਿਆ ਵਿਭਾਗ (ਡੀ ਐਸ ਈ ਸੈਕੰਡਰੀ) ਵੱਲੋਂ ਪੀਟੀਆਈ ਅਧਿਆਪਕ ਅਤੇ ਆਰਟ ਐਂਡ ਕਰਾਫਟ ਅਧਿਆਪਕਾਂ ਦੀ ਤਨਖਾਹ 4400 ਗ੍ਰੇਡ ਪੇ ਤੋਂ ਘਟਾ ਕੇ 3200 ਗ੍ਰੇਡ ਪੇ ਨਾਲ ਰੀਫਿਕਸ ਕਰਨ ਸਬੰਧੀ ਵਿੱਤ ਵਿਭਾਗ ਦੇ ਹਵਾਲੇ ਰਾਹੀਂ 13 ਮਾਰਚ 2024 ਨੂੰ ਉਕਤ ਮਾਰੂ ਪੱਤਰ ਦੁਬਾਰਾ ਜਾਰੀ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਅਧਿਆਪਕਾਂ ਦੀ ਨਿੱਜੀ ਸੁਣਵਾਈ ਕਰਦਿਆਂ ਤਨਖਾਹਾਂ ਰੀਫਿਕਸ ਕਰਕੇ ਇੱਕ ਹਫਤੇ ਦੇ ਅੰਦਰ ਅੰਦਰ ਰਿਪੋਰਟ ਕਰਨ ਦੇ ਹੁਕਮ ਦਿੱਤੇ ਹਨ।
ਉਹਨਾ ਦੱਸਿਆ ਕਿ ਡੀ ਟੀ ਐੱਫ ਵੱਲੋਂ ਦਸੰਬਰ ਮਹੀਨੇ ਵਿੱਚ ਸੁਨਾਮ ਵਿਖੇ ਅਮਨ ਅਰੋੜਾ ਦੀ ਰਿਹਾਇਸ਼ ਮੂਹਰੇ ਰੋਸ ਪ੍ਰਦਰਸ਼ਨ ਕਰਨ ਉਪਰੰਤ ਉਨ੍ਹਾਂ ਨਾਲ ਹੋਈ ਮੀਟਿੰਗ ਅਤੇ ਕੈਬਨਿਟ ਸਬ ਕਮੇਟੀ ਦੀ ਹੋਈ ਮੀਟਿੰਗ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਤਨਖਾਹ ਕਟੌਤੀ ਵਾਲੇ ਪੱਤਰ ਨੂੰ ਵਾਪਸ ਲੈਣ ਦਾ ਭਰੋਸਾ ਦਵਾਇਆ ਗਿਆ ਸੀ ਪਰ ਹੁਣ ਫਿਰ ਤੋਂ ਉਸੇ ਪੱਤਰ ਦੇ ਹਵਾਲੇ ਨਾਲ ਅਧਿਆਪਕਾਂ ਦੀਆਂ ਤਨਖ਼ਾਹਾਂ ਰੀਫਿਕਸ ਕਰਦਿਆਂ ਇੱਕ ਤਰੀਕੇ ਨਾਲ ਤਨਖਾਹ ਕਟੌਤੀ ਕੀਤੀ ਜਾ ਰਹੀ ਹੈ ਜੋ ਕਿ ਸਰਕਾਰ ਦੇ ਸੱਤਾ ਸੰਭਾਲਣ ਤੋਂ ਪਹਿਲਾਂ ਦਿੱਤੀਆਂ ਗਰੰਟੀਆਂ ਅਤੇ ਸਰਕਾਰ ਬਣਨ ਤੋਂ ਬਾਅਦ ਕੀਤੇ ਦਾਅਵਿਆਂ ਦੇ ਬਿਲਕੁਲ ਉਲਟ ਹੈ।
ਡੀ ਟੀ ਐੱਫ ਦੇ ਆਗੂਆਂ ਨੇ ਮੰਗ ਕੀਤੀ ਕਿ ਪੀ ਟੀ ਆਈ ਅਤੇ ਡਰਾਇੰਗ ਅਧਿਆਪਕਾਂ ਦਾ ਤਨਖਾਹ ਕਟੌਤੀ ਦਾ ਪੱਤਰ ਵਾਪਸ ਲਿਆ ਜਾਵੇ, ਪੀਟੀਆਈ, ਖੇਤੀਬਾੜੀ ਟੀਚਰ, ਸਲਾਈ ਟੀਚਰ, ਸੰਗੀਤ ਟੀਚਰ ਅਤੇ ਤਬਲਾ ਪਲੇਅਰ ਟੀਚਰਾਂ ਦੀਆਂ ਅਸਾਮੀਆਂ ਨੂੰ ਡਾਇੰਗ ਕਾਡਰ ਵਿੱਚ ਪਾਉਣ ਦਾ ਗੈਰ ਵਾਜਬ ਫੈਸਲਾ ਵਾਪਸ ਲਿਆ ਜਾਵੇ, ਇਹਨਾਂ ਕਾਡਰਾਂ ਦੀਆਂ ਪੁਰਾਣੀਆਂ ਪੋਸਟਾਂ ਬਹਾਲ ਕਰਕੇ ਲੋੜ ਅਨੁਸਾਰ ਸਾਰੇ ਸਕੂਲਾਂ ਵਿੱਚ ਨਵੀਆਂ ਅਸਾਮੀਆਂ ਦਿੱਤੀਆਂ ਜਾਣ।