ਪਟਨਾ, 19 ਮਾਰਚ (ਖਬ਼ਰ ਖਾਸ ਬਿਊਰੋ)
ਨੌਕਰੀ ਲਈ ਜ਼ਮੀਨ ਘੁਟਾਲੇ ਦੀ ਜਾਂਚ ਦੇ ਸਬੰਧ ਵਿੱਚ ਤਲਬ ਕੀਤੇ ਜਾਣ ਤੋਂ ਬਾਅਦ ਆਰਜੇਡੀ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਬੁੱਧਵਾਰ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ED) ਸਾਹਮਣੇ ਪੇਸ਼ ਹੋਏ। ਇਸ ਦੌਰਾਨ ਵੱਡੀ ਗਿਣਤੀ ਵਿੱਚ ਆਰਜੇਡੀ ਵਰਕਰ ਇੱਥੇ ਕੇਂਦਰੀ ਏਜੰਸੀ ਦੇ ਬੈਂਕ ਰੋਡ ਦਫ਼ਤਰ ਵੱਲ ਜਾਣ ਵਾਲੀ ਸੜਕ ’ਤੇ ਇਕੱਠੇ ਹੋਏ ਅਤੇ ਲਾਲੂ ਦੇ ਹੱਕ ਵਿਚ ਨਾਅਰੇਬਾਜ਼ੀ ਕੀਤੀ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਯਾਦਵ ਦੀ ਪਤਨੀ ਰਾਬੜੀ ਦੇਵੀ ਅਤੇ ਵੱਡੇ ਪੁੱਤਰ ਤੇਜ ਪ੍ਰਤਾਪ ਯਾਦਵ ਤੋਂ ਏਜੰਸੀ ਨੇ ਲਗਭਗ ਚਾਰ ਘੰਟੇ ਪੁੱਛਗਿੱਛ ਕੀਤੀ।
ਇਸ ਦੌਰਾਨ ਲਾਲੂ ਯਾਦਵ ਦੇ ਛੋਟੇ ਪੁੱਤਰ ਅਤੇ ਸਿਆਸੀ ਵਾਰਸ ਤੇਜਸਵੀ ਯਾਦਵ ਨੇ ਕਿਹਾ, ‘‘ਸਾਨੂੰ ਜਿੰਨਾ ਜ਼ਿਆਦਾ ਪ੍ਰੇਸ਼ਾਨ ਕੀਤਾ ਜਾਵੇਗਾ, ਅਸੀਂ ਉਂਨੇ ਹੀ ਮਜ਼ਬੂਤ ਹੋਵਾਂਗੇ। ਬੇਸ਼ੱਕ, ਇਹ ਮਾਮਲਾ ਰਾਜਨੀਤਿਕ ਤੌਰ ’ਤੇ ਪ੍ਰੇਰਿਤ ਹੈ। ਜੇ ਮੈਂ ਰਾਜਨੀਤੀ ਵਿੱਚ ਨਾ ਹੁੰਦਾ, ਤਾਂ ਮੈਨੂੰ ਇਸ ਵਿੱਚ ਨਾ ਘੜੀਸਿਆ ਜਾਂਦਾ। ਮੈਂ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਭਵਿੱਖਬਾਣੀ ਕੀਤੀ ਸੀ ਕਿ ਹੁਣ ਏਜੰਸੀਆਂ ਬਿਹਾਰ ਵੱਲ ਆਪਣੀ ਨਜ਼ਰ ਮੋੜਨਗੀਆਂ।’’
ਜ਼ਿਕਰਯੋਗ ਹੈ ਕਿ ਨੌਕਰੀਆਂ ਬਦਲੇ ਜ਼ਮੀਨ ਘੁਟਾਲਾ ਉਸ ਸਮੇਂ ਦਾ ਹੈ, ਜਦੋਂ ਆਰਜੇਡੀ ਸੁਪਰੀਮੋ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਦੇ ਪਹਿਲੇ ਕਾਰਜਕਾਲ ਵਿੱਚ ਰੇਲ ਮੰਤਰੀ ਸਨ।