ਧਰਮਕੋਟ, 17 ਮਾਰਚ (ਖਬ਼ਰ ਖਾਸ ਬਿਊਰੋ)
ਪੁਲੀਸ ਨੇ ਥਾਣਾ ਮਹਿਣਾ ਅਧੀਨ ਆਉਂਦੇ ਇੱਕ ਪਿੰਡ ਨੇੜੇ ਮੁਕਾਬਲੇ ਮਗਰੋਂ ਬੰਬੀਹਾ ਗਰੋਹ ਦੇ ਗੈਂਗਸਟਰ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਦੀ ਪਛਾਣ ਅਮਨ ਕੁਮਾਰ ਵਾਸੀ ਟਿਵਾਣਾ ਕਲਾਂ ਵਜੋਂ ਹੋਈ ਹੈ। ਉਸ ’ਤੇ 12 ਫਰਵਰੀ ਨੂੰ ਪਿੰਡ ਡਾਲਾ ਦੇ ਪੰਚਾਇਤ ਮੈਂਬਰ ਬਲੌਰ ਸਿੰਘ ਦੇ ਘਰ ’ਤੇ ਫਾਇਰਿੰਗ ਦਾ ਦੋਸ਼ ਹੈ। ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਸ਼ੱਕੀ ਨੌਜਵਾਨ ਖੇਤਰ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ।
ਪੁਲੀਸ ਵਲੋਂ ਇਸ ਸਬੰਧੀ ਪੂਰੀ ਮੁਸਤੈਦੀ ਵਰਤੀ ਜਾ ਰਹੀ ਸੀ। ਥਾਣਾ ਮਹਿਣਾ ਦੇ ਮੁਖੀ ਗੁਰਵਿੰਦਰ ਸਿੰਘ ਭੁੱਲਰ ਵੱਲੋਂ ਇਲਾਕੇ ਵਿੱਚ ਕੀਤੀ ਜਾ ਰਹੀ ਗਸ਼ਤ ਦੌਰਾਨ ਪਿੰਡ ਰਾਮੂਵਾਲਾ ਹਰਚੋਕਾ ਨੇੇੜੇ ਪੈਦਲ ਆ ਰਹੇ ਇੱਕ ਸ਼ੱਕੀ ਨੌਜਵਾਨ ਨੂੰ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਪੁਲੀਸ ਨੂੰ ਦੇਖ ਕੇ ਭੱਜ ਲੱਗਿਆ। ਇਸ ਦੌਰਾਨ ਉਸਨੇ ਰਿਵਾਲਵਰ ਨਾਲ ਪੁਲੀਸ ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲੀਸ ਵੱਲੋਂ ਕੀਤੀ ਜਵਾਬੀ ਕਾਰਵਾਈ ਵਿੱਚ ਇੱਕ ਗੋਲੀ ਸ਼ੱਕੀ ਨੌਜਵਾਨ ਦੀ ਲੱਤ ਵਿੱਚ ਵੱਜੀ ਅਤੇ ਉਹ ਜ਼ਖ਼ਮੀ ਹੋ ਗਿਆ। ਪੁਲੀਸ ਨੇ ਉਸ ਨੂੰ ਕਾਬੂ ਕਰ ਲਿਆ।
ਪੁਲੀਸ ਮੁਤਾਬਕ ਅਮਨ ਕੁਮਾਰ ਬੰਬੀਹਾ ਗਰੋਹ ਦਾ ਸਰਗਰਮ ਮੈਂਬਰ ਹੈ। ਸੂਚਨਾ ਮਿਲਦੇ ਹੀ ਉਪ ਪੁਲੀਸ ਕਪਤਾਨ ਧਰਮਕੋਟ ਰਮਨਦੀਪ ਸਿੰਘ, ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਦਲਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪੁਲੀਸ ਘਟਨਾ ਸਥਾਨ ਉੱਤੇ ਪੁੱਜ ਗਈ। ਜ਼ਖਮੀ ਗੈਂਗਸਟਰ ਨੂੰ ਮੋਗਾ ਦੇ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਉਪ ਪੁਲੀਸ ਕਪਤਾਨ ਰਮਨਦੀਪ ਸਿੰਘ ਨੇ ਦੱਸਿਆ ਕਿ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਮੁਲਜ਼ਮ ਦਾ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ।