ਸਭ ਤੋਂ ਵੱਡਾ ਬੁਲਡੋਜ਼ਰ ਐਕਸ਼ਨ: ਪੁਲੀਸ ਨੇ ਇਕੋ ਵੇਲੇ ਨਸ਼ਾ ਤਸਕਰਾਂ ਦੇ 5 ਘਰ ਢਾਹੇ

ਕੋਟਕਪੂਰਾ, 15 ਮਾਰਚ (ਖਬ਼ਰ ਖਾਸ ਬਿਊਰੋ)

ਕੋਟਕਪੂਰਾ ਪੁਲੀਸ ਨੇ ਇਥੋਂ ਦੇ ਨਸ਼ਾ ਵੇਚਣ ਲਈ ਕਥਿਤ ਤੌਰ `ਤੇ ਬਦਨਾਮ ਇਲਾਕੇ ਵਿੱਚ ਅੱਜ ਸੂਬੇ ਦਾ ਸਭ ਤੋਂ ਵੱਡਾ ਬੁਲਡੋਜ਼ਰ ਐਕਸ਼ਨ ਕਰਦਿਆਂ ਇਕੋ ਵੇਲੇ 5 ਨਸ਼ਾ ਤਸਕਰਾਂ ਦੇ ਘਰ ਢਾਹ ਦਿੱਤੇ ਹਨ। ਇਨ੍ਹਾ ਪੰਜਾਂ ਘਰਾਂ ਵਿਚੋਂ 3 ਘਰ ਮਹਿਲਾ ਨਸ਼ਾ ਤਸਕਰਾਂ ਦੇ ਸਨ, ਜਿਨ੍ਹਾਂ ਉਪਰ ਉਨ੍ਹਾਂ ਨਸ਼ਾ ਵੇਚਣ ਦੇ ਕਈ ਕੇਸ ਦਰਜ ਸਨ।

ਜਾਣਕਾਰੀ ਅਨੁਸਾਰ ਦੁਪਹਿਰ 12 ਵਜੇ ਦੇ ਕਰੀਬ ਪੁਲੀਸ ਨੇ ਇਥੋਂ ਦੇ ਜਲਾਲੇਆਨਾ ਰੋਡ `ਤੇ ਸਥਿਤ 5 ਦੇ ਕਰੀਬ ਘਰਾਂ `ਤੇ ਬੁਲਡੋਜ਼ਰ ਚਲਾਉਣ ਦੀ ਕਾਰਵਾਈ ਸ਼ੁਰੂ ਕੀਤੀ। ਇਸ ਕਾਰਵਾਈ ਦੀ ਅਗਵਾਈ ਫਰੀਦਕੋਟ ਦੀ ਐਸਐਸਪੀ ਡਾ. ਪ੍ਰਗਿਆ ਜੈਨ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਸਾਂਝੇ ਰੂਪ ਵਿੱਚ ਕੀਤੀ। ਐਸਐਸਪੀ ਨੇ ਦੱਸਿਆ ਕਿ ਨਗਰ ਕੌਂਸਲ ਨੇ ਪੁਲੀਸ ਨੂੰ ਲਿਖਤੀ ਰੂਪ ਵਿੱਚ ਰਿਪੋਰਟ ਦਿੱਤੀ ਸੀ ਕਿ ਇਥੇ 5 ਦੇ ਕਰੀਬ ਘਰ ਕੌਂਸਲ ਦੀ ਜਗ੍ਹਾ `ਤੇ ਨਜਾਇਜ਼ ਕਬਜ਼ਾ ਕਰ ਕੇ ਬਣਾਏ ਹੋਏ ਹਨ, ਜਿਨ੍ਹਾਂ ਨੂੰ ਹਟਾਇਆ ਜਾਵੇ।

ਉਨ੍ਹਾਂ ਦੱਸਿਆ ਕੌਂਸਲ ਦੀ ਰਿਪੋਰਟ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ ਅਤੇ ਇਸੇ ਤਰ੍ਹਾਂ ਕਈ ਹੋਰ ਲੋਕਾਂ ਨੇ ਵੀ ਨਜਾਇਜ਼ ਕਬਜੇ ਕਰਕੇ ਘਰ ਬਣਾਏ ਹੋਏ ਹਨ ਅਤੇ ਉਹ ਨਸ਼ਾ ਵੇਚਣ ਦਾ ਕਾਰੋਬਾਰ ਕਰ ਰਹੇ ਹਨ। ਉਨ੍ਹਾਂ ਸਪੱਸ਼ਟ ਕਿਹਾ ਕਿ ਇਹ ਕਾਵਰਾਈ ਇਥੇ ਨਹੀਂ ਰੁਕੇਗੀ ਬਲਕਿ ਹੋਰ ਅੱਗੇ ਫ਼ਰੀਦਕੋਟ, ਜੈਤੋ ਅਤੇ ਲਾਗਲੇ ਪਿੰਡਾਂ ਵਿੱਚ ਵੀ ਚੱਲੇਗੀ।

ਪੁਲੀਸ ਦੀ ਇਸ ਕਾਰਵਾਈ ਸਮੇਂ ਮੌਕੇ `ਤੇ ਪਹੁੰਚੇ ਮੁਹੱਲਾ ਨਿਵਾਸੀ ਕਾਫੀ ਉਤਸ਼ਾਹ ਵਿੱਚ ਦਿਖਾਈ ਦਿੱਤੇ ਅਤੇ ਉਨ੍ਹਾਂ ਨੇ ਪੁਲੀਸ ਨੂੰ ਇਸ ਕਾਰਵਾਈ ਦੀ ਸ਼ਲਾਘਾ ਕਰਦਿਆਂ ਪੰਜਾਬ ਪੁਲੀਸ ਜ਼ਿੰਦਾਬਾਦ ਦੇ ਨਾਅਰੇ ਵੀ ਲਾਏ। ਇਸ ਸਮੇਂ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਸਤੰਤਰਜੋਤ ਸਿੰਘ ਨੇ ਕਿਹਾ ਕਿ ਇਹ ਵਧੀਆ ਉਪਰਾਲਾ ਹੈ ਅਤੇ ਇਥੇ ਤਾਂ ਸ਼ਾਮ ਨੂੰ 7 ਵਜੇ ਤੋਂ ਬਾਅਦ ਕੋਈ ਵਿਅਕਤੀ ਲੰਘ ਵੀ ਨਹੀਂ ਸਕਦਾ ਸੀ, ਹਰ ਰੋਜ਼ ਕੋਈ ਨਾ ਕੋਈ ਲੁੱਟ ਦੀ ਵਾਰਦਾਤ ਹੁੰਦੀ ਸੀ। ਉਨ੍ਹਾਂ ਕਿਹਾ ਹੁਣ ਪਿਛਲੇ 15 ਦਿਨਾਂ ਤੋਂ ਇਥੇ ਸ਼ਾਤੀ ਵੀ ਹੈ ਅਤੇ ਕੋਈ ਵਾਰਦਾਤ ਵੀ ਨਹੀਂ ਹੋਈ।

Leave a Reply

Your email address will not be published. Required fields are marked *