ਸ੍ਰੀ ਆਨੰਦਪੁਰ ਸਾਹਿਬ, 12 ਮਾਰਚ (ਖ਼ਬਰ ਖਾਸ ਬਿਊਰੋ)
ਹੋਲੇ ਮਹੱਲੇ ਮੌਕੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੇ ਚੱਕਰ ਵਿੱਚ ਘੁੰਮ ਰਹੇ ਦੋ ਕਾਰ ਸਵਾਰ ਨੌਜਵਾਨਾਂ ਨੂੰ ਭਰਤਗੜ੍ਹ ਪੁਲੀਸ ਨੇ ਅਸਲੇ ਸਮੇਤ ਕਾਬੂ ਕੀਤਾ ਹੈ।
ਐੱਸਐੱਸਪੀ ਗੁਲਨੀਤ ਸਿੰੰਘ ਖੁਰਾਣਾ ਨੇ ਦੱਸਿਆ ਕਿ ਭਰਤਗੜ੍ਹ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਚਿੱਟੇ ਰੰਗ ਦੀ ਮਾਰੂਤੀ ਕਾਰ ਵਿੱਚ ਕੁਝ ਵਿਅਕਤੀ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਅਸਲੇ ਸਮੇਤ ਘੁੰਮ ਰਹੇ ਹਨ।
ਉਨ੍ਹਾਂ ਦੱਸਿਆ ਕਿ ਜਦੋਂ ਡੀਐੱਸਪੀ ਅਜੈ ਸਿੰਘ ਅਤੇ ਐਸ.ਐਚ.ਓ. ਜਤਿਨ ਕਪੂਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਪੁਲੀਸ ਚੌਕੀ ਭਰਤਗੜ੍ਹ ਦੇ ਇੰਚਾਰਜ ਸੁਖਵਿੰਦਰ ਸਿੰੰਘ ਵੱਲੋਂ ਪੁਲੀਸ ਟੀਮ ਸਮੇਤ ਇਲਾਕੇ ਅੰਦਰ ਗਸ਼ਤ ਕੀਤੀ ਜਾ ਰਹੀ ਸੀ ਤਾਂ ਪ੍ਰਾਇਮਰੀ ਸਕੂਲ ਕਕਰਾਲਾ ਨੇੜੇ ਸ਼ੱਕੀ ਮਾਰੂਤੀ ਕਾਰ (ਪੀਬ12ਐਚ-9598) ਆਉਂਦੀ ਵਿਖਾਈ ਦਿੱਤੀ। ਜਦੋਂ ਪੁਲੀਸ ਵੱਲੋਂ ਸ਼ੱਕ ਦੇ ਆਧਾਰ ’ਤੇ ਕਾਰ ਨੂੰ ਰੋਕ ਕੇ ਇਸ ਵਿਚ ਸਵਾਰ ਨੌਜਵਾਨਾਂ ਦੀ ਤਲਾਸ਼ੀ ਲਈ ਗਈ ਤਾਂ ਸ਼ਹਿਬਾਜ਼ ਸਿੰੰਘ ਵਾਸੀ ਕਕਰਾਲਾ ਦੇ ਡੱਬ ਵਿੱਚੋਂ ਦੇਸੀ ਪਿਸਟਲ ਅਤੇ 2 ਜ਼ਿੰਦਾ ਰੌਂਦ ਬਰਾਮਦ ਹੋਏ। ਉਸ ਦੇ ਸਾਥੀ ਭੁਪਿੰਦਰ ਸਿੰਘ ਵਾਸੀ ਬੀਕਾਪੁਰ ਦੇ ਡੱਬ ਵਿੱਚੋਂ ਦੇਸੀ ਕੱਟਾ ਅਤੇ 1 ਜ਼ਿੰਦਾ ਕਾਰਤੂਸ ਬਰਾਮਦ ਹੋਇਆ।
ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਦੋਵੇਂ ਮੁਲਜ਼ਮਾਂ ਵਿਰੁੱਧ ਆਰਮਜ਼ ਐਕਟ ਅਧੀਨ ਕੇਸ ਦਰਜ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਡੀਐੱਸਪੀ ਅਜੈ ਸਿੰੰਘ, ਐਸ.ਐਚ.ਓ. ਕੀਰਤਪੁਰ ਜਤਿਨ ਕਪੂਰ ਤੇ ਚੌਕੀ ਇੰਚਾਰਜ ਸੁਖਵਿੰਦਰ ਸਿੰਘ ਭਰਤਗੜ੍ਹ ਹਾਜ਼ਰ ਸਨ।