ਪੋਰਸ਼ ਕਾਰ ਹਾਦਸਾ: ਵਿਅਕਤੀ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਹੰਗਾਮਾ, ਲਾਸ਼ ਲੈਣ ਤੋਂ ਇਨਕਾਰ

ਚੰਡੀਗੜ੍ਹ, 11 ਮਾਰਚ (ਖ਼ਬਰ ਖਾਸ ਬਿਊਰੋ)

ਬੀਤੇ ਦਿਨ ਸੈਕਟਰ-4 ਵਿੱਚ ਤੇਜ਼ ਰਫ਼ਤਾਰ ਪੋਰਸ਼ ਕਾਰ ਦੇ ਸਕੂਟਰ ਸਵਾਰ ਨੂੰ ਟੱਕਰ ਮਾਰਨ ਕਾਰਨ ਇਕ ਨੌਜਵਾਨ ਦੀ ਮੌਤ ਹੋਣ ਦੇ ਬਾਅਦ ਪਰਿਵਾਰ ਵਾਲਿਆਂ ਨੇ ਇਨਸਾਫ ਦੀ ਮੰਗ ਕੀਤੀ। ਮ੍ਰਿਤਕ ਅੰਕਿਤ ਅਸਵਾਲ ਦੇ ਪਰਿਵਾਰ ਨੇ ਸੈਕਟਰ-16 ਹਸਪਤਾਲ ਵਿੱਚ ਰੋਸ ਜ਼ਾਹਿਰ ਕਰਦਿਆਂ ਪ੍ਰਦਰਸ਼ਨ ਕੀਤਾ ਅਤੇ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮੁਲਜ਼ਮ ਦੀ ਗ੍ਰਿਫ਼ਤਾਰੀ ਅਤੇ ਸਖ਼ਤ ਸਜ਼ਾ ਨਹੀਂ ਹੋ ਜਾਂਦੀ ਉਹ ਲਾਸ਼ ਨਹੀਂ ਲੈਣਗੇ।

ਪੁੱਤ ਦੇ ਜਨਮਦਿਨ ਮੌਕੇ ਸਿਰ ਤੋਂ ਉੱਠਿਆ ਪਿਤਾ ਦਾ ਸਾਇਆ

ਜ਼ਿਕਰਯੋਗ ਹੈ ਕਿ ਅੰਕਿਤ ਅਸਵਾਲ ਦੇ ਪੁੱਤ ਦਾ ਅੱਜ ਜਨਮਦਿਨ ਸੀ, ਪਰ ਖੁਸ਼ੀ ਦੀ ਥਾਂ ਘਰ ਵਿਚ ਸੋਗ ਫੈਲ ਗਿਆ। ਮ੍ਰਿਤਕ ਦੇ ਪਿਤਾ ਦੇਵੇਂਦਰ ਅਸਵਾਲ ਅਤੇ ਭਰਾ ਅਰੂਣ ਅਸਵਾਲ ਨੇ ਕਿਹਾ, ‘‘ਇਹ ਹਾਦਸਾ ਨਹੀਂ ਕਤਲ ਹੈ। ਅਸੀਂ ਉਦੋਂ ਤੱਕ ਚੁੱਪ ਨਹੀਂ ਬੈਠਾਂਗੇ ਜਦੋਂ ਤੱਕ ਮਾਰਨ ਵਾਲੇ ਨੂੰ ਸਖ਼ਤ ਸਜ਼ਾ ਨਹੀਂ ਮਿਲਦੀ।’’

ਗ਼ੌਰਤਲਬ ਹੈ ਕਿ ਸੋਮਵਾਰ ਸ਼ਾਮ ਲਗਭਗ 8 ਵਜੇ ਸੈਕਟਰ-4 ਵਿੱਚ ਪੈਟਰੋਲ ਪੰਪ ਦੇ ਨੇੜੇ ਇੱਕ ਤੇਜ਼ ਰਫ਼ਤਾਰ ਪੋਰਸ਼ ਕਾਰ ਨੇ ਦੋ ਸਕੂਟਰਾਂ ਨੂੰ ਟੱਕਰ ਮਾਰ ਦਿੱਤੀ। ਮੌਕੇ ’ਤੇ ਮੌਜੂਦ ਲੋਕਾਂ ਅਨੁਸਾਰ ਕਾਰ ਇੰਨੀ ਤੇਜ਼ ਸੀ ਕਿ ਸਕੂਟਰ ਨੂੰ ਘੜੀਸਦੇ ਹੋਏ ਬਿਜਲੀ ਦੇ ਖੰਭੇ ਨਾਲ ਟੱਕਰਾ ਗਈ। ਹਾਦਸੇ ਵਿੱਚ ਅੰਕਿਤ ਅਸਵਾਲ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਦੂਜੇ ਸਕੂਟਰ ’ਤੇ ਸਵਾਰ ਦੋ ਔਰਤਾਂ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਈਆਂ।

ਪੁਲੀਸ ਨੇ ਮੁਲਜ਼ਮ ਦੀ ਪਛਾਣ ਕਰ ਲਈ ਹੈ ਅਤੇ ਸੈਕਟਰ-3 ਦੇ ਪੁਲੀਸ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਕਾਰ ਜ਼ਬਤ ਕੀਤੀ ਗਈ ਹੈ ਅਤੇ ਜਾਂਚ ਜਾਰੀ ਹੈ।

Leave a Reply

Your email address will not be published. Required fields are marked *