ਮਜੀਠੀਆ, ਢਿਲੋ ਸਮੇਤ ਹੋਰ ਸੀਨੀਅਰ ਆਗੂਆਂ ਨੇ ਵੀ ਜਥੇਦਾਰਾਂ ਨੂੰ ਹਟਾਉਣ ‘ਤੇ ਰੋਸ ਜਤਾਇਆ

ਜਥੇਦਾਰਾਂ ਦੇ ਬਦਲਣ ਵਾਲੇ ਫੈਸਲੇ ਨਾਲ ਅਸੀੰ ਸਹਿਮਤ ਨਹੀਂ -ਬਿਕਰਮ ਮਜੀਠੀਆ

ਚੰਡੀਗੜ 8 ਮਾਰਚ, (ਖ਼ਬਰ ਖਾਸ ਬਿਊਰੋ)

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਤੇ ਕਈ ਹਲਕਾ ਇੰਚਾਰਜਾਂ ਤੇ ਸੀਨੀਅਰ ਆਗੂਆਂ ਨੇ ਸਾਂਝੇ ਰੂਪ ਚ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਅਤੇ ਤਖਤ ਸਾਹਿਬ ਦੇ ਜਥੇਦਾਰ ਦੀ ਮਾਣ ਮਰਿਯਾਦਾ ਦਾ ਅਸੀਂ ਬਹੁਤ ਸਤਿਕਾਰ ਕਰਦੇ ਹਾਂ ਅਤੇ ਅਖੀਰਲੇ ਸਾਹ ਤੱਕ ਕਰਦੇ ਰਹਾਂਗੇ। ਤਖਤ ਸਾਹਿਬ ਦੀ ਮਾਣ ਮਰਿਯਾਦਾ ਕਿਸੇ ਵਿਅਕਤੀ ਵਿਸ਼ੇਸ਼ ਤੱਕ ਸੀਮਤ ਨਹੀਂ ਹੈ ਤੇ ਜੋ ਵੀ ਜਥੇਦਾਰ ਸਾਹਿਬਾਨ ਇਸ ਤਖਤ ਤੇ ਬਿਰਾਜਮਾਨ ਹਨ ਉਹਨਾਂ ਦਾ ਸਤਿਕਾਰ ਕਰਨਾ ਸਾਡਾ ਸਾਰਿਆਂ ਦਾ ਨੈਤਿਕ ਫਰਜ਼ ਬਣਦਾ ਹੈ ਜੋ ਸਦਾ ਕਰਦੇ ਰਹਾਂਗੇ।

ਪਿਛਲੇ ਦਿਨਾਂ ਦੇ ਘਟਨਾਕ੍ਰਮ ਕਰਕੇ ਜੋ ਕੱਲ ਦਾ ਫੈਸਲਾ ਸ਼੍ਰੋਮਣੀ ਕਮੇਟੀ ਦੀ ਅੰਤਿ੍ੰਗ ਕਮੇਟੀ ਨੇ ਕੀਤਾ ਹੈ ਉਸ ਨਾਲ ਸਿੱਖ ਸੰਗਤ ਅਤੇ ਸਾਡੇ ਮਨਾਂ ਨੂੰ ਬਹੁਤ ਡੂੰਘੀ ਠੇਸ ਪਹੁੰਚੀ ਹੈ। ਗੁਰੂ ਸਾਹਿਬ ਜੀ ਨੇ ਸੰਗਤ ਨੂੰ ਵੀ ਗੁਰੂ ਦਾ ਰੁਤਬਾ ਦਿੱਤਾ ਹੈ, ਸੰਗਤ ਦੀਆਂ ਭਾਵਨਾਵਾਂ ਨੂੰ ਮੁੱਖ ਰਖਦੇ ਹੋਏ ਅਸੀਂ ਇਸ ਫੈਸਲੇ ਨਾਲ ਸਹਿਮਤ ਨਹੀਂ ਹਾਂ। ਪਿਛਲੇ ਕਾਫੀ ਲੰਮੇ ਸਮੇਂ ਤੋਂ ਜੋ ਘਟਨਾਕ੍ਰਮ ਵਾਪਰ ਰਹੇ ਹਨ, ਉਸ ਨਾਲ ਸਾਡੇ ਮਨ ਅੱਜ ਬਹੁਤ ਦੁਖੀ ਅਤੇ ਉਦਾਸ ਹਨ। ਚਾਹੇ ਉਹ ਪੰਥਕ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਪੰਥਕ ਏਕਤਾ ਵੱਲ ਪਹਿਲਕਦਮੀ ਕਰਨ ਵਿੱਚ ਪੁੱਟੇ ਜਾਣ ਵਾਲੇ ਕਦਮ ਹੋਣ, ਜੋ ਕੁਝ ਸਮੇਂ ਤੋਂ ਨਹੀਂ ਪੁੱਟੇ ਗਏ।

ਹੋਰ ਪੜ੍ਹੋ 👉  01 ਕਿਲੋ 446 ਗ੍ਰਾਮ ਹੈਰੋਈਨ, 19 ਬੋਤਲਾ ਸ਼ਰਾਬ ਸਮੇਤ ਤੇ ਨਸ਼ਾ ਕਰਨ ਦੇ ਆਦੀ ਕੁੱਲ 07 ਵਿਅਕਤੀ ਕੀਤੇ ਗ੍ਰਿਫ਼ਤਾਰ

ਇਹਨਾਂ ਕਾਰਨਾਂ ਕਰਕੇ ਅੱਜ ਇਹੋ ਜਿਹੇ ਹਾਲਾਤ ਬਣ ਗਏ ਹਨ, ਜਿਨਾਂ ਹਲਾਤਾਂ ਦੇ ਅਸੀੰ ਸਾਰੇ ਜਿੰਮੇਵਾਰ ਹਾਂ। ਭਾਵੇਂ ਸੁਧਾਰ ਲਹਿਰ ਵਾਲੇ, ਕੁਝ ਪੰਥਕ ਲੋਕ ਹੋਣ, ਅਸੀੰ ਸਾਰੇ ਹੀ ਇਹਨਾਂ ਹਲਾਤਾ ਤੋਂ ਪਾਸਾ ਵੱਟਦੇ ਰਹੇ ਹਾਂ। ਅੱਜ ਬੜੀ ਗੰਭੀਰਤਾ ਨਾਲ ਇਹ ਕਹਿ ਰਹੇ ਹਾਂ ਕਿ ਸਾਨੂੰ ਸਾਰਿਆਂ ਨੂੰ ਜਿੰਮੇਵਾਰੀ ਸਮਝਦੇ ਹੋਏ ਸ਼ਹੀਦਾਂ ਦੀ ਜਥੇਬੰਦੀ ਸ੍ਰੋਮਣੀ ਅਕਾਲੀ ਦਲ ਜਿਸ ਦੀ ਸਥਾਪਨਾ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਈ ਹੋਵੇ, ਉਸ ਨੂੰ ਟੁੱਟਣ ਤੋਂ ਬਚਾਉੰਣ ਵਾਸਤੇ ਅੱਗੇ ਹੋ ਕੇ ਇਕ ਸਾਂਝੀ ਰਾਏ ਬਣਾਉਣ ਦੀ ਲੋੜ ਹੈ। ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਯਾਦਾ ਨੂੰ ਬਹਾਲ ਰੱਖਣਾ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਜੋ ਹਾਲਾਤ ਪਿਛਲੇ ਦਿਨਾਂ ਤੋਂ ਚਲ ਰਹੇ ਹਨ, ਇਹਨਾਂ ਨੂੰ ਦੇਖਦੇ ਹੋਏ ਸਾਡੇ ਅਤੇ ਸਾਡੀ ਪਾਰਟੀ ਸ੍ਰੋਮਣੀ ਅਕਾਲੀ ਦਲ ਦੇ ਹਰ ਵਰਕਰ ਦੇ ਮਨ ਵਿਚ ਬੜੀ ਪੀੜ ਹੈ। ਜਿਸ ਨੂੰ ਮਹਿਸੂਸ ਕਰਦੇ ਹੋਏ ਅਸੀੰ ਸਮਝਦੇ ਹਾਂ ਕਿ ਇਹ ਲੀਡਰਸ਼ਿਪ ਦੀ ਆਪਸੀ ਖਿਚੋਤਾਣ ਕਰਕੇ ਹੋਇਆ ਹੈ।

ਹੋਰ ਪੜ੍ਹੋ 👉  ਕੌਣ ਲਗਵਾਉਂਦਾ ਅਤੇ ਕੌਣ ਹਟਵਾਉਂਦਾ ਖ਼ਬਰਾਂ, ਵੜਿੰਗ ਨੇ ਖੋਲ੍ਹੇ ਭੇਤ, ਪੱਤਰਕਾਰ ਖਿੜ ਖਿੜ ਹੱਸਦੇ ਰਹੇ

ਅਸੀੰ ਸਾਰੇ ਸ੍ਰੋਮਣੀ ਅਕਾਲੀ ਦਲ ਵਾਲੇ ਅਤੇ ਸੁਧਾਰ ਲਹਿਰ ਵਾਲੇ ਇੱਕੋ ਪਰਿਵਾਰ ਵਿੱਚ ਰਹਿ ਕੇ ਪਾਰਟੀ ਦਾ ਕੰਮ ਕਰਦੇ ਰਹੇ ਹਾਂ। ਅੱਜ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਆਪਸੀ ਖਿਚੋਤਾਣ ਕਰਕੇ ਹੀ ਇਹ ਸਭ ਕੁਝ ਵਾਪਰਿਆ ਹੈ, ਜਿਸ ਨਾਲ ਪੰਥ ਵਿਰੋਧੀ ਸ਼ਕਤੀਆਂ ਨੂੰ ਬਲ ਮਿਲਿਆ ਹੈ ਅਤੇ ਪੰਥਕ ਏਕਤਾ ਅਤੇ ਪੰਜਾਬ ਦੀ ਖੇਤਰੀ ਪਾਰਟੀ ਸ੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡੀ ਢਾਹ ਲੱਗੀ ਹੈ। ਜਿਸ ਤੇ ਗੰਭੀਰ ਚਿੰਤਨ ਕਰਨ ਦੀ ਲੋੜ ਹੈ। ਅਸੀੰ ਅੱਜ ਵੀ ਅਪੀਲ ਕਰਦੇ ਹਾਂ ਕਿ ਆਪਸੀ ਮਤਭੇਦ ਅਤੇ ਰੰਜਿਸਾਂ ਭੁਲਾ ਕੇ ਦਰਿਆਦਿਲੀ ਦਿਖਾਂਉਦੇ ਹੋਏ ਪਾਰਟੀ ਦੇ ਵਾਸਤੇ ਦਿੱਤੀਆਂ ਹੋਈਆ ਪਰਿਵਾਰਾ ਦੀ ਕੁਰਬਾਨੀਆਂ ਨੂੰ ਮੱਦੇਨੱਜਰ ਰਖਦੇ ਹੋਏ ਅਤੇ ਸ੍ਰੋਮਣੀ ਅਕਾਲੀ ਦਲ ਦੇ ਹਰ ਵਰਕਰ ਦੀ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਸਾਨੂੰ ਸਾਰਿਆਂ ਨੂੰ ਇਕ ਮੰਚ ਤੇ ਇੱਕਠੇ ਹੋ ਕੇ ਪੰਜਾਬ ਅਤੇ ਪੰਥ ਦੇ ਭਲੇ ਵਾਸਤੇ ਕੰਮ ਕਰਨਾ ਚਾਹੀਦਾ ਹੈ। ਇਸ ਮੌਕੇ ਸ਼ਰਨਜੀਤ ਸਿੰਘ ਢਿਲੋਂ, ਸਾਬਕਾ ਕੈਬਿਨੇਟ ਮੰਤਰੀ, ਲਖਬੀਰ ਸਿੰਘ ਲੋਧੀਨੰਗਲ, ਕੋਰ ਕਮੇਟੀ ਮੈਂਬਰ ਸ੍ਰੋਮਣੀ ਅਕਾਲੀ ਦਲ,
ਜੋਧ ਸਿੰਘ ਸਮਰਾ ਹਲਕਾ ਇੰਚਾਰਜ ਅਜਨਾਲਾ, ਸਰਬਜੋਤ ਸਿੰਘ ਸਾਬੀ ਹਲਕਾ ਇੰਚਾਰਜ ਮੁਕੇਰੀਆ, ਰਮਨਦੀਪ ਸਿੰਘ ਸੰਧੂ, ਜਿਲਾ ਪ੍ਰਧਾਨ ਗੁਰਦਾਸਪੁਰ ਤੇ ਸਿਮਰਨਜੀਤ ਸਿੰਘ ਢਿਲੋਂ ਯੂਥ ਆਗੂ ਪੰਜਾਬ ਮੌਜੂਦ ਸਨ।

ਹੋਰ ਪੜ੍ਹੋ 👉  ਲਾਧੂਕਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ‘ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ’ ਯਾਦਗਾਰੀ ਢੰਗ ਨਾਲ ਮਨਾਇਆ

 

 

Leave a Reply

Your email address will not be published. Required fields are marked *