ਚੰਡੀਗੜ੍ਹ 8 ਮਾਰਚ (ਖ਼ਬਰ ਖਾਸ ਬਿਊਰੋ)
ਰਾਜਪੁਰਾ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਪੁੱਜੇ ਹਨ। ਉਨ੍ਹਾਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੱਲ੍ਹ ਦਾ ਦਿਨ ਸਿੱਖ ਇਤਿਹਾਸ ਵਿਚ ਕਾਲੇ ਦਿਨ ਦੇ ਨਾਂਅ ਨਾਲ ਜਾਣਿਆ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਅਸੀਂ ਸਿਆਸਤ ਦੇ ਵਿਦਿਆਰਥੀ ਨਹੀਂ ਹਾਂ ਅਸੀਂ ਧਰਮ ਦੇ ਵਿਦਿਆਰਥੀ ਹਾਂ। ਅਸੀਂ ਗੂਰੁ, ਤੇ ਸੰਗਤ ਭਰੋਸੇ ਝੰਡਾ ਚੁੱਕ ਕੇ ਤੁਰ ਪਏ ਹਾਂ, ਪਰ ਇਹ ਨਾ ਹੋਵੇ ਕਿ ਜਦੋਂ ਅਸੀਂ ਮੁੜ ਕੇ ਪਿਛੇ ਝਾਤ ਮਾਰੀਏ ਤਾਂ ਅਤੇ ਜਿਹੜੇ ਸਾਨੂੰ ਹੌਂਸਲਾ ਦੇ ਰਹੇ ਹਨ ਉਹ ਮੁੜ ਕੇ ਸੁਖਬੀਰ ਦੀ ਬੇੜੀ ’ਚ ਚੜੇ ਹੋਣ। ਉਨ੍ਹਾਂ ਕਿਹਾ ਕਿ ਬਸ ਇਹੋ ਡਰ ਸਤਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸੇਵਾ ਤਾਂ ਸੇਵਾਦਾਰ ਬਣ ਕੇ ਵੀ ਕੀਤੀ ਜਾ ਸਕਦੀ ਹੈ। ਪ੍ਰਚਾਰ ਤੇ ਪ੍ਰਸਾਰ ਦੀ ਸੇਵਾ ਦਾ ਸਾਨੂੰ ਤਜਰਬਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੈਂ ਪਹਿਲਾਂ ਵੀ ਕਈ ਵਾਰ ਕਹਿ ਚੁੱਕਾ ਹਾਂ, ਜਿੰਨਾਂ ਨੂੰ ਰਾਖੀ ਕਰਨ ਲਈ ਦਿੱਤੀ ਸੀ, ਉਨ੍ਹਾਂ ਵੱਲੋਂ ਸਾਡੀਆਂ ਮਰਿਆਦਾਵਾਂ ਨੂੰ ਕੁਚਲਿਆ ਜਾ ਰਿਹਾ ਹੈ । ਇੱਕ ਵਿਅਕਤੀ ਦੀ ਸਿਆਸਤ ਬਚਾਉਣ ਵਾਸਤੇ ਅੱਜ ਹੋ ਕੀ ਰਿਹਾ ਹੈ। ਉਨ੍ਹਾਂ ਕਿਹਾ ਕਿ ਜਥੇਦਾਰ, ਪ੍ਰਧਾਨ, ਕਦੇ ਹਲਕਾ ਇੰਚਾਰਜ ਬਦਲੇ ਜਾ ਰਹੇ ਹਨ। ਪਰ ਜਿਸ ਨੂੰ ਬਦਲਣ ਦੀ ਲੋੜ ਹੈ ਉਸ ਨੂੰ ਬਾਹਰ ਕੱਢਣ ਵਾਸਤੇ ਕੋਈ ਤਿਆਰ ਨਹੀਂ ਹੈ।