ਦਿੱਲੀ 7 ਮਾਰਚ (ਖ਼ਬਰ ਖਾਸ ਬਿਊਰੋ)
ਕੇਂਦਰੀ ਮੰਤਰੀ ਕ੍ਰਿਸ਼ਨ ਪਾਲ ਗੁਰਜਰ ਨੂੰ ਦਿੱਲੀ ਦੀ ਤੁਗ਼ਲਕ ਲੇਨ ਵਿਚ ਸਰਕਾਰੀ ਰਿਹਾਇਸ਼ ਮਿਲੀ ਹੈ ਪਰ ਉਨ੍ਹਾਂ ਨੇ ਘਰ ਦੀ ਨੇਮ ਪਲੇਟ ’ਤੇ ਸਵਾਮੀ ਵਿਵੇਕਾਨੰਦ ਮਾਰਗ ਲਿਖਿਆ ਹੋਇਆ ਹੈ। ਇਹ ਬਦਲਾਅ ਸ਼ੁਕਰਵਾਰ ਨੂੰ ਕੀਤਾ ਗਿਆ, ਜਿਸ ’ਚ ਉਨ੍ਹਾਂ ਦੇ ਘਰ ਦਾ ਪਤਾ ਤੁਗ਼ਲਕ ਲੇਨ ਨਹੀਂ ਸਗੋਂ ਸਵਾਮੀ ਵਿਵੇਕਾਨੰਦ ਮਾਰਗ ਦਿਖਾਇਆ ਗਿਆ ਹੈ। ਉਨ੍ਹਾਂ ਤੋਂ ਇਲਾਵਾ ਭਾਜਪਾ ਦੇ ਇੱਕ ਹੋਰ ਸੰਸਦ ਮੈਂਬਰ ਦਿਨੇਸ਼ ਸ਼ਰਮਾ ਨੇ ਵੀ ਅਜਿਹਾ ਹੀ ਕੀਤਾ ਹੈ। ਉਨ੍ਹਾਂ ਨੇ ਵੀਰਵਾਰ ਨੂੰ ਐਕਸ ’ਤੇ ਲਿਖਿਆ, ‘ਅੱਜ ਉਹ ਰੀਤੀ-ਰਿਵਾਜ਼ਾਂ ਅਨੁਸਾਰ ਪੂਜਾ-ਪਾਠ ਕਰਨ ਤੋਂ ਬਾਅਦ ਆਪਣੇ ਪਰਵਾਰ ਸਮੇਤ ਨਵੀਂ ਦਿੱਲੀ ਸਥਿਤ ਆਪਣੀ ਨਵੀਂ ਰਿਹਾਇਸ਼ ਸਵਾਮੀ ਵਿਵੇਕਾਨੰਦ ਮਾਰਗ (ਤੁਗ਼ਲਕ ਲੇਨ) ’ਚ ਦਾਖ਼ਲ ਹੋਏ।’ ਇਸ ਦੇ ਨਾਲ ਹੀ ਉਨ੍ਹਾਂ ਨੇ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ’ਚੋਂ ਇਕ ’ਚ ਸਵਾਮੀ ਵਿਵੇਕਾਨੰਦ ਮਾਰਗ ਪਤਾ ਲਿਖਿਆ ਨਜ਼ਰ ਆ ਰਿਹਾ ਹੈ। ਇਹ ਫ਼ੈਸਲਾ ਦਿੱਲੀ ਵਿੱਚ ਬਣੀ ਨਵੀਂ ਬੀਜੇਪੀ ਸਰਕਾਰ ਦੀ ਤਰਜ਼ ’ਤੇ ਲੱਗਦਾ ਹੈ।
ਦਿੱਲੀ ਦੀ ਨਵੀਂ ਸਰਕਾਰ ਨੇ ਨਜ਼ਫਗੜ੍ਹ ਦਾ ਨਾਂ ਬਦਲ ਕੇ ਨਾਹਰਗੜ੍ਹ ਰੱਖਣ ਦਾ ਪ੍ਰਸਤਾਵ ਦਿੱਤਾ ਹੈ। ਇਸ ਤੋਂ ਇਲਾਵਾ ਮੁਹੰਮਦਪੁਰ ਪਿੰਡ ਦਾ ਨਾਂ ਬਦਲ ਕੇ ਮਾਧਵਪੁਰਮ ਅਤੇ ਮੁਸਤਫਾਬਾਦ ਦਾ ਨਾਂ ਬਦਲ ਕੇ ਸ਼ਿਵਪੁਰੀ ਰੱਖਿਆ ਜਾਣਾ ਚਾਹੀਦਾ ਹੈ। ਇਸੇ ਦੌਰਾਨ ਦਿੱਲੀ ਦੇ ਲੁਟੀਅਨ ਵਿੱਚ ਵੀ ਕੇਂਦਰੀ ਮੰਤਰੀ ਅਤੇ ਸੰਸਦ ਮੈਂਬਰ ਨੇ ਖ਼ੁਦ ਆਪਣੀ ਨੇਮ ਪਲੇਟ ਵਿੱਚ ਨਵਾਂ ਨਾਂ ਲਿਖਿਆ ਹੈ। ਹਾਲਾਂਕਿ ਤੁਗ਼ਲਕ ਲੇਨ ਦਾ ਨਾਂ ਵੀ ਨਹੀਂ ਹਟਾਇਆ ਗਿਆ ਹੈ। ਇਸ ’ਤੇ ਦਿਨੇਸ਼ ਸ਼ਰਮਾ ਨੇ ਵੀ ਸਪੱਸ਼ਟੀਕਰਨ ਦਿੱਤਾ ਹੈ ਅਤੇ ਉਨ੍ਹਾਂ ਨੇ ਨੇਮ ਪਲੇਟ ’ਤੇ ਵਿਵੇਕਾਨੰਦ ਮਾਰਗ ਲਿਖਣ ਦਾ ਵੱਖਰਾ ਕਾਰਨ ਦੱਸਿਆ ਹੈ। ਉਨ੍ਹਾਂ ਕਿਹਾ, ਇਹ ਆਮ ਪ੍ਰਕਿਰਿਆ ਹੈ ਕਿ ਜਦੋਂ ਕੋਈ ਘਰ ਜਾਂਦਾ ਹੈ ਤਾਂ ਨਾਮ ਦੀ ਪਲੇਟ ਲਗਾਈ ਜਾਂਦੀ ਹੈ। ਮੈਂ ਉੱਥੇ ਨਹੀਂ ਗਿਆ, ਮੈਂ ਦੇਖਿਆ ਨਹੀਂ, ਜਦੋਂ ਮੇਰੇ ਨਾਲ ਸਬੰਧਤ ਲੋਕਾਂ ਨੇ ਪੁੱਛਿਆ ਕਿ ਉੱਥੇ ਕਿਸ ਤਰ੍ਹਾਂ ਦੀ ਨੇਮ ਪਲੇਟ ਹੋਣੀ ਚਾਹੀਦੀ ਹੈ ਤਾਂ ਮੈਂ ਕਿਹਾ ਕਿ ਇਹ ਆਲੇ-ਦੁਆਲੇ ਦੇ ਹਿਸਾਬ ਨਾਲ ਹੋਣੀ ਚਾਹੀਦੀ ਹੈ। ਨੇੜਲੇ ਘਰਾਂ ’ਤੇ ਵਿਵੇਕਾਨੰਦ ਮਾਰਗ ਅਤੇ ਹੇਠਾਂ ਤੁਗ਼ਲਕ ਲੇਨ ਲਿਖਿਆ ਹੋਇਆ ਸੀ, ਦੋਵੇਂ ਇਕੱਠੇ ਲਿਖੇ ਹੋਏ ਸਨ।
ਉਨ੍ਹਾਂ ਕਿਹਾ ਕਿ ਅੱਜ ਵੀ ਨੇਮ ਪਲੇਟ ’ਤੇ ਤੁਗ਼ਲਕ ਲੇਨ ਲਿਖਿਆ ਹੋਇਆ ਹੈ ਅਤੇ ਸਹੂਲਤ ਲਈ ਵਿਵੇਕਾਨੰਦ ਮਾਰਗ ਲਿਖਿਆ ਗਿਆ ਹੈ। ਜਦੋਂ ਮੈਂ ਸਟਾਫ਼ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਗੂਗਲ ’ਤੇ ਇਹ ਜਗ੍ਹਾ ਵਿਵੇਕਾਨੰਦ ਰੋਡ ਦੇ ਤੌਰ ’ਤੇ ਦਿਖਾਈ ਦਿੰਦੀ ਹੈ, ਇਹ ਇਸ ਲਈ ਲਿਖਿਆ ਗਿਆ ਹੈ ਤਾਂ ਜੋ ਲੋਕ ਵਿਵੇਕਾਨੰਦ ਰੋਡ ਅਤੇ ਤੁਗ਼ਲਕ ਲੇਨ ਵਿਚਕਾਰ ਉਲਝਣ ਵਿਚ ਨਾ ਪਵੇ … ਮੈਂ ਜਾਣਦਾ ਹਾਂ ਕਿ ਸੰਸਦ ਮੈਂਬਰ ਨੂੰ ਸੜਕ ਦਾ ਨਾਮ ਬਦਲਣ ਦਾ ਅਧਿਕਾਰ ਨਹੀਂ ਹੈ। ਇਹ ਕੰਮ ਰਾਜ ਸਰਕਾਰ ਅਤੇ ਮਿਊਂਸੀਪਲ ਬਾਡੀ ਦਾ ਹੈ, ਇਸਦੀ ਕੋਈ ਪ੍ਰਕਿਰਿਆ ਹੈ… ਇਸ ਨੂੰ ਬਦਲਣ ਦਾ ਅਧਿਕਾਰ ਨਾ ਤਾਂ ਮੇਰੇ ਕੋਲ ਸੀ, ਨਾ ਹੀ ਹੈ ਅਤੇ ਨਾ ਹੀ ਮੈਂ ਕੀਤਾ ਹੈ। ਆਮ ਪ੍ਰਕਿਰਿਆ ਵਿੱਚ ਪੇਂਟਰ ਨੇ ਉਹੀ ਨਾਮ ਲਿਖਿਆ ਹੋਵੇਗਾ ਜੋ ਨੇੜੇ ਦੇ ਘਰਾਂ ’ਤੇ ਲਿਖਿਆ ਹੋਇਆ ਸੀ, ਇਸਦਾ ਮਤਲਬ ਇਹ ਨਹੀਂ ਕਿ ਮੈਂ ਕਿਸੇ ਜਗ੍ਹਾ ਦਾ ਨਾਮ ਬਦਲ ਦਿੱਤਾ ਹੈ।