ਭਵਾਨੀਗੜ੍ਹ, 6 ਮਾਰਚ (ਖ਼ਬਰ ਖਾਸ ਬਿਊਰੋ)
ਅੱਜ ਇੱਥੇ ਜ਼ੀਰਕਪੁਰ-ਬਠਿੰਡਾ ਕੌਮੀ ਮਾਰਗ ’ਤੇ ਜਾਰੀ ਧਰਨੇ ਵਿੱਚ ਜੇਲ੍ਹ ਵਿੱਚੋਂ ਰਿਹਾਅ ਹੋ ਕੇ ਪਹੁੰਚੇ ਕਿਸਾਨ ਆਗੂਆਂ ਦਾ ਸਨਮਾਨ ਕੀਤਾ ਗਿਆ।
ਦੱਸਣਯੋਗ ਹੈ ਕਿ ਬੀਤੇ ਕੱਲ੍ਹ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਚੰਡੀਗੜ੍ਹ ਧਰਨੇ ਵਿੱਚ ਜਾਣ ਵਾਲੇ ਕਿਸਾਨਾਂ ਨੂੰ ਇੱਥੇ ਪੁਲੀਸ ਵੱਲੋਂ ਬੈਰੀਗੇਡ ਲਗਾ ਕੇ ਰੋਕ ਲਿਆ ਗਿਆ ਸੀ। ਇਸ ਕਾਰਨ ਕਿਸਾਨਾਂ ਨੇ ਇੱਥੇ ਮੁੱਖ ਕੌਮੀ ਮਾਰਗ ’ਤੇ ਹੀ ਧਰਨਾ ਲਗਾ ਦਿੱਤਾ ਸੀ ਅਤੇ ਸੜਕ ਉਤੇ ਹੀ ਲੰਗਰ ਸ਼ੁਰੂ ਕਰ ਦਿੱਤਾ ਸੀ।
ਇਸ ਧਰਨੇ ਵਿੱਚ ਜੇਲ੍ਹ ਵਿੱਚੋਂ ਰਿਹਾਅ ਹੋ ਕੇ ਪਹੁੰਚੇ BKU ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, BKU ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ, ਜਮਹੂਰੀ ਕਿਸਾਨ ਸਭਾ ਦੇ ਆਗੂ ਊਧਮ ਸਿੰਘ ਸੰਤੋਖਪੁਰਾ, BKU ਧਨੇਰ ਦੇ ਆਗੂ ਕਰਮਜੀਤ ਸਿੰਘ ਛੰਨਾਂ, ਬੁੱਧ ਸਿੰਘ ਬਾਲਦ, ਮੱਖਣ ਸਿੰਘ ਦੁੱਗਾਂ, ਦਰਸ਼ਨ ਸਿੰਘ ਦੁੱਗਾਂ ਅਤੇ ਡਾ ਬਲਜਿੰਦਰ ਸਿੰਘ ਸੰਘਰੇੜੀ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਮੌਕੇ ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਸਪਸ਼ਟ ਕੀਤਾ ਕਿ ਬੀਤੀ ਸ਼ਾਮ ਨੂੰ ਕਿਸੇ ਇੱਕ ਕਿਸਾਨ ਆਗੂ ਦੇ ਬਿਆਨ ਦੇ ਆਧਾਰ ’ਤੇ ਸੋਸ਼ਲ ਮੀਡੀਆ ਵਿੱਚ ਮੋਰਚਾ ਮੁਲਤਵੀ ਕਰਨ ਦਾ ਗ਼ਲਤ ਐਲਾਨ ਕੀਤਾ ਗਿਆ ਹੈ, ਜਦੋਂ ਕਿ ਅਜੇ ਤੱਕ ਅਜਿਹਾ ਕੋਈ ਫੈਸਲਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਅੱਜ ਹੋਣ ਵਾਲੀ ਮੀਟਿੰਗ ਵਿੱਚ ਧਰਨੇ ਸਬੰਧੀ ਫੈਸਲਾ ਲਿਆ ਜਾਵੇਗਾ। ਉਦੋਂ ਤੱਕ ਸੜਕਾਂ ’ਤੇ ਹੀ ਧਰਨਾ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਭੁਪਿੰਦਰ ਸਿੰਘ ਲੌਂਗੋਵਾਲ, ਕੁਲਵਿੰਦਰ ਸਿੰਘ ਮਾਝਾ, ਚਮਕੌਰ ਸਿੰਘ ਭੱਟੀਵਾਲ, ਸਤਨਾਮ ਸਿੰਘ ਆਦਿ ਹਾਜ਼ਰ ਸਨ।