ਮੁਖਵਾ (ਉੱਤਰਾਖੰਡ), 6 ਮਾਰਚ (ਖ਼ਬਰ ਖਾਸ ਬਿਊਰੋ)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਵਿੱਚ ਦੇਵੀ ਗੰਗਾ ਦੇ ਸਰਦੀਆਂ ਦੇ ਨਿਵਾਸ ਸਥਾਨ – ਮੁਖਵਾ ਮੰਦਰ ਵਿੱਚ ਪੁਜਾਰੀਆਂ ਰਾਹੀਂ ਵੈਦਿਕ ਮੰਤਰਾਂ ਦੇ ਜਾਪ ਦੇ ਵਿਚਕਾਰ ਪੂਜਾ-ਅਰਚਨਾ ਕੀਤੀ।
ਇਸ ਮੌਕੇ ਰਵਾਇਤੀ ਪਹਿਰਾਵੇ ਵਿੱਚ ਸਜੇ ਸਥਾਨਕ ਲੋਕਾਂ ਨੇ ਪ੍ਰਧਾਨ ਮੰਤਰੀ ਦਾ ਇੱਕ ਨਾਚ ਪ੍ਰਦਰਸ਼ਨ ਰਾਹੀਂ ਨਿੱਘਾ ਸਵਾਗਤ ਕੀਤਾ, ਜਦੋਂਕਿ ਮੋਦੀ ਹੱਥ ਜੋੜ ਕੇ ਵਿਚਕਾਰ ਖੜ੍ਹੇ ਸਨ। ਉਨ੍ਹਾਂ ਨੇ ਖੇਤਰ ਦੇ ਆਲੇ ਦੁਆਲੇ ਦੂਰ-ਦੂਰਾਡੇ ਬਰਫ਼ ਨਾਲ ਢਕੀਆਂ ਚੋਟੀਆਂ ਦੇ ਸਵੇਰ ਦੇ ਦ੍ਰਿਸ਼ ਦਾ ਵੀ ਆਨੰਦ ਮਾਣਿਆ।

ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਵਿਚ ਦੂਰ-ਦੂਰਾਡੇ ਬਰਫ਼ ਨਾਲ ਢਕੀਆਂ ਚੋਟੀਆਂ ਦੇ ਸਵੇਰ ਦੇ ਦ੍ਰਿਸ਼ ਦਾ ਆਨੰਦ ਮਾਣਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ। (@NarendraModi on Youtube via PTI Photo)ਗ਼ੌਰਤਲਬ ਹੈ ਕਿ ਮੁਖਵਾ ਪਿੰਡ, ਦੇਵੀ ਗੰਗਾ ਨੂੰ ਸਮਰਪਿਤ ਗੰਗੋਤਰੀ ਮੰਦਰ ਦੇ ਰਸਤੇ ‘ਤੇ ਸਥਿਤ ਹੈ। ਸਰਦੀਆਂ ਲਈ ਗੰਗੋਤਰੀ ਧਾਮ ਦੇ ਕਿਵਾੜ ਬੰਦ ਹੋਣ ’ਤੇ ਹਰ ਸਾਲ ਦੇਵੀ ਗੰਗਾ ਦੀ ਮੂਰਤੀ ਨੂੰ ਗੰਗੋਤਰੀ ਧਾਮ ਤੋਂ ਮੁਖਵਾ ਮੰਦਰ ਵਿੱਚ ਲਿਜਾਇਆ ਜਾਂਦਾ ਹੈ। ਪ੍ਰਧਾਨ ਮੰਤਰੀ ਵਜੋਂ ਮੋਦੀ ਦੀ ਇਸ ਮੰਦਰ ਦੀ ਪਹਿਲੀ ਯਾਤਰਾ ਸਦਕਾ ਉੱਤਰਾਖੰਡ ਵਿੱਚ ਸਰਦੀਆਂ ਦੀ ਯਾਤਰਾ ਅਤੇ ਸੈਰ-ਸਪਾਟੇ ਨੂੰ ਹੁਲਾਰਾ ਮਿਲਣ ਦੀ ਉਮੀਦ ਹੈ।
ਉਨ੍ਹਾਂ ਇਹ ਯਾਤਰਾ ਆਪਣੀ ਅਗਵਾਈ ਵਾਲੀ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਵੱਲੋਂ ਕੇਦਾਰਨਾਥ ਅਤੇ ਹੇਮਕੁੰਟ ਸਾਹਿਬ ਲਈ 6,000 ਕਰੋੜ ਰੁਪਏ ਤੋਂ ਵੱਧ ਦੇ ਦੋ ਵੱਡੇ ਰੋਪਵੇਅ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੇ ਜਾਣ ਤੋਂ ਇੱਕ ਦਿਨ ਬਾਅਦ ਕੀਤੀ ਹੈ।
ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ X ‘ਤੇ ਇੱਕ ਪੋਸਟ ਵਿੱਚ ਪ੍ਰਧਾਨ ਮੰਤਰੀ ਦਾ ਨਿੱਘਾ ਸਵਾਗਤ ਕੀਤਾ। ਧਾਮੀ ਨੇ ਆਪਣੀ ਟਵੀਟ ਵਿਚ ਕਿਹਾ, ‘‘ਧਰਮ, ਅਧਿਆਤਮਵਾਦ ਅਤੇ ਕੁਰਬਾਨੀ ਦੀ ਪਵਿੱਤਰ ਧਰਤੀ, ਦੇਵਭੂਮੀ ਉਤਰਾਖੰਡ ਦੀ ਯਾਤਰਾ ‘ਤੇ ਪ੍ਰਧਾਨ ਮੰਤਰੀ ਦਾ ਦਿਲੋਂ ਸਵਾਗਤ ਅਤੇ ਸ਼ੁਭਕਾਮਨਾਵਾਂ। ਰਾਜ ਦੇ ਵਸਨੀਕ ਅਧਿਆਤਮਿਕ ਅਤੇ ਕੁਦਰਤੀ ਸੁੰਦਰਤਾ ਨਾਲ ਭਰਪੂਰ ਧਰਤੀ, ਮੁਖਵਾ-ਹਰਸਿਲ ਵਿੱਚ ਪ੍ਰਧਾਨ ਮੰਤਰੀ ਦਾ ਸਵਾਗਤ ਕਰਨ ਲਈ ਉਤਸ਼ਾਹਿਤ ਹਨ।”
ਉੱਤਰਾਖੰਡ ਵਿਚ ਸੈਰ-ਸਪਾਟੇ ਪੱਖੋਂ ਕੋਈ off-season ਨਹੀਂ ਹੋਣਾ ਚਾਹੀਦਾ: ਮੋਦੀ
ਹਰਸਿਲ: ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਮੁਖਵਾ ਪਿੰਡ ਦੇ ਨੇੜੇ ਹੀ ਹਰਸਿਲ ਵਿੱਚ ਇੱਕ ਰੈਲੀ ਨੂੰ ਸੰਬੋਧਨ ਕੀਤਾ ਅਤੇ ਉਤਰਾਖੰਡ ਵਿੱਚ ਸਾਲ ਭਰ ਚੱਲਣ ਵਾਲੇ ਸੈਰ-ਸਪਾਟੇ ਦੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਇਸ ਸੁੰਦਰ ਪਹਾੜੀ ਰਾਜ ਵਿੱਚ ਕੋਈ ਆਫ-ਸੀਜ਼ਨ ਨਹੀਂ ਹੋਣਾ ਚਾਹੀਦਾ ਅਤੇ ਇਸ ਨਾਲ ਰਾਜ ਦੀ ਆਰਥਿਕਤਾ ਵੱਡੇ ਪੱਧਰ ‘ਤੇ ਮਜ਼ਬੂਤ ਹੋਵੇਗੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇ ਸੈਲਾਨੀ ਸਰਦੀਆਂ ਵਿੱਚ ਇਸ ਪਹਾੜੀ ਸੂਬੇ ਵਿੱਚ ਆਉਂਦੇ ਹਨ ਤਾਂ ਉਨ੍ਹਾਂ ਨੂੰ ਉਤਰਾਖੰਡ ਦਾ ਅਸਲ ਨਜ਼ਾਰਾ ਦੇਖਣ ਤੇ ਮਾਨਣ ਨੂੰ ਮਿਲੇਗਾ। ਉਨ੍ਹਾਂ ਕਿਹਾ, ‘‘ਸਰਕਾਰ ਦਾ ਸਾਲ ਭਰ ਸੈਰ-ਸਪਾਟੇ ਦਾ ਦ੍ਰਿਸ਼ਟੀਕੋਣ ਆਰਥਿਕਤਾ ਨੂੰ ਮਜ਼ਬੂਤ ਕਰੇਗਾ ਅਤੇ ਨੌਜਵਾਨਾਂ ਲਈ ਨੌਕਰੀਆਂ ਪੈਦਾ ਕਰੇਗਾ।’’
ਮੋਦੀ ਨੇ ਕਿਹਾ ਕਿ 1962 ਦੀ ਚੀਨ ਨਾਲ ਜੰਗ ਦੌਰਾਨ ਇਲਾਕੇ ਦੇ ਕੁਝ ਪਿੰਡ ਖਾਲੀ ਕਰਵਾ ਲਏ ਗਏ ਸਨ ਅਤੇ ਉਨ੍ਹਾਂ ਦੇ ਪੁਨਰਵਾਸ ਲਈ ਯਤਨ ਕੀਤੇ ਜਾ ਰਹੇ ਹਨ, ਪ੍ਰਧਾਨ ਮੰਤਰੀ ਨੇ ਕਿਹਾ।
ਉਨ੍ਹਾਂ ਨੇ ਬੁੱਧਵਾਰ ਨੂੰ ਕੇਂਦਰੀ ਕੈਬਨਿਟ ਵੱਲੋਂ ਮਨਜ਼ੂਰ ਕੀਤੇ ਗਏ ਦੋ ਰੋਪਵੇਅ ਪ੍ਰੋਜੈਕਟਾਂ – ਸੋਨਪ੍ਰਯਾਗ ਤੋਂ ਕੇਦਾਰਨਾਥ ਅਤੇ ਗੋਬਿੰਦ ਘਾਟ ਤੋਂ ਹੇਮਕੁੰਟ ਸਾਹਿਬ ਜੀ – ਦਾ ਵੀ ਹਵਾਲਾ ਦਿੱਤਾ ਅਤੇ ਕਿਹਾ ਕਿ ਇਹ ਪ੍ਰਾਜੈਕਟ ਪੂਰੇ ਹੋਣ ਨਾਲ ਯਾਤਰਾ ਦਾ ਸਮਾਂ ਕਈ ਘੰਟਿਆਂ ਤੋਂ ਘਟ ਕੇ ਮਹਿਜ਼ 30 ਮਿੰਟ ਰਹਿ ਜਾਵੇਗਾ।