ਰੂਪਨਗਰ, 5 ਮਾਰਚ (ਖ਼ਬਰ ਖਾਸ ਬਿਊਰੋ)
ਚਮਕੌਰ ਸਾਹਿਬ ਇਲਾਕੇ ਦੀ ਇੱਕ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਦੇ ਮੁਲਜ਼ਮ ਸਰਪੰਚ ਹਰਵਿੰਦਰ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਇਲਾਕਾ ਵਾਸੀਆਂ ਵੱਲੋਂ ਬੁੱਧਵਾਰ ਨੂੰ ਰੂਪਨਗਰ-ਚੰਡੀਗੜ੍ਹ ਮਾਰਗ ’ਤੇ ਪਿੰਡ ਸਿੰਘ ਭਗਵੰਤਪੁਰ ਵਿਖੇ ਧਰਨਾ ਲਗਾ ਕੇ ਕੌਮੀ ਮਾਰਗ ਜਾਮ ਕੀਤਾ ਗਿਆ। ਇਸ ਧਰਨੇ ਵਿੱਚ ਜਿੱਥੇ ਸਾਰੀਆਂ ਵਿਰੋਧੀ ਪਾਰਟੀਆਂ ਦੇ ਆਗੂ ਅਤੇ ਵਰਕਰ ਸ਼ਾਮਿਲ ਹੋਏ ਹਨ, ਉੱਥੇ ਹੀ ਚਮਕੌਰ ਸਾਹਿਬ ਦੇ ਆਮ ਆਦਮੀ ਪਾਰਟੀ ਦੇ ਐੱਮਸੀ ਸੁਖਵੀਰ ਸਿੰਘ ਵੀ ਸ਼ਾਮਲ ਹੋਏ।
ਲੋਕਾਂ ਵੱਲੋ ਦੋਸ਼ ਲਗਾਇਆ ਜਾ ਰਿਹਾ ਹੈ ਕਿ ਪੁਲੀਸ ਵੱਲੋਂ ਮੁਲਜ਼ਮ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਪੀੜਤ ਪਰਿਵਾਰ ਦੇ ਹਮਾਇਤੀਆਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਇਸ ਦੌਰਾਨ ਪੁਲੀਸ ਅਧਿਕਾਰੀਆਂ ਵੱਲੋਂ ਧਰਨੇ ਵਿਚ ਪੁੱਜ ਕੇ ਮੁਲਜ਼ਮ ਨੂੰ ਦੋ ਦਿਨਾਂ ਵਿਚ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਤੋਂ ਬਾਅਦ ਮੁਜ਼ਾਹਰਾਕਾਰੀਆਂ ਨੇ ਮੁਲਜ਼ਮ ਨੂੰ 4 ਦਿਨਾਂ ’ਚ ਫੜਨ ਦਾ ਅਲਟੀਮੇਟਮ ਦਿੰਦਿਆਂ ਧਰਨਾ ਚੁੱਕ ਲਿਆ।