ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਫ਼ਸੀਲ ਤੋਂ ਬਣੀ ਭਰਤੀ ਕਮੇਟੀ ਨੇ ਅਰਦਾਸ ਉਪਰੰਤ ਭਰਤੀ ਦੇ ਆਗਾਜ਼ ਦਾ ਮੁੱਢ ਬੰਨ੍ਹਿਆ

ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਸਾਰੇ ਸੰਤ ਮਹਾਂਪੁਰਸ਼ਾਂ, ਪੰਥਕ ਦਲ, ਵੱਖ ਵੱਖ ਅਕਾਲੀ ਦਲਾਂ, ਟਕਸਾਲਾਂ ਆਦਿ ਨੂੰ ਸਾਥ ਦੇਣ ਦੀ ਅਪੀਲ

ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਹਰੇਕ ਪੰਜਾਬ ਪ੍ਰਸਤ ਪੰਜਾਬੀ ਦਾ ਸਾਥ ਮੰਗਾਂਗੇ

ਸ੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਨਾਲ ਪੰਜਾਬ ਤਰੱਕੀ ਦੀ ਰਫਤਾਰ ਫੜੇਗਾ ਤੇ ਭਾਈਚਾਰਕ ਸਾਂਝ ਮਜ਼ਬੂਤ ਹੋਵੇਗੀ

 

ਸ੍ਰੀ ਅੰਮ੍ਰਿਤਸਰ ਸਾਹਿਬ 4 ਮਾਰਚ (ਖ਼ਬਰ ਖਾਸ ਬਿਊਰੋ)

ਲੰਘੇ ਸਾਲ ਦੀ ਦੋ ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਪੰਜ ਸਿੰਘ ਸਾਹਿਬਾਨਾਂ ਵੱਲੋਂ ਸੁਣਾਈ ਗਈ ਧਾਰਮਿਕ ਸਜਾ ਉਪਰੰਤ ਪੰਥ ਦੀ ਨੁਮਾਇਦਾ ਸਿਆਸੀ ਜਮਾਤ ਨੂੰ ਤਕੜਾ ਕਰਨ ਲਈ ਬਣਾਈ ਸੱਤ ਮੈਂਬਰੀ ਭਰਤੀ ਕਮੇਟੀ ਦੇ ਪੰਜ ਕਾਰਜਸ਼ੀਲ ਮੈਬਰਾਂ ਸਰਦਾਰ ਮਨਪ੍ਰੀਤ ਸਿੰਘ ਇਯਾਲੀ, ਸਰਦਾਰ ਇਕਬਾਲ ਸਿੰਘ ਝੂੰਦਾਂ, ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਸਰਦਾਰ ਸੰਤਾ ਸਿੰਘ ਉਮੈਦਪੁਰੀ ਅਤੇ ਬੀਬੀ ਸਤਵੰਤ ਕੌਰ ਵੱਲੋ ਅੱਜ ਸ੍ਰੀ ਅਕਾਲ ਤਖ਼ਤ ਤੇ ਅਰਦਾਸ ਕਰਨ ਅਤੇ ਗੁਰੂ ਮਹਾਰਾਜ ਤੋਂ ਅਸ਼ੀਰਵਾਦ ਪ੍ਰਾਪਤ ਕਰਨ ਉਪਰੰਤ ਭਰਤੀ ਸ਼ੁਰੂ ਕਰਨ ਦਾ ਅਧਿਕਾਰਿਕ ਐਲਾਨ ਕੀਤਾ। ਪੰਜ ਮੈਂਬਰੀ ਭਰਤੀ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰਤੀ ਆਪਣੀ ਦ੍ਰਿੜਤਾ, ਵਚਨਬੱਧਤਾ, ਸਮਰਪਿਤ ਭਾਵਨਾ ਦਿਖਾਉਂਦਿਆਂ ਕਿਹਾ ਕਿ ਪੰਥ ਦੀ ਨੁਮਾਇੰਦਾ ਜਮਾਤ ਨੂੰ ਮਜ਼ਬੂਤ ਕਰਨ ਲਈ ਜਿਹੜੀ ਸੇਵਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਫ਼ਸੀਲ ਤੋ ਓਹਨਾ ਦੇ ਹਿੱਸੇ ਆਈ ਹੈ, ਉਸ ਸੇਵਾ ਨੂੰ ਬਿਨਾਂ ਕਿਸੇ ਭੇਦ ਭਾਵ ਦੇ ਬੜੀ ਇਮਾਨਦਾਰੀ ਤੇ ਦਿਆਨਤਦਾਰੀ ਨਾਲ ਪੂਰਾ ਕਰਨ ਲਈ ਪੂਰਨ ਤੌਰ ਤੇ ਤਿਆਰ ਹਨ।

ਹੋਰ ਪੜ੍ਹੋ 👉  ਮੁੱਖ ਮੰਤਰੀ ਨੇ ਭਾਈ ਕਨ੍ਹਈਆ ਜੀ ਦਾ ਇਤਿਹਾਸਿਕ ਹਵਾਲਾ ਗ਼ਲਤ ਸੰਦਰਭ ਵਿੱਚ ਦਿੱਤਾ- ਪਰਗਟ ਸਿੰਘ

ਭਰਤੀ ਕਮੇਟੀ ਨੇ ਜਾਰੀ ਪ੍ਰੋਗਰਾਮ ਦੱਸਿਆ ਕਿ ਪੰਥ ਅਤੇ ਪੰਜਾਬ ਦੀ ਨੁਮਾਇਦਾ ਸਿਆਸੀ ਜਮਾਤ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ 18 ਮਾਰਚ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸ਼ੁਰੂ ਕੀਤੀ ਜਾਵੇਗੀ। ਇਸ ਭਰਤੀ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਨ ਲਈ ਲੋੜ ਮੁਤਾਬਿਕ ਅਕਾਲੀ ਸੋਚ ਰੱਖਣ ਵਾਲੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿੱਤ ਸਿੱਖ ਸੰਗਤ ਅਤੇ ਪੰਜਾਬੀਆਂ ਤੋਂ ਸਹਿਯੋਗ ਵੀ ਮੰਗਿਆ ਜਾਵੇਗਾ।

ਭਰਤੀ ਕਮੇਟੀ ਮੈਬਰਾਂ ਨੇ ਜਾਣਕਾਰੀ ਸਾਂਝਾ ਕਰਦਿਆਂ ਕਿਹਾ ਕਿ, ਸ਼੍ਰੋਮਣੀ ਅਕਾਲੀ ਦਲ ਸਿਰਫ ਪੰਜਾਬ ਤੱਕ ਹੀ ਭਰਤੀ ਲਈ ਮਹਿਦੂਦ ਨਹੀਂ ਹੈ, ਹੋਰ ਸੂਬਿਆਂ ਵਿੱਚੋਂ ਖਾਸ ਕਰਕੇ ਦੇਸ਼ ਦੀ ਰਾਜਧਾਨੀ ਤੋਂ ਵੀ ਵੱਡੀ ਪੱਧਰ ਤੇ ਭਰਤੀ ਕੀਤੀ ਜਾਂਦੀ ਹੈ, ਇਸ ਲਈ ਆਉਣ ਵਾਲੇ ਕੁਝ ਦਿਨਾਂ ਤੱਕ ਭਰਤੀ ਕਮੇਟੀ ਆਪਣਾ ਪੂਰਾ ਪ੍ਰੋਗਰਾਮ ਜਾਰੀ ਕਰੇਗੀ। ਭਰਤੀ ਬਿਨਾ ਕਿਸੇ ਧੜੇਬੰਦੀ ਜਾਂ ਵਿਆਕਤੀ ਵਿਸ਼ੇਸ਼ ਦੇ ਹਰੇਕ ਲਈ ਖੁੱਲੀ ਹੋਵੇਗੀ। ਭਰਤੀ ਕਮੇਟੀ ਮੈਬਰਾਂ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ, ਅੱਜ ਭਰਤੀ ਲਈ ਅਰਦਾਸ ਕਰਨ ਉਪਰੰਤ ਮੈਂਬਰਸ਼ਿਪ ਲਈ ਕਾਪੀਆਂ ਛਪਾਉਣ ਲਈ ਮੁੱਢਲੀ ਰਾਇ ਕੀਤੀ ਗਈ ਹੈ, ਜਿਸ ਤਹਿਤ ਕਾਪੀਆਂ ਦੀ ਛਪਾਈ ਦਾ ਕੰਮ ਅਗਲੇ ਹਫਤੇ ਤੱਕ ਪੂਰਾ ਕਰ ਲਿਆ ਜਾਵੇਗਾ।

ਹੋਰ ਪੜ੍ਹੋ 👉  ਯੁੱਧ ਨਸ਼ਿਆਂ ਵਿਰੁੱਧ’ ਦੇ ਦੂਜੇ ਪੜਾਅ ਦੀ ਪ੍ਰਗਤੀ ਦਾ ਮੁੱਖ ਮੰਤਰੀ ਨੇ ਲਿਆ ਜਾਇਜਾ, ਕਹੀ ਇਹ ਗੱਲ

ਭਰਤੀ ਕਮੇਟੀ ਮੈਂਬਰਾਂ ਨੇ ਸਮੁੱਚੇ ਅਕਾਲੀ ਧੜਿਆਂ ਨੂੰ ਅੱਗੇ ਆਕੇ ਇੱਕਮੁੱਠ ਹੋਕੇ ਭਰਤੀ ਕਰਨ ਦੀ ਮੁੜ ਪੁਰਜੋਰ ਅਪੀਲ ਕੀਤੀ। ਇਸ ਦੇ ਨਾਲ ਹੀ ਭਰਤੀ ਕਮੇਟੀ ਨੇ ਕਿਹਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿੱਤ ਸਮੂਹ ਸੰਤ ਸਮਾਜ, ਸੰਪਰਦਾਵਾਂ ਦੇ ਮੁਖੀਆਂ, ਟਕਸਾਲਾਂ ਅਤੇ ਪੰਥਕ ਦਲਾਂ ਨੂੰ ਭਾਵੇਂ ਅਸੀ ਨਿੱਜੀ ਤੌਰ ਤੇ ਮਿਲ ਕੇ ਵੀ ਬੇਨਤੀ ਕਰਾਂਗੇ ਪਰ ਅੱਜ ਮੀਡੀਆ ਰਾਹੀ ਵੀ ਬੇਨਤੀ ਕਰਦੇ ਹਾਂ ਕਿ ਭਰਤੀ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਕਿਰਪਾਲਤਾ ਕਰਨ।

Leave a Reply

Your email address will not be published. Required fields are marked *