ਚੰਡੀਗੜ੍ਹ , 4 ਮਾਰਚ (ਖ਼ਬਰ ਖਾਸ ਬਿਊਰੋ)
ਸੰਯੁਕਤ ਕਿਸਾਨ ਮੋਰਚੇ ਵੱਲੋਂ ਚੰਡੀਗੜ੍ਹ ਵਿਖੇ ਲਗਾਏ ਜਾਣ ਵਾਲੇ ਪੱਕੇ ਮੋਰਚੇ ਨੂੰ ਰੋਕਣ ਦੇ ਮਕਸਦ ਨਾਲ ਅੱਜ ਇੱਕ ਪੁਲੀਸ ਪਾਰਟੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਗੜ੍ਹ ਵਜੋਂ ਜਾਣੇ ਜਾਂਦੇ ਪਿੰਡ ਫਤਹਿਗੜ੍ਹ ਛੰਨਾ ’ਚ ਕਿਸਾਨ ਆਗੂਆਂ ਨੂੰ ਫੜਨ ਲਈ ਪੁੱਜੀ ਤਾਂ ਪਿੰਡ ਦੇ ਲੋਕਾਂ ਨੇ ਪੁਲੀਸ ਪਾਰਟੀ ਦਾ ਘਿਰਾਓ ਕਰ ਦਿੱਤਾ।
ਮੌਕੇ ਤੇ ਇਕੱਠੇ ਹੋਏ ਲੋਕ ਪੁਲੀਸ ਪਾਰਟੀ ਦੀ ਗੱਡੀ ਅੱਗੇ ਬੈਠ ਗਏ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜੀ ਸ਼ੁਰੂ ਕਰ ਧਰਨਾ ਲਗਾ ਦਿੱਤਾ । ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਚਮਕੌਰ ਸਿੰਘ ਨੈਣੇਵਾਲ ਜਿਲਾ ਪ੍ਰਧਾਨ,ਬਲੌਰ ਸਿੰਘ ਛੰਨਾ,ਭਗਤ ਸਿੰੰਘ ਛੰਨਾ ਅਤੇ ਪੱਪੂ ਸਿੰਘ ਨੇ ਕਿਹਾ ਕਿ ਸੰਯੁਕਤ ਮੌਰਚੇ ਵੱਲੋਂ ਚੰਡੀਗੜ੍ਹ ਵਿਖੇ ਲਗਾਏ ਜਾ ਰਹੇ ਧਰਨੇ ਨੂੰ ਸਰਕਾਰ ਨੇ ਅਸਫਲ ਬਣਾਉਣ ਲਈ ਪੰਜਾਬ ਅੰਦਰ ਕਿਸਾਨ ਆਗੂਆਂ ਦੀ ਫੜੋ ਫੜੀ ਸ਼ੁਰੂ ਕੀਤੀ ਹੈ ਜਿਸ ਦੀ ਅਸੀਂ ਜ਼ੋਰਦਾਰ ਨਿਖੇਧੀ ਕਰਦੇ ਹਾਂ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਲੋਕਾਂ ਦੀ ਅਵਾਜ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ । ਇਸ ਮੌਕੇ ਸੂਬਾ ਕਮੇਟੀ ਦੇ ਫੈਸਲੇ ਤੇ ਪੁਲੀਸ ਪਾਰਟੀ ਦਾ ਘਿਰਾਓ ਸਮਾਪਤ ਕਰਦਿਆਂ ਆਗੂਆਂ ਨੇ ਪਿੰਡ ਵਿੱਚ ਮਾਰਚ ਕੀਤਾ ਤੇ ਪੰਜਾਬ ਸਰਕਾਰ ਦੀ ਅਰਥੀ ਸਾੜ ਕੇ ਚੰਡੀਗੜ ਧਰਨੇ ਲਈ ਲਾਮਬੰਦੀ ਸ਼ੁਰੂ ਕਰ ਦਿੱਤੀ । ਇਸ ਮੌਕੇ ਕ੍ਰਿਸ਼ਨ ਛੰਨਾ ਅਤੇ ਬਲਜਿੰਦਰ ਸਿੰਘ ਹਾਜਰ ਸਨ ।