ਰਾਏਕੋਟ, 4 ਮਾਰਚ (ਖ਼ਬਰ ਖਾਸ ਬਿਊਰੋ)
ਰਾਏਕੋਟ ਸਦਰ ਪੁਲੀਸ ਨੇ ਅੱਧੀ ਰਾਤ ਸਮੇਂ ਕਰੀਬ ਡੇਢ ਵਜੇ ਭਾਕਿਯੂ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ ਦੇ ਘਰ ਛਾਪੇਮਾਰੀ ਕੀਤੀ, ਪਰ ਉਹ ਕੁਝ ਸਮਾਂ ਪਹਿਲਾਂ ਹੀ ਘਰੋਂ ਨਿਕਲ ਗਏ ਸਨ। ਸੁਦਾਗਰ ਸਿੰਘ ਘੁਡਾਣੀ ਨੂੰ ਖੰਨਾ ਜ਼ਿਲ੍ਹੇ ਦੀ ਪੁਲੀਸ ਵੱਲੋਂ ਹਿਰਾਸਤ ਵਿੱਚ ਲਏ ਜਾਣ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਭਾਕਿਯੂ (ਉਗਰਾਹਾਂ) ਦੇ ਬਹੁਤੇ ਆਗੂ ਰੂਪੋਸ਼ ਹੋ ਗਏ ਹਨ। ਉਧਰ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਬਰ੍ਹਮੀ ਪਹਿਲਾਂ ਹੀ ਰੂਪੋਸ਼ ਹੋ ਚੁੱਕੇ ਸਨ। ਰਾਏਕੋਟ ਦੇ ਕਾਰਜਕਾਰੀ ਉਪ ਪੁਲੀਸ ਕਪਤਾਨ ਇੰਦਰਜੀਤ ਸਿੰਘ ਬੋਪਾਰਾਏ ਅਨੁਸਾਰ ਤਰਲੋਚਨ ਸਿੰਘ ਖ਼ਿਲਾਫ਼ ਪਹਿਲਾਂ ਹੀ ਇੱਕ ਕੇਸ ਦਰਜ ਹੋਣ ਕਾਰਨ ਉਹ ਘਰ ਤੋਂ ਬਾਹਰ ਰਹਿ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਰਾਏਕੋਟ ਸ਼ਹਿਰੀ ਪੁਲੀਸ ਨੇ ਤੜਕਸਾਰ ਕਰੀਬ ਦੋ ਵਜੇ ਪੰਜਾਬ ਕਿਸਾਨ ਯੂਨੀਅਨ (ਰੁਲਦੂ ਸਿੰਘ) ਦੇ ਸੂਬਾ ਜਥੇਬੰਦਕ ਸਕੱਤਰ ਗੁਰਚਰਨ ਸਿੰਘ ਬੜਿੰਗ ਨੂੰ ਉਨ੍ਹਾਂ ਦੀ ਰਾਏਕੋਟ ਸ਼ਹਿਰ ਵਾਲੀ ਰਿਹਾਇਸ਼ ਤੋਂ ਹਿਰਾਸਤ ਵਿੱਚ ਲੈ ਲਿਆ ਹੈ। ਰਾਏਕੋਟ ਸ਼ਹਿਰੀ ਪੁਲੀਸ ਨੇ ਭਾਕਿਯੂ (ਕਾਦੀਆਂ) ਦੇ ਆਗੂ ਗੁਰਜੀਤ ਸਿੰਘ ਰਿੰਟਾ ਨੂੰ ਵੀ ਰਾਏਕੋਟ ਸ਼ਹਿਰ ਵਿੱਚ ਉਸ ਦੀ ਰਹਾਇਸ਼ ਤੋਂ ਹਿਰਾਸਤ ਵਿੱਚ ਲਿਆ ਹੈ।