ਨਵੀਂ ਦਿੱਲੀ, 3 ਮਾਰਚ (ਖ਼ਬਰ ਖਾਸ ਬਿਊਰੋ)
ਕਾਬਿਲੇਗੌਰ ਹੈ ਕਿ ਕਾਂਗਰਸ ਤਰਜਮਾਨ ਨੇ ਐਤਵਾਰ ਨੂੰ ਮੈਚ ਦੌਰਾਨ ਐਕਸ ’ਤੇ ਇਕ ਪੋਸਟ ਵਿਚ ਰੋਹਿਤ ਨੂੰ ‘fat sportsman’ ਦੱਸਿਆ ਸੀ। ਸ਼ਮਾ ਮੁਹੰਮਦ ਨੇ ਲਿਖਿਆ ਸੀ, ‘‘ਇਕ ਖਿਡਾਰੀ ਵਜੋਂ ਰੋੋਹਿਤ ਸ਼ਰਮਾ ਦਾ ਵਜ਼ਨ ਜ਼ਿਆਦਾ ਹੈ! ਉਸ ਨੂੰ ਵਜ਼ਨ ਘਟਾਉਣ ਦੀ ਲੋੜ ਹੈ! ਅਤੇ ਉਹ ਭਾਰਤ ਦਾ ਸਭ ਤੋਂ ਗੈਰ-ਪ੍ਰਭਾਵਸ਼ਾਲੀ ਕਪਤਾਨ ਰਿਹਾ ਹੈ।’’
ਸਿਆਸੀ ਸਫ਼ਾਂ ਨਾਲ ਜੁੜੇ ਲੋਕਾਂ ਨੇ ਕਾਂਗਰਸ ਤਰਜਮਾਨ ਦੀਆਂ ਇਨ੍ਹਾਂ ਟਿੱਪਣੀਆਂ ਦੀ ਨਿਖੇਧੀ ਕੀਤੀ ਹੈ। ਭਾਜਪਾ ਤਰਜਮਾਨ ਪ੍ਰਦੀਪ ਭੰਡਾਰੀ ਨੇ ਕਿਹਾ ਕਿ ਦੇਸ਼ ਦੇ ਸਭ ਤੋਂ ਸਫ਼ਲ ਕ੍ਰਿਕਟਰਾਂ ਵਿਚੋਂ ਇਕ ਨੂੰ ‘ਮੋਟਾ ਮੋਟਾ’ ਕਹਿਣ ਲਈ ਕਾਂਗਰਸ ਨੂੰ ਸ਼ਰਮ ਆਉਣੀ ਚਾਹੀਦੀ ਹੈ। ਪਾਰਟੀ ਨੇ ਕਾਂਗਰਸ ਆਗੂ ਰਾਹੁਲ ਗਾਂਧੀ ’ਤੇ ਵੀ ਚੁਟਕੀ ਲਈ।
ਭੰਡਾਰੀ ਨੇ ਮੁਹੰਮਦ ਦੀਆਂ ਉਪਰੋਕਤ ਟਿੱਪਣੀਆਂ ਦੇ ਜਵਾਬ ਵਿਚ ਕਿਹਾ, ‘‘ਕਾਂਗਰਸ ਨੂੰ ਸ਼ਰਮ ਆਉਣੀ ਚਾਹੀਦੀ ਹੈ! ਹੁਣ ਉਹ ਭਾਰਤੀ ਕ੍ਰਿਕਟ ਕਪਤਾਨ ਦੇ ਪਿੱਛੇ ਪੈ ਗਏ ਹਨ! ਕੀ ਉਹ ਇਹ ਉਮੀਦ ਕਰਦੇ ਹਨ ਕਿ ਭਾਰਤੀ ਸਿਆਸਤ ਵਿਚ ਨਾਕਾਮ ਰਹਿਣ ਮਗਰੋਂ ਹੁਣ ਰਾਹੁਲ ਗਾਂਧੀ ਕ੍ਰਿਕਟ ਖੇੇਡਣ।’’ ਉਨ੍ਹਾਂ ਅੱਗੇ ਕਿਹਾ, ‘‘ਇਹ ਹਰ ਉਸ ਦੇਸ਼ ਭਗਤ ਦਾ ਨਿਰਾਦਰ ਹੈ ਜੋ ਭਾਰਤੀ ਕ੍ਰਿਕਟ ਟੀਮ ਦੀ ਹਮਾਇਤ ਕਰਦਾ ਹੈ। ਮੈਂ ਕਾਂਗਰਸ ਦੀ ਆਲੋਚਨਾ ’ਤੇ ਉਜ਼ਰ ਜਤਾਉਂਦਾ ਹਾਂ।’’ ਸ਼ਮਾ ਮੁਹੰਮਦ ਨੇ ਹਾਲਾਂਕਿ ਚਹੁੰਪਾਸਿਓਂ ਹੋਈ ਆਲੋਚਨਾ ਮਗਰੋਂ ਭਾਰਤੀ ਕਪਤਾਨ ਬਾਰੇ ਆਪਣੀ ਸੋਸ਼ਲ ਮੀਡੀਆ ਪੋਸਟ ਨੂੰ ਡਿਲੀਟ ਕਰ ਦਿੱਤਾ।
ਇਸ ਦੌਰਾਨ ਇੰਡੀਆ ਗੱਠਜੋੜ ਦਾ ਇੱਕ ਮੁੱਖ ਭਾਈਵਾਲ ਸ਼ਿਵ ਸੈਨਾ (ਯੂਬੀਟੀ) ਨੇ ਰੋਹਿਤ ਸ਼ਰਮਾ ਦੀ ਹਮਾਇਤ ਵਿਚ ਨਿੱਤਰਦਿਆਂ ਭਾਰਤੀ ਕਪਤਾਨ ਨੂੰ ਚੈਂਪੀਅਨਜ਼ ਟਰਾਫੀ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਪ੍ਰਿਯੰਕਾ ਚਤੁਰਵੇਦੀ ਨੇ ਐਕਸ ’ਤੇ ਲਿਖਿਆ, ‘‘ਇੱਕ ਉਤਸ਼ਾਹੀ ਕ੍ਰਿਕਟ ਪ੍ਰਸ਼ੰਸਕ ਨਹੀਂ ਹਾਂ ਹਾਲਾਂਕਿ ਖੇਡ ਵਿੱਚ ਮੇਰੀ ਸੀਮਤ ਦਿਲਚਸਪੀ ਦੇ ਬਾਵਜੂਦ, ਮੈਂ ਕਹਿ ਸਕਦੀ ਹਾਂ ਕਿ ਰੋਹਿਤ ਸ਼ਰਮਾ ਨੇ ਵਾਧੂ ਪੌਂਡ ਭਾਰ ਦੇ ਨਾਲ ਜਾਂ ਇਸ ਤੋਂ ਬਿਨਾਂ, ਭਾਰਤ ਦੀ ਟੀਮ ਨੂੰ ਬਹੁਤ ਬੁਲੰਦੀਆਂ ’ਤੇ ਪਹੁੰਚਾਇਆ ਹੈ। ਇਹ ਉਸ ਦਾ ਕੰਮ ਹੈ ਅਤੇ ਇਸ ਪ੍ਰਤੀ ਵਚਨਬੱਧਤਾ ਮਾਇਨੇ ਰੱਖਦੀ ਹੈ। ਟਰਾਫੀ ਜਿੱਤੋ, ਚੈਂਪੀਅਨ!’’
ਰੋਹਿਤ ਸ਼ਰਮਾ 2023 ਵਿੱਚ ਭਾਰਤੀ ਕ੍ਰਿਕਟ ਟੀਮ ਦਾ ਕਪਤਾਨ ਬਣਿਆ ਸੀ। ਉਸ ਨੇ ਪਿਛਲੇ ਸਾਲ ਟੀ-20 ਵਿਸ਼ਵ ਕੱਪ ਅਤੇ ਦੋ ਏਸ਼ੀਆ ਕੱਪ ਟਰਾਫੀਆਂ ਵਿੱਚ ਟੀਮ ਇੰਡੀਆ ਦੀ ਜਿੱਤ ਦੀ ਅਗਵਾਈ ਕੀਤੀ ਹੈ। ਆਈਪੀਐਲ ਵਿੱਚ ਵੀ ਉਸ ਨੇ ਸ਼ਾਨਦਾਰ ਰਿਕਾਰਡ ਕਾਇਮ ਆਪਣੀ ਮੁੰਬਈ ਇੰਡੀਅਨਜ਼ ਟੀਮ ਲਈ ਪੰਜ ਵਾਰ ਟਰਾਫੀ ਜਿੱਤੀ ਹੈ।