ਇਟਲੀ 1 ਮਾਰਚ (ਖ਼ਬਰ ਖਾਸ ਬਿਊਰੋ)
ਇਟਲੀ ਅਤੇ ਭਾਰਤ ਦੇ ਕਾਰੋਬਾਰੀ ਤੇ ਸੱਭਿਆਚਾਰਕ ਸਬੰਧਾਂ ਨੂੰ ਪਹਿਲਾਂ ਤੋਂ ਵੀ ਜਿ਼ਆਦਾ ਗੂੜਾ ਤੇ ਗਹਿਗਚ ਕਰਨ ਲਈ ਦੋਨਾਂ ਦੇਸ਼ਾਂ ਦੀਆਂ ਸਰਕਾਰ ਸ਼ਲਾਘਾਯੋਗ ਕਾਰਵਾਈਆਂ ਨੂੰ ਅੰਜਾਮ ਦੇ ਰਹੀਆਂ ਹਨ। ਇਸ ਮਿਸ਼ਨ ਤਹਿਤ ਹੀ ਭਾਰਤੀ ਅੰਬੈਂਸੀ ਰੋਮ ਦੇ ਉਪ-ਰਾਜਦੂਤ ਅਮਰਾਰਾਮ ਗੁੱਜਰ ਵੱਲੋਂ ਇਟਲੀ ਦੇ ਸੂਬੇ ਮਾਰਕੇ ਦੇ ਭਾਰਤੀ ਤੇ ਇਟਾਲੀਅਨ ਭਾਈਚਾਰੇ ਦੇ ਲੋਕਾਂ ਨੂੰ ਵਿਸ਼ੇਸ ਮਿਲਣੀ ਕੀਤੀ ਗਈ।
ਜ਼ਿਲ੍ਹਾ ਮਚਰੇਤਾ ਦੇ ਨਗਰ ਕੌਂਸਲ ਕਮਪੋਰਤੋਂਦੋ ਦੀ ਫਿਆਸਤਰੋਨੇ ਦੇ ਮੇਅਰ ਮਾਸੀਮਿਲਆਨੋ ਮਿਕੁਚੀ, ਨਗਰ ਕੌਂਸਲ ਸੇਸਾਪਾਲੋਮਬੋ ਦੀ ਮੇਅਰ ਜੇਸੇਪੀਨਾ ਫੇਲੀਸੀਓਤੀ,ਨਗਰ ਕੌਂਸਲ ਚੀਵੀਤਾਨੋਵਾ ਮਾਰਕੇ ਦੇ ਮੇਅਰ ਫਾਬਰੀਸੀਓ ਚਾਰਾਪੀਕਾ ਤੇ ਕੌਂਸਲਰ ਏਰਮਾਨੋ ਮਿਕੁਚੀ ਆਦਿ ਵਿਸ਼ੇਸ ਮਿਲਣੀ ਦੌਰਾਨ ਭਾਰਤ-ਇਟਲੀ ਸਬੰਧਾਂ ਨੂੰ ਮਜ਼ਬੂਤ ਕਰਨ ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਭਾਰਤੀ ਤੇ ਇਟਾਲੀਅਨ ਲੋਕਾਂ ਦੀ ਬਿਹਤਰੀ ਲਈ ਕਈ ਯੋਜਨਾਵਾਂ ਤੇ ਵੀ ਵਿਚਾਰਾਂ ਹੋਈਆਂ ਜਿਵੇਂ ਰਲ-ਮਿਲ ਦੋਨਾਂ ਦੇਸ਼ਾਂ ਦੇ ਸੱਭਿਆਚਾਰ ਦੀ ਗਵਾਹੀ ਭਰਦੇ ਪ੍ਰੋਗਰਾਮ ਕਰਵਾਉਂਣੇ,ਦੋਨਾਂ ਦੇਸ਼ਾਂ ਦੇ ਲੋਕਾਂ ਨੂੰ ਭਾਰਤੀ ਸੱਭਿਆਚਾਰ ਨਾਲ ਸਬੰਧ ਫ਼ਿਲਮਾਂ ਸਿਨੇਮਾਂ ਘਰਾਂ ’ਚ ਮੁਫ਼ਤ ਦਿਖਾਉਣਾ ਆਦਿ।ਇਸ ਤੋਂ ਇਲਾਵਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ 2024-25 ਨੂੰ ਰਾਮਾਇਣ ਕਾਲ ਵਜੋਂ ਘੋਸ਼ਿਤ ਕੀਤਾ ਤੇ ਸ਼੍ਰੀ ਰਾਮਾਇਣ ਰਚੇਤਾ ਭਗਵਾਨ ਵਾਲਮੀਕਿ ਜੀ ਦੀ ਇਟਲੀ ਦੇ ਮਾਰਕੇ ਸੂਬੇ ’ਚ ਵਿਸ਼ੇਸ ਮੂਰਤੀ ਸਥਾਪਿਤ ਕਰਨ ਦੀਆਂ ਡੂੰਘੀਆਂ ਵਿਚਾਰਾਂ ਉਕਤ ਮੇਅਰਾਂ ਨਾਲ ਹੋਈਆਂ ਜਿਹਨਾਂ ਨੇ ਭਗਵਾਨ ਵਾਲਮੀਕਿ ਜੀ ਦੀ ਮੂਰਤੀ ਨੂੰ ਆਪਣੇ ਇਲਾਕੇ ’ਚ ਸਥਾਪਿਤ ਕਰਨ ਲਈ ਭਾਰਤ ਸਰਕਾਰ ਨੂੰ ਹਰੀ ਝੰਡੀ ਦੇ ਦਿੱਤੀ ਹੈ।
ਜ਼ਿਕਰਯੋਗ ਯੋਗ ਹੈ ਕਿ ਭਗਵਾਨ ਵਾਲਮੀਕਿ ਜੀ ਦੀ ਇਹ ਮੂਰਤੀ ਭਾਰਤ ਸਰਕਾਰ ਵੱਲੋਂ ਇਟਲੀ ਵਿੱਚ ਸਥਾਪਿਤ ਕੀਤੀ ਜਾ ਰਹੀ ਹੈ ਜੋ ਕਿ ਇੱਕ ਇਤਿਹਾਸਕ ਕਾਰਵਾਈ ਹੋਵੇਗੀ। ਇਟਲੀ ਦੇ ਸੂਬੇ ਮਾਰਕੇ ਦੇ ਸ਼ਹਿਰ ਚੀਵੀਤਾਨੋਵਾ ਮਾਰਕੇ ਵਿੱਚ ਹੀ ਯੂਰਪ ਦਾ ਪਹਿਲਾ ਭਗਵਾਨ ਵਾਲਮੀਕਿ ਮੰਦਿਰ ਹੈ ਜਿੱਥੇ ਹਰ ਸਾਲ ਉਹਨਾਂ ਦਾ ਪ੍ਰਗਟ ਦਿਵਸ ਭਾਰਤੀ ਤੇ ਇਟਾਲੀਅਨ ਭਾਈਚਾਰੇ ਵੱਲੋਂ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਮੂਰਤੀ ਦੀ ਸਥਾਪਨਾ ਨੂੰ ਆਪਣੇ ਇਲਾਕੇ ਵਿੱਚ ਹੋਣ ਤੇ ਮਿਲਣੀ ਵਿੱਚ ਸ਼ਾਮਿਲ ਹੋਏ ਮੇਅਰਾਂ ਨੇ ਬਹੁਤ ਹੀ ਖੁਸ਼ੀ ਭਰੇ ਸ਼ਬਦਾਂ ਨਾਲ ਭਾਰਤੀ ਉਪ-ਰਾਜਦੂਤ ਗੁੱਜਰ ਹੁਰਾਂ ਦਾ ਸਵਾਗਤ ਕੀਤਾ।
ਇਸ ਮੌਕੇ ਉਹਨਾਂ ਨਾਲ ਭਗਵਾਨ ਵਾਲਮੀਕਿ ਮੰਦਿਰ ਚੀਵੀਤਾਨੋਵਾ ਦੇ ਪ੍ਰਧਾਨ ਬਹਾਦਰ ਭੱਟੀ,ਜਨਰਲ ਸਕੱਤਰ ਡਾਕਟਰ ਅਸ਼ੋਕ ਕੁਮਾਰ,ਭਾਰਤੀ ਵਾਲਮੀਕਿ ਸਮਾਜ ਯੂਰਪ ਦੇ ਪ੍ਰਧਾਨ ਦਲਵੀਰ ਭੱਟੀ,ਇੰਡੋ-ਇਟਾਲੀਅਨ ਕਲਚਰ ਐਂਡ ਵੈਲਫੇਅਰ ਐਸ਼ੋਸ਼ੀਏਸ਼ਨ ਦੇ ਪ੍ਰਧਾਨ ਵਿਸ਼ਨੂੰ ਕੁਮਾਰ ਵੀ ਇਸ ਮੀਟਿੰਗ ਵਿੱਚ ਸ਼ਾਮਿਲ ਸਨ। ਇਸ ਮੌਕੇ ਉਪ ਰਾਜਦੂਤ ਸ਼੍ਰੀ ਗੁੱਜਰ ਦਾ ਮੇਅਰ ਸਾਹਿਬਾਨ ਤੇ ਇਟਾਲੀਅਨ ਕਲਚਰ ਐਂਡ ਵੈਲਫੇਅਰ ਐਸ਼ੋਸ਼ੀਏਸ਼ਨ ਵੱਲੋਂ ਵਿਸੇਸ਼ ਸਨਮਾਨ ਵੀ ਕੀਤਾ ਗਿਆ।