ਚੰਡੀਗੜ੍ਹ 22 ਫਰਵਰੀ ( ਖ਼ਬਰ ਖਾਸ ਬਿਊਰੋ)
ਸੰਯੁਕਤ ਕਿਸਾਨ ਮੋਰਚਾ ਅਤੇ ਕੇਂਦਰੀ ਮੰਤਰੀਆਂ ਵਿਚਕਾਰ ਘੱਟੋ-ਘੱਟ ਸਮਰਥਨ ਮੁੱਲ ਨੂੰ ਲੈ ਕੇ ਛੇਵੇਂ ਦੌਰ ਦੀ ਗੱਲਬਾਤ ਸ਼ਨੀਵਾਰ ਸ਼ਾਮਲ ਮੁੜ ਸ਼ੁਰੂ ਹੋ ਗਈ ਹੈ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ , ਪਿਊਸ਼ ਗੋਇਲ, ਕੇਂਦਰੀ ਖੁਰਾਕ ਅਤੇ ਸਪਲਾਈ ਮੰਤਰੀ ਪ੍ਰਹਿਲਾਦ ਜੋਸ਼ੀ ਤੋਂ ਇਲਾਵਾ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਖੁਰਾਕ ਅਤੇ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਵੀ ਪੰਜਾਬ ਸਰਕਾਰ ਵੱਲੋਂ ਮੀਟਿੰਗ ਵਿੱਚ ਸ਼ਾਮਲ ਹਨ।
ਪਿਛਲੇ ਸਾਲ ਹੋਈ ਚਾਰ ਦੌਰ ਦੀ ਗੱਲਬਾਤ ਵਿੱਚ ਪਿਊਸ਼ ਗੋਇਲ ਵੀ ਮੌਜੂਦ ਸਨ, ਪਰ ਜੂਨ ਵਿੱਚ ਨਵੀਂ ਐਨਡੀਏ ਸਰਕਾਰ ਦੇ ਗਠਨ ਤੋਂ ਬਾਅਦ, ਉਨ੍ਹਾਂ ਨੂੰ ਖੁਰਾਕ ਅਤੇ ਸਪਲਾਈ ਮੰਤਰਾਲਾ ਨਹੀਂ ਮਿਲਿਆ, ਜਿਸ ਕਾਰਨ ਉਹ 14 ਫਰਵਰੀ ਨੂੰ ਹੋਈ ਆਖਰੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ ਸਨ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਹੋਰ ਕਿਸਾਨ ਆਗੂ ਖਨੌਰੀ ਤੋਂ ਚੰਡੀਗੜ੍ਹ ਪਹੁੰਚ ਗਏ ਹਨ। ਡੱਲੇਵਾਲ ਨੂੰ ਇੱਕ ਵਿਸ਼ੇਸ਼ ਐਂਬੂਲੈਂਸ ਵੈਨ ਵਿੱਚ ਲਿਆਂਦਾ ਗਿਆ। ਉਹ ਮਹਾਤਮਾ ਗਾਂਧੀ ਇੰਸਟੀਚਿਊਟ ਪਹੁੰਚ ਗਏ ਹਨ।
ਪਿਛਲੀ ਮੀਟਿੰਗ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਦੀ ਗੈਰਹਾਜ਼ਰੀ ਕਾਰਨ ਬੇਸਿੱਟਾ ਰਹੀ। ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਕੇਂਦਰ ਸਰਕਾਰ ਵੱਲੋਂ ਕਿਸਾਨ ਸੰਗਠਨਾਂ ਨੂੰ ਕੁਝ ਪ੍ਰਸਤਾਵ ਦਿੱਤਾ ਜਾਵੇਗਾ। ਹਾਲਾਂਕਿ, ਪਿਛਲੇ ਸਾਲ ਫਰਵਰੀ ਵਿੱਚ ਹੋਈ ਚਾਰ ਦੌਰ ਦੀ ਗੱਲਬਾਤ ਵਿੱਚ, ਕਿਸਾਨਾਂ ਨੂੰ ਕਣਕ, ਝੋਨਾ ਅਤੇ ਕਪਾਹ ਤੋਂ ਇਲਾਵਾ ਪੰਜ ਹੋਰ ਫਸਲਾਂ ਦੀ ਪੇਸ਼ਕਸ਼ ਕੀਤੀ ਗਈ ਸੀ ਜੋ ਕਿ ਘੱਟੋ-ਘੱਟ ਸਮਰਥਨ ਮੁੱਲ ‘ਤੇ ਖਰੀਦੀਆਂ ਜਾਣੀਆਂ ਸਨ, ਪਰ ਕਿਸਾਨ ਸਾਰੀਆਂ 23 ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ਕਰ ਰਹੇ ਹਨ।
ਕਿਸਾਨਾਂ ਨੇ ਪਹਿਲਾਂ ਹੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਸ ਮੀਟਿੰਗ ਵਿੱਚ ਕੋਈ ਹੱਲ ਨਹੀਂ ਨਿਕਲਿਆ ਤਾਂ ਉਹ ਐਤਵਾਰ ਨੂੰ ਦਿੱਲੀ ਵੱਲ ਮਾਰਚ ਕਰਨਗੇ।
ਇਹ ਕਿਸਾਨ ਆਗੂ ਹਾਜ਼ਰ—
1) ਸਰਵਣ ਸਿੰਘ ਪੰਧੇਰ (ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ)
2)ਜਸਵਿੰਦਰ ਸਿੰਘ ਲੋਂਗੋਵਾਲ (ਬੀਕੇਯੂ ਏਕਤਾ ਅਜ਼ਾਦ)
3) ਮਨਜੀਤ ਸਿੰਘ ਰਾਏ (ਬੀਕੇਯੂ ਦੋਆਬਾ)
4) ਬਲਵੰਤ ਸਿੰਘ ਬਹਿਰਾਮਕੇ (ਬੀਕੇਯੂ ਬਹਿਰਾਮਕੇ)
5) ਬੀਬੀ ਸੁਖਵਿੰਦਰ ਕੌਰ (ਬੀਕੇਯੂ ਕ੍ਰਾਂਤੀਕਾਰੀ)
6) ਦਿਲਬਾਗ ਸਿੰਘ ਗਿੱਲ ( ਭਾਰਤੀ ਕਿਸਾਨ ਮਜ਼ਦੂਰ ਯੂਨੀਅਨ )
7) ਹਰਵਿੰਦਰ ਸਿੰਘ ਗਿੱਲ ( ਜੀ ਕੇ ਐੱਸ ਰਾਜਿਸਥਾਨ)
8) ਉਕਾਰ ਸਿੰਘ ਭੰਗਾਲਾ (ਕਿਸਾਨ ਮਜ਼ਦੂਰ ਹਿਤਕਾਰੀ ਸਭਾ)
9) ਪਰਮਜੀਤ ਸਿੰਘ ( ਰਾਸ਼ਟਰੀ ਕਿਸਾਨ ਸੰਗਠਨ, ਮੱਧਪ੍ਰਦੇਸ਼/ਬਿਹਾਰ )
10) ਪੀ ਟੀ ਜੋਨ (ਬੀ ਕੇ ਯੂ ਕੇਰਲਾ)
11) ਮਲਕੀਤ ਸਿੰਘ ਗੁਲਾਮੀ ਵਾਲਾ (ਕਿਸਾਨ ਮਜ਼ਦੂਰ ਮੋਰਚਾ)
12) ਤੇਜਵੀਰ ਸਿੰਘ ਪੰਜੋਖਰਾ ( ਬੀ.ਕੇ.ਯੂ. ਸ਼ਹੀਦ ਭਗਤ ਸਿੰਘ ਹਰਿਆਣਾ)
13) ਜੰਗ ਸਿੰਘ ਭਟੇੜੀ (ਬੀ.ਕੇ.ਯੂ. ਭਟੇੜੀ)
14) ਸਤਨਾਮ ਸਿੰਘ ਬਹਿਰੂ ( ਇੰਡੀਅਨ ਫਾਰਮਰਜ਼ ਅਸੋਸੀਏਸ਼ਨ) ਸ਼ਾਮਿਲ ਹੋਣਗੇ ।