ਚੰਡੀਗੜ੍ਹ 9 ਫਰਵਰੀ (ਖ਼ਬਰ ਖਾਸ ਬਿਊਰੋ)
ਵਿਧਾਨ ਸਭਾ ਦੇ ਚੋਣ ਨਤੀਜ਼ਿਆਂ ਨੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਪਰੇਸ਼ਾਨ ਕੀਤਾ ਹੈ। ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਸਾਬਕਾ ਉਪ ਮੁੱਖ ਮੰਤਰੀ ਮੁਨੀਸ਼ ਸਸੋਦੀਆ. ਪਾਠਤ. ਜੈਨ ਸਮੇਤ ਕਈ ਸੀਨੀਅਰ ਨੇਤਾ ਚੋਣ ਹਾਰ ਗਏ ਹਨ। ਪਾਰਟੀ ਦੇ ਵੱਡੇ ਆਗੂਆਂ ਅਤੇ ਦਿੱਲੀ ’ਚ ਪੰਜਾਬੀ ਵਸੋਂ ਵਾਲੇ ਇਲਾਕਿਆਂ ਵਿਚ ਪਾਰਟੀ ਦੀ ਹੋਈ ਹਾਰ ਨੇ ਕੇਂਦਰੀ ਤੇ ਸੂਬੇ ਦੀ ਲੀਡਰਸ਼ਿਪ ਨੂੰ ਪਰੇਸ਼ਾਨ ਕੀਤਾ ਹੈ।
ਪਾਰਟੀ ਲੀਡਰਸ਼ਿਪ ਮਹਿਸੂਸ ਕਰ ਰਹੀ ਹੈ ਕਿ ਪੰਜਾਬੀ ਭਾਈਚਾਰਾ ਪਾਰਟੀ ਦੀਆਂ ਨੀਤੀਆਂ ਅਤੇ ਕੰਮ ਕਰਨ ਦੇ ਢੰਗ ਤਰੀਕਿਆਂ ਤੋਂ ਖੁਸ਼ ਨਹੀਂ ਹੈ। ਪਿਛਲੇ ਦਿਨਾਂ ਦੌਰਾਨ ਚੋਣ ਪ੍ਰਚਾਰ ਕਰਨ ਗਏ ਵੱਖ ਵੱਖ ਜ਼ਿਲ੍ਹਿਆ ਦੇ ਕਈ ਆਗੂਆ ਦਾ ਕਹਿਣਾ ਹੈ ਕਿ ਦਿੱਲੀ ਦਾ ਸਿੱਖ ਤੇ ਪੰਜਾਬੀ ਇਸ ਗੱਲੋ ਨਰਾਜ਼ ਸੀ ਕਿ ਆਪ ਲੀਡਰਸ਼ਿਪ ਨੇ ਦਿੱਲੀ ਸਰਕਾਰ ਵਿਚ ਜਿੱਥੇ ਕਿਸੇ ਪੰਜਾਬੀ ਨੂੰ ਮੰਤਰੀ ਦਾ ਅਹੁੱਦਾ ਨਹੀਂ ਦਿੱਤਾ, ਉਥੇ ਪੰਜਾਬ ਵਿਚ ਵੀ ਦਿੱਲੀ ਦੇ ਆਗੂਆਂ ਨੂੰ ਅੱਗੇ ਕੀਤਾ ਹੋਇਆ ਹੈ, ਜੋ ਉਹਨਾਂ ਨੂੰ ਹਜ਼ਮ ਨਹੀਂ ਹੋ ਰਿਹਾ। ਦਿੱਲੀ ਦੇ ਆਗੂਆਂ ਨੂੰ ਸਰਕਾਰੀ ਵਿਭਾਗਾਂ ਅਤੇ ਪਾਰਟੀ ਵਿਚ ਅੱਗੇ ਲਿਆਉਣ ਕਾਰਨ ਲੋਕਾਂ ਵਿਚ ਗਲਤ ਸੁਨੇਹਾ ਗਿਆ ਹੈ।
ਆਪ ਦੇ ਵਿਧਾਇਕਾਂ ਦਾ ਕਹਿਣਾ ਹੈ ਕਿ ਪਾਰਟੀ ਲੀਡਰਸ਼ਿਪ ਅਤੇ ਪੰਜਾਬ ਸਰਕਾਰ ਨੂੰ ਕੰਮਕਾਰ ਦੇ ਤਰੀਕਿਆ ਵਿਚ ਬਦਲਾਅ ਕਰਨਾ ਪਵੇਗਾ। ਦੋ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਵਿਚ ਕਾਰਪੋਰੇਸ਼ਨ ਚੋਣਾਂ ਦੌਰਾਨ ਕੀਤੀ ਧੱਕੇਸ਼ਾਹੀ ਕਾਰਨ ਜਿੱਥੇ ਪਾਰਟੀ ਚੰਡੀਗੜ੍ਹ ਵਿਚ ਆਪਣਾ ਮੇਅਰ ਬਣਾਉਣ ਤੋਂ ਖੁੰਝ ਗਈ ਹੈ, ਉਥੇ ਮਿਉਂਸਪਲ ਚੋਣਾਂ ਦਾ ਅਸਰ ਦਿੱਲੀ ’ਤੇ ਪਿਆ ਹੈ। ਰੂਪਨਗਰ, ਜਲੰਧਰ ਤੇ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਕਈ ਆਗੂਆਂ, ਵਲੰਟਰੀਅਰਜ, ਜੋ ਦਿੱਲੀ ਪ੍ਰਚਾਰ ਵਿਚ ਗਏ ਸਨ, ਨੇ ਦੱਸਿਆ ਕਿ ਦਿੱਲੀ ਗੁਰਦੁਆਰਾ ਸਾਹਿਬ ਦੀਆਂ ਸਥਾਨਕ ਕਮੇਟੀਆਂ ਦੇ ਆਗੂ ਇਸ ਗੱਲ ਤੋਂ ਖਫ਼ਾ ਸਨ ਕਿ ਆਪ ਦੀ ਕੇਂਦਰੀ ਲੀਡਰਸ਼ਿਪ ਦਾ ਸਿੱਖਾਂ ਪ੍ਰਤੀ ਰਵੱਈਆ ਠੀਕ ਨਹੀਂ ਹੈ। ਪ੍ਰੋਫੈਸਰ ਦਵਿੰਦਰਪਾਲ ਸਿੰਘ ਦੀ ਸਿਹਤ ਠੀਕ ਨਹੀਂ ਹੈ, ਫਿਰ ਵੀ ਦਿੱਲੀ ਸਰਕਾਰ ਨੇ ਉਸ ਬਾਰੇ ਕੋਈ ਫੈਸਲਾ ਨਹੀਂ ਲਿਆ। ਇਸੀ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦੇ ਮਾਮਲਿਆਂ ਸਰਕਾਰ ਕੁੱਝ ਨਹੀਂ ਕਰ ਸਕੀ। ਇਹਨਾਂ ਗੱਲਾਂ ਨੇ ਦਿੱਲੀ ਦੇ ਸਿੱਖ ਤੇ ਪੰਜਾਬੀ ਭਾਈਚਾਰੇ ਵਿਚ ਨਿਰਾਸ਼ਤਾ ਭਰੀ।
ਦੂਜੇ ਪਾਸੇ ਵਿਰੋਧੀ ਪਾਰਟੀਆਂ ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਦਾ ਦਿੱਲੀ ਵਿਚ ਬਹੁਤ ਪ੍ਰਚਾਰ ਕੀਤਾ। ਜਿਸਦਾ ਵੋਟਰਾਂ ’ਤੇ ਕਾਫੀ ਅਸਰ ਪਿਆ ਹੈ। ਆਪ ਦੇ ਇਕ ਆਗੂ ਨੇ ਕਿਹਾ ਕਿ ਦਿੱਲੀ ਵਿਚ ਔਰਤਾਂ ਨੂੰ 2100 ਰੁਪਏ ਦੇਣ ਦਾ ਵਾਅਦਾ ਵੀ ਕੰਮ ਨਹੀਂ ਕਰ ਸਕਿਆ ਕਿਉਂਕਿ ਪੰਜਾਬ ਵਿਚ ਵਾਅਦੇ ਮੁਤਾਬਿਕ ਇਕ ਹਜ਼ਾਰ ਰੁਪਏ ਔਰਤਾਂ ਦੇ ਖਾਤੇ ਵਿਚ ਨਹੀਂ ਪਾ ਸਕੇ। ਇਹ ਗੱਲ ਵਿਰੋਧੀ ਆਗੂਆਂ ਨੇ ਵਿਸ਼ੇਸ਼ ਤੌਰ ’ਤੇ ਉਭਾਰੀ। ਇਸ ਗੱਲ ਦਾ ਪ੍ਰਚਾਰ ਕਰਨ ‘ਤੇ ਵੋਟਰ ਉਹਨਾਂ (ਵਲੰਟਰੀਅਰਜ਼) ਨੂੰ ਸਵਾਲ ਕਰ ਸਕਦੇ ਸਨ। ਸੱਤਾ ਦੇ ਗਲਿਆਰਿਆਂ ਵਿਚ ਅਗਾਮੀ ਦਿਨਾਂ ਵਿਚ ਪ੍ਰਸ਼ਾਸਨਿਕ ਅਤੇ ਪਾਰਟੀ ਵਿਚ ਬਦਲਾਅ ਕੀਤੇ ਜਾਣ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਹਨ।