ਚੰਡੀਗੜ੍ਹ 7 ਫਰਵਰੀ (ਖ਼ਬਰ ਖਾਸ ਬਿਊਰੋ)
ਪ੍ਰਸਾਸਕੀ ਸੁਧਾਰ ਦੇ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੇ ਮੰਤਰੀਆਂ ਦੀ ਸੀਨੀਅਰਤਾ ਸੂਚੀ ਵਿਚ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਪਛਾੜ ਦਿੱਤਾ ਹੈ। ਅਮਨ ਅਰੋੜਾ ਹੁਣ ਦੂਜੇ ਨੰਬਰ ਅਤੇ ਹਰਪਾਲ ਸਿੰਘ ਚੀਮਾ ਹੁਣ ਤੀਜ਼ੇ ਨੰਬਰ ਉਤੇ ਪੁੱਜ ਗਏ ਹਨ। ਇਸੀ ਤਰਾਂ ਪ੍ਰਵਾਸੀ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੀ ਪੰਜਵੇ ਸਥਾਨ ਤੋਂ ਗਿਆਰਵੇਂ ਸਥਾਨ ਉਤੇ ਪਹੁੰਚ ਗਏ ਹਨ। ਇਸੀ ਤਰਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਸਹੁੰ ਚੁੱਕਣ ਵਾਲੇ ਹੋਰ ਮੰਤਰੀਆਂ ਦੀ ਸੀਨੀਅਰਤਾ ਸੂਚੀ ਬਦਲ ਦਿੱਤੀ ਗਈ ਹੈ। ਇਹ ਸੀਨੀਅਰਤਾ ਸੂਚੀ ਪੰਜਾਬ ਵਿਧਾਨ ਸਭਾ ਦੀ ਵੈਬਸਾਈਟ ਉਤੇ ਦਿਖ ਰਹੀ ਹੈ। ਇਸਨੂੰ ਲੈ ਕੇ ਮੰਤਰੀਆਂ ਅਤੇ ਸਰਕਾਰ ਵਿਚ ਨਵੀਂ ਚਰਚਾ ਛਿੜ ਗਈ ਹੈ।

ਪੰਜਾਬ ਸਰਕਾਰ ਨੇ ਸੀਨੀਅਰਤਾ ਸੂਚੀ ਵਿਚ ਕੋਈ ਬਦਲਾਅ ਨਹੀਂ ਕੀਤਾ ਪਰ ਜੇਕਰ ਵਿਧਾਨ ਸਭਾ ਦੀ ਵੈਬਸਾਈਟ ਦੇਖੀ ਜਾਵੇ ਤਾਂ ਉਸ ਵਿਚ ਮੰਤਰੀਆਂ ਦੀ ਸੀਨੀਅਰਤਾ ਬਦਲ ਦਿੱਤੀ ਗਈ ਹੈ।
ਜਿਥੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਦੂਜੇ ਤੋਂ ਤੀਜ਼ੇ ਸਥਾਨ ’ਤੇ ਕਰ ਦਿੱਤਾ ਗਿਆ ਹੈ। ਉਥੇ ਸਮਾਜਿਕ ਸੁਰੱਖਿਆ ਵਿਭਾਗ ਦੀ ਮੰਤਰੀ ਡਾਕਟਰ ਬਲਜੀਤ ਕੌਰ ਨੂੰ ਚੌਥੇ ਸਥਾਨ ਤੋਂ ਪੰਜਵੇ ਸਥਾਨ ’ਤੇ ਕਰ ਦਿੱਤਾ ਗਿਆ ਹੈ। ਇਸ ਤਰਾਂ ਚੀਮਾ ਦੀ ਥਾਂ ਅਮਨ ਅਰੋੜਾ ਅਤੇ ਡਾ ਬਲਜੀਤ ਕੌਰ ਦੀ ਥਾਂ ਡਾ ਬਲਵੀਰ ਸਿੰਘ ਨੂੰ ਸਥਾਨ ਦਿੱਤਾ ਗਿਆ ਹੈ।
ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਸੱਤਵੇ ਤੋਂ ਬਾਰਹਵੇਂ ਨੰਬਰ, ਟਰਾਂਸਪੋਰਟ ਤੇ ਜੇਲ ਵਿਭਾਗ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਅੱਠਵੇ ਤੋਂ ਤੇਰਵੇਂ ਸਥਾਨ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਡਾ ਰਵਜੋਤ ਸਿੰਘ ਨੂੰ ਬਾਰਹਵੇ ਤੋਂ ਚੋਦਵੇਂ ਸਥਾਨ ’ਤੇ ਦਿਖਾਇਆ ਗਿਆ ਹੈ।

ਮੰਤਰੀਆਂ ਦੀ ਸੀਨੀਅਰਤਾ ਲਿਸਟ ਵਿਚ 13 ਵੇਂ ਸਥਾਨ ਦੇ ਮੰਤਰੀ ਬਰਿੰਦਰ ਕੁਮਾਰ ਗੋਇਲ ਨੂੰ ਛੇਵੇਂ ਅਤੇ ਹਰਦੀਪ ਸਿੰਘ ਮੂੰਡੀਆਂ ਨੂੰ ਚੋਦਵੇਂ ਸਥਾਨ ਤੋਂ ਸੱਤਵੇ ਨੰਬਰ ਉਤੇ ਕੀਤਾ ਗਿਆ ਹੈ। ਇਸੀ ਤਰਾਂ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੂੰ ਦਸਵੇ ਨੰਬਰ ਤੋਂ ਅੱਠਵੇ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਨੌਵੇਂ ਤੋਂ ਦਸਵੇ ਸਥਾਨ ‘ਤੇ ਦਿਖਾਇਆ ਗਿਆ ਹੈ।
ਇੱਥੇ ਦੱਸਿਆ ਜਾੰਦਾ ਹੈ ਕਿ ਵਿਧਾਨ ਸਭਾ ਦਾ ਸਾਰਾ ਕੰਮ ਪੇਪਰਲੈੱਸ ਕਰ ਦਿੱਤਾ ਗਿਆ ਹੈ। ਨੇਵਾ ਵਲੋਂ ਸਾਰਾ ਕੰਮ ਦੇਖਿਆ ਜਾਂਦਾ ਹੈ। ਜਦਕਿ ਵਿਧਾਨ ਸਭਾ ਦੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਵੈਬਸਾਈਟ ਦਾ ਕੰਮ ਸਰਕਾਰ ਦੀ ਏਜੰਸੀ NIC ਵਲੋਂ ਦੇਖਿਆ ਜਾਂਦਾ ਹੈ।