ਚੰਡੀਗੜ੍ਹ 29 ਜਨਵਰੀ ( ਖ਼ਬਰ ਖਾਸ ਬਿਊਰੋ)
ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਨੇ ਸੌਦਾ ਸਾਧ ਰਾਮ ਰਹੀਮ ਨੂੰ ਮੁੜ ਪਰੋਲ ਮਿਲਣ ‘ਤੇ ਚਿੰਤਾ ਪ੍ਰਗਟ ਕਰਦਿਆ ਕਿਹਾ ਕਿ ਇਹ ਵਿਵਾਦਤ ਵਿਅਕਤੀ ਪੰਜਾਬ ਦੀ ਬਰਬਾਦੀ ਲਈ ਜ਼ੁੰਮੇਵਾਰ ਹੈ।ਪਿਛਲੇ ਸੱਤ ਸਾਲਾਂ ਵਿੱਚ 275 ਦਿਨ ਪੈਰੋਲ ਮਿਲੀ ਤੇ ਸੱਤਾਧਾਰੀਆਂ ਦੀ ਦੋਗਲੀ ਨੀਤੀ ਬੇਪਰਦ ਹੋਈ ।ਉਹਨਾਂ ਦੋਸ਼ ਲਾਇਆ ਕਿ ਕਾਨੂੰਨੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘ ਜੋ ਜੇਲ੍ਹਾਂ ਵਿੱਚ ਬਿਰਧ ਹੋ ਗਏ ਹਨ ਪਰ ਸਰਕਾਰ ਨੇ ਉਹਨਾਂ ਨੂੰ ਪੈਰੋਲ ਨਹੀਂ ਦਿੱਤੀ ਇਹ ਸਿਰੇ ਦੇ ਵਿਤਕਰਾ ਹੈ।
ਸਾਬਕਾ ਸਪੀਕਰ ਰਵੀਇੰਦਰ ਸਿੰਘ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਹੈ ਕਿ ਇਹਨਾਂ ਦੀ ਹਕੂਮਤ ਸਮੇਂ ਸੌਦਾ ਸਾਧ ਦਾ ਬਚਾਅ ਕੀਤਾ ਗਿਆ ,ਜਿਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ ਗਲੀਆਂ ‘ਚ ਖਿਲਾਰੇ, ਸਿੱਖ ਕੌਮ ਨੂੰ ਸਾਧ ਦੇ ਪੈਰੋਕਾਰ ਚੁਣੌਤੀ ਦਿੱਤੀ, ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਇਸ ਨੇ ਰਚਿਆ ਪਰ ਬਾਦਲ ਸਰਕਾਰ ਨੇ ਪੁਲਿਸ ਨੂੰ ਹੁਕਮ ਦੇ ਕੇ ਪਰਚਾ ਰੱਦ ਕਰਵਾਇਆ ਤਾਂ ਜੋ ਹਰਸਿਮਰਤ ਕੌਰ ਬਾਦਲ ਨੂੰ ਲੋਕ ਸਭਾ ਚੋਣਾਂ ਵਿੱਚ ਜਿਤਾਇਆ ਜਾ ਸਕੇ।
ਰਵੀਇੰਦਰ ਸਿੰਘ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਸੰਤਾਪ ਭੁਗਤ ਰਿਹਾ ,ਜਿਸ ਲਈ ਸੌਦਾ ਸਾਧ ਤੇ ਬਾਦਲ ਪਰਿਵਾਰ ਜ਼ਿੰਮੇਵਾਰ ਹਨ।ਰਵੀਇੰਦਰ ਸਿੰਘ ਨੇ ਦੋਸ਼ ਲਾਇਆ ਕਿ ਸੁਖਬੀਰ ਸਿੰਘ ਬਾਦਲ ਨੇ ਸੌਦਾ ਸਾਧ ਦੀ ਪੁਸ਼ਤ ਪਨਾਹੀ ਕਰਦਿਆਂ ਬੰਦੀ ਸਿੰਘਾਂ ਲਈ ਕੇਵਲ ਸਿਆਸਤ ਹੀ ਕੀਤੀ।
ਪੰਜਾਬ, ਹਰਿਆਣਾ ਜਾਂ ਕਿਸੇ ਹੋਰ ਗੁਆਂਢੀ ਰਾਜ ਵਿੱਚ ਚੋਣਾਂ ਹੋਣ ਵਾਲੀਆਂ ਹੁੰਦੀਆਂ ਹਨ ਤਾਂ ਉਸ ਨੂੰ ਹਰ ਵਾਰ ਪੈਰੋਲ ਦੇ ਦਿੱਤੀ ਜਾਂਦੀ ਹੈ। ਸਾਬਕਾ ਸਪੀਕਰ ਨੇ ਕਿਹਾ ਕਿ ਸਰਕਾਰ ਬੇਅਦਬੀ ਦੀਆਂ ਘਟਨਾਵਾਂ ਨੂੰ ਬੜਾਵਾ ਅਤੇ ਬਲਾਤਕਾਰੀਆਂ ਨੂੰ ਸ਼ਹਿ ਦੇ ਰਹੀ ਹੈ। ਬੇਅਦਬੀ ਦੇ ਦੋਸ਼ੀ ਡੇਰਾ ਸਿਰਸਾ ਮੁਖੀ ਨੂੰ ਵਾਰ-ਵਾਰ ਪੈਰੋਲ ਦੇ ਕੇ ਹੁਣ ਸਰਕਾਰ ਸਾਬਿਤ ਕੀ ਕਰਨਾ ਚਾਹੁੰਦੀ ਹੈ। ਪੰਜਾਬ ਦਾ ਸ਼ਾਂਤ ਮਾਹੌਲ ਖਰਾਬ ਹੋਵੇਗਾ । ਉਹਨਾਂ ਕਿਹਾ ਕਿ ਸਰਕਾਰ ਡੇਰਾ ਮੁਖੀ ਨੂੰ ਵੋਟ ਬੈਂਕ ਵਜੋਂ ਵਰਤ ਰਹੀ ਹੈ, ਜਿਸ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਜਾਂਦੀ ਹੈ।