ਗੁਰਦਾਸਪੁਰ 17 ਜਨਵਰੀ (ਖ਼ਬਰ ਖਾਸ ਬਿਊਰੋ)
ਪੁਲਿਸ ਹਿਰਾਸਤ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ। ਨੌਜਵਾਨ ਦੀ ਮੌਤ ਹੋਣ ਬਾਅਦ ਮਾਪਿਆ ਅਤੇ ਇਲਾਕੇ ਦੇ ਲੋਕਾਂ ਨੇ ਲਾਸ਼ ਨੂੰ ਸੜਕ ਉਤੇ ਰੱਖਕੇ ਪੁਲਿਸ ‘ਤੇ ਨੌਜਵਾਨ ਨੂੰ ਜ਼ਹਿਰੀਲੀ ਵਸਤੂ ਦੇ ਕੇ ਮਾਰਨ ਦਾ ਦੋਸ਼ ਲਾਇਆ ਹੈ।
ਜਾਣਕਾਰੀ ਅਨੁਸਾਰ ਸੀਆਈਏ ਸਟਾਫ ਗੁਰਦਾਸਪੁਰ ਵਿਖੇ ਨੌਜਵਾਨ ਰਣਜੀਤ ਸਿੰਘ ਉਰਫ਼ ਸੋਨੂੰ ਨੂੰ ਕਿਸੇ ਮਾਮਲੇ ਵਿਚ ਪੁਲਿਸ ਨੇ ਪੁੱਛਗਿੱਛ ਲਈ ਲਿਆਂਦਾ ਸੀ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਪੁਲਿਸ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਉਨ੍ਹਾਂ ਦੇ ਪੁੱਤਰ ਨੂੰ ਜਾਂਚ ਲਈ ਸੀ.ਆਈ.ਏ ਬੁਲਾ ਰਹੀ ਸੀ। ਪਰਿਵਾਰਕ ਮੈਂਬਰਾਂ ਨੇ ਨੌਜਵਾਨ ਨੂੰ ਜ਼ਹਿਰ ਦੇ ਕੇ ਮਾਰਨ ਦਾ ਦੋਸ਼ ਲਾਇਆ ਹੈ।

ਮ੍ਰਿਤਕ ਦੀ ਮਾਤਾ ਜਸਬੀਰ ਕੌਰ ਅਤੇ ਚਾਚਾ ਕਸ਼ਮੀਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਰਣਜੀਤ ਸਿੰਘ ਸੋਨੂੰ ਆਰਓ, ਡਿਸ਼ ਅਤੇ ਸੀਸੀਟੀਵੀ ਕੈਮਰੇ ਲਗਾਉਣ ਦਾ ਕੰਮ ਕਰਦਾ ਸੀ। ਉਹਨਾਂ ਦੱਸਿਆ ਕਿ ਰਣਜੀਤ ਸਿੰਘ ਦਾ ਮੋਬਾਈਲ ਸਿਮ ਦੋ ਸਾਲ ਪਹਿਲਾਂ ਗੁੰਮ ਹੋ ਗਿਆ ਸੀ। ਇਸ ਨੰਬਰ ‘ਤੇ ਕੁਝ ਆਈਡੀ ਮਿਲਣ ਤੋਂ ਬਾਅਦ ਰਣਜੀਤ ਨੂੰ ਪਹਿਲਾਂ ਬੁੱਧਵਾਰ ਨੂੰ ਕਲਾਨੌਰ ਪੁਲਿਸ ਸਟੇਸ਼ਨ ਵਿੱਚ ਪੁੱਛਗਿੱਛ ਲਈ ਬੁਲਾਇਆ ਗਿਆ। ਇਸ ਤੋਂ ਬਾਅਦ ਉਸਨੂੰ ਵੀਰਵਾਰ ਨੂੰ ਸੀਆਈਏ ਸਟਾਫ਼ ਪੁਲਿਸ ਨੇ ਬੁਲਾਇਆ। ਮੁੱਢਲੀ ਪੁੱਛਗਿੱਛ ਕਰਕੇ ਪੁਲਿਸ ਨੇ ਉਸਨੂੰ ਘਰ ਭੇਜ ਦਿੱਤਾ ਸੀ।
ਉਹਨਾਂ ਕਿਹਾ ਕਿ ਸ਼ੁੱਕਰਵਾਰ ਨੂੰ ਮੁੜ ਰਣਜੀਤ ਸਿੰਘ ਨੂੰ ਪੁੱਛਗਿੱਛ ਲਈ ਸੀਆਈਏ ਸਟਾਫ ਬੁਲਾਇਆ ਗਿਆ। ਸਵੇਰੇ ਅੱਠ ਵਜੇ ਦੋ ਨੌਜਵਾਨ, ਜਿਨ੍ਹਾਂ ਵਿੱਚ ਇੱਕ ਪੁਲਿਸ ਕਰਮਚਾਰੀ ਵੀ ਸ਼ਾਮਲ ਸੀ, ਉਸਨੂੰ ਆਪਣੇ ਨਾਲ ਲੈ ਗਏ। ਜਸਬੀਰ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਦੁਪਹਿਰ ਨੂੰ ਦੱਸਿਆ ਗਿਆ ਕਿ ਰਣਜੀਤ ਸਿੰਘ ਦੀ ਹਾਲਤ ਠੀਕ ਨਹੀਂ ਹੈ। ਉਸਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਹੈ।
ਜਸਬੀਰ ਕੌਰ ਨੇ ਦੱਸਿਆ ਕਿ ਦੁਪਹਿਰ ਨੂੰ ਜਦੋਂ ਉਹ ਆਪਣੇ ਪੁੱਤਰ ਨੂੰ ਮਿਲੀ ਤਾਂ ਉਸਨੇ ਜ਼ਹਿਰ ਦੇਣ ਦੀ ਗੱਲ ਦੱਸੀ ਸੀ। ਇਸ ਤੋਂ ਬਾਅਦ ਉਹ ਉਸਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ਲੈ ਗਏ। ਜਿੱਥੇ ਉਸਦੀ ਮੌਤ ਹੋ ਗਈ। ਰਿਸ਼ਤੇਦਾਰਾਂ ਦਾ ਦੋਸ਼ ਹੈ ਕਿ ਰਣਜੀਤ ਸਿੰਘ ਨੂੰ ਜ਼ਹਿਰ ਦੇ ਕੇ ਮਾਰਿਆ ਗਿਆ ਹੈ। ਉਹਨਾਂ ਦੋਸੀਆਂ ਦੇ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ। ਕੇਸ ਦਰਜ਼ ਕਰਨ ਦੀ ਮੰਗ ਲਈ ਮਾਪਿਆ, ਰਿਸ਼ਤੇਦਾਰਾਂ ਤੇ ਇਲਾਕੇ ਦੇ ਲੋਕਾਂ ਨੇ ਦੁਪਹਿਰ ਤਿੰਨ ਵਜੇ ਦੇ ਕਰੀਬ ਲਾਸ਼ ਨੂੰ ਕੌਮੀ ਰਾਜਮਾਰਗ ਉਤੇ ਰੱਖਕੇ ਟਰੈਫਿਕ ਜਾਮ ਕਰ ਦਿੱਤੀ। ਜਿਸ ਕ ਰਕੇ ਇਲਾਕੇ ਵਿਚ ਤਨਾਅ ਵਾਲੀ ਸਥਿਤੀ ਪੈਦਾ ਹੋ ਗਈ। ਪੁਲਿਸ ਮਾਮਲੇ ਨੂੰ ਸੁਲਝਾਉਣ ਵਿਚ ਲੱਗੀ ਹੋਈ ਹੈ।