ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ  ਦੇ SGPC ਮੈਂਬਰਾਂ ਦੀ ਮੀਟਿੰਗ 21 ਜਨਵਰੀ ਨੂੰ ਚੰਡੀਗੜ੍ਹ ਵਿਖੇ ਬੁਲਾਈ

ਚੰਡੀਗੜ੍ਹ 17 ਜਨਵਰੀ (ਖ਼ਬਰ ਖਾਸ ਬਿਊਰੋ)
 ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਭਰ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਰ ਸੁੂਚੀਆਂ ਵਿੱਚ ਵੱਡੇ ਪੱਧਰ ਤੇ ਗੈਰ ਸਿੱਖਾਂ ਅਤੇ ਹੋਰ ਜਾਅਲੀ ਵੋਟਾਂ ਦੇ ਦਰਜ ਹੋਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਇਆ ਪਾਰਟੀ ਨਾਲ ਸਬੰਧਤ ਸਾਰੇ ਐਸ.ਜੀ.ਪੀ.ਸੀ ਮੈਂਬਰ ਸਹਿਬਾਨਾਂ ਦੀ ਇੱਕ ਐਮਰਜੈਂਸੀ ਮੀਟਿੰਗ 21 ਜਨਵਰੀ ਨੂੰ ਬਾਅਦ ਦੁਪਿਹਰ 1.30 ਵਜੇ ਪਾਰਟੀ ਦੇ ਮੁੱਖ ਦਫਤਰ, ਚੰਡੀਗੜ੍ਹ ਵਿਖੇ ਬੁਲਾ ਲਈ ਹੈ। ਇਸ ਮੀਟਿੰਗ ਦੀ ਪ੍ਰਧਾਨਗੀ ਪਾਰਟੀ ਦੀ ਕਾਰਜਕਾਰੀ ਪ੍ਰਧਾਨ ਸ. ਬਲਵਿੰਦਰ ਸਿੰਘ ਭੂੰਦੜ ਕਰਨਗੇ ਅਤੇ ਇਸ ਵਿੱਚ ਪਾਰਲੀਮੈਂਟਰੀ ਬੋਰਡ ਦੇ ਸਾਰੇ ਮੈਂਬਰ ਸਹਿਬਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਉਚੇਚੇ ਤੌਰ ਤੇ ਸ਼ਾਮਲ ਹੋਣਗੇ।
ਅੱਜ ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸਕੱਤਰ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਭਰ ਤੋਂ ਜੋ ਰਿਪੋਰਟਾਂ ਆ ਰਹੀਆਂ ਹਨ ਉਸ ਅਨੁਸਾਰ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੁਕਮਾਂ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਰ ਲਿਸਟਾਂ ਵਿੱਚ ਬਹੁਤ ਵੱਡੇ ਪੱਧਰ ਤੇ ਧਾਂਦਲੀਆਂ ਦੀਆਂ ਖਬਰਾਂ ਮਿਲ ਰਹੀਆਂ ਹਨ।
 ਉਹਨਾਂ ਕਿਹਾ ਕਿ ਜੋ ਵੋਟਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਵਰਕਰਾਂ ਵੱਲੋਂ ਜਮਾ ਕਰਵਾਈਆਂ ਗਈਆਂ ਸਨ ਉਹ ਵੋਟਰ ਸੂਚੀਆਂ ਵਿਚੋਂ ਗਾਇਬ ਹਨ ਅਤੇ ਇਸਦੀ ਜਗਾ ਬਿਨਾਂ ‘‘ਸਿੰਘ’’ ਅਤੇ ‘‘ਕੌਰ’’ ਤੋਂ ਫਰਜੀ ਵੋਟਾਂ ਬਿਨਾਂ ਕਿਸੇ ਫੋਟੋ ਦੇ ਵੱਡੇ ਪੱਧਰ ਤੇ ਦਰਜ ਕੀਤੀਆਂ ਗਈਆਂ ਹਨ।
ਉਹਨਾਂ ਕਿਹਾ ਕਿ 23 ਜਨਵਰੀ ਨੂੰ ਦਾਅਵੇ ਅਤੇ ਇਤਰਾਜ ਦੀ ਅੰਤਿਮ ਮਿਤੀ ਹੋਣ ਕਰਕੇ ਪਾਰਟੀ ਸਾਰੇ ਪੰਜਾਬ ਦੇ ਕੇਸ ਨੂੰ ਇਕੱਠਾ ਕਰਕੇ ਗੁਰਦੁਆਰਾ ਚੋਣ ਕਮਿਸ਼ਨ ਕੋਲ ਸਬੂਤਾਂ ਸਹਿਤ ਉਠਾ ਕੇ ਬਣੀਆਂ ਗਲਤ ਵੋਟਾਂ ਰੱਦ ਕਰਵਾਏਗੀ।
 ਉਹਨਾਂ ਪਾਰਟੀ ਨਾਲ ਸਬੰਧਤ ਸਾਰੇ ਐਸ.ਜੀ.ਪੀ.ਸੀ ਦੇ ਮੈਬਰ ਸਹਿਬਾਨਾਂ ਨੂੰ ਆਪੋ-ਆਪਣੇ ਹਲਕੇ ਦੀਆਂ ਵੋਟਰ ਸੂੁਚੀਆਂ ਚੈਕ ਕਰਕੇ ਗੜਬੜ ਵਾਲੀਆਂ ਵੋਟਾਂ ਦੀ ਤਫਸੀਲ ਨਾਲ ਲੈ ਕੇ ਆਉਣ ਦੀ ਅਪੀਲ ਕੀਤੀ।
ਹੋਰ ਪੜ੍ਹੋ 👉  ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜਾਬਤਾ ਲਾਗੂ ਕਰਨ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਨੋਡਲ ਅਫਸਰ ਕੀਤੇ ਨਿਯੁਕਤ

Leave a Reply

Your email address will not be published. Required fields are marked *