ਸੁਖਜਿੰਦਰ ਰੰਧਾਵਾਂ ਤੇ ਮਨਪ੍ਰੀਤ ਬਾਦਲ ਦੀਆਂ ਦੋ ਵੱਡੀਆਂ ਗਲਤੀਆਂ

ਚੰਡੀਗੜ੍ਹ 24 ਨਵੰਬਰ, (ਖ਼ਬਰ ਖਾਸ ਬਿਊਰੋ)

ਪੰਜਾਬੀ ਦੀ ਕਹਾਵਤ ਹੈ ਕਿ ‘ਸਾਉਣ ਦੇ ਅੰਨੇ ਨੂੰ ਚਾਰੇ ਪਾਸੇ ਹਰਾ ਹੀ ਹਰਾ ਦਿਖਦਾ’ ਵਿਅਕਤੀ ਜਦੋਂ ਤਾਕਤ ਦੇ ਨਸ਼ੇ ਵਿਚ ਹੁੰਦਾ ਹੈ, ਉਸਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਕੀ ਗਲਤੀ ਕਰ ਰਿਹਾ ਹੈ। ਕਈ ਵਾਰ ਨੇਤਾ ਸੋਚਦਾ ਕੁੱਝ ਹੋਰ ਹੁੰਦਾ ਹੈ ਤੇ ਹੋ ਕੁੱਝ ਹੋਰ ਜਾਂਦਾ ਹੈ। ਕਈ ਵਾਰ ਛੋਟੀ ਗਲਤੀ ਵੱਡਾ ਸੰਕਟ ਬਣਕੇ ਅੱਗੇ ਖੜ ਜਾਂਦੀ ਹੈ। ਅਜਿਹੀਆਂ ਗਲਤੀਆਂ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾਂ ਅਤੇ ਸਾਬਕਾ ਖ਼ਜਾਨਾ ਮੰਤਰੀ ਮਨਪ੍ਰੀਤ ਬਾਦਲ ਕੋਲੋ ਵੀ ਹੋਈ ਹੈ। ਭਾਵੇਂ ਇਹ ਗਲਤੀ ਦੋਵਾਂ ਆਗੂਆਂ ਨੇ ਜਾਣਬੁੱਝ ਨਾ ਕੀਤੀ  ਹੋਵੇ, ਪਰ ਇਹ ਗਲਤੀ ਦੋਵਾਂ ਦੇ ਅੱਗੇ ਚੁਣੌਤੀ ਬਣ ਗਈ।

ਰੰਧਾਵਾਂ v/s ਰੰਧਾਵਾਂ, ਕਿਉਂ ਹੋਏ ਆਹਮੋ ਸਾਹਮਣੇ

ਡੇਰਾ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਰੰਧਾਵਾਂ ਪਹਿਲੀ ਵਾਰ ਵਿਧਾਇਕ ਬਣੇ ਹਨ। ਉਹਨਾਂ ਸੁਖਜਿੰਦਰ ਸਿੰਘ ਰੰਧਾਵਾਂ ਦੀ ਧਰਮ ਪਤਨੀ ਜਤਿੰਦਰ ਕੌਰ ਰੰਧਾਵਾਂ ਨੂੰ 5699 ਵੋਟਾਂ ਦੇ ਅੰਤਰ ਨਾਲ ਹਰਾਇਆ ਹੈ। ਸਾਲ 2022 ਦੀਆਂ ਚੋਣਾ ਵੇਲੇ਼ ਆਮ ਆਦਮੀ ਪਾਰਟੀ ਦੇ ਹੱਕ ਵਿਚ ਹਵਾ ਦਾ ਰੁਖ਼ ਸੀ, ਪਰ ਉਦੋਂ ਸੁਖਜਿੰਦਰ ਰੰਧਾਵਾਂ ਨੇ ਗੁਰਦੀਪ ਰੰਧਾਵਾਂ ਨੂੰ ਪਟਕਣੀ ਦੇ ਦਿੱਤੀ ਸੀ, ਪਰ ਜ਼ਿਮਨੀ ਚੋਣ ਵਿਚ ਮਾਤ ਖਾ ਗਏ।

ਹੋਰ ਪੜ੍ਹੋ 👉  ਐਕਸਪੋ ਵਿੱਚ 30 ਵੱਖ-ਵੱਖ ਨਸਲਾਂ ਦੇ 500 ਤੋਂ ਵੱਧ ਕੁੱਤੇ ਕੀਤੇ ਜਾਣਗੇ ਪ੍ਰਦਰਸ਼ਿਤ

ਰੰਧਾਵਾਂ ਨੇ ਇਹ ਕੀਤੀ ਸੀ ਗਲਤੀ 

ਦੱਸਿਆ ਜਾਂਦਾ ਹੈ ਕਿ ਗੁਰਦੀਪ ਸਿੰਘ ਰੰਧਾਵਾਂ ਮੂਲ ਰੂਪ ਵਿਚ ਕਾਂਗਰਸੀ ਸੀ। ਇਹ ਸੁਖਜਿੰਦਰ ਸਿੰਘ ਰੰਧਾਵਾਂ ਦਾ ਕਰੀਬੀ ਰਿਹਾ ਹੈ। ਗੁਰਦੀਪ ਸਿੰਘ ਰੰਧਾਵਾਂ ਨੇ ਪੰਚਾਇਤੀ ਚੋਣਾਂ ਵਿਚ ਸਰਪੰਚ ਬਣਨ ਦੀ ਇੱਛਾ ਪ੍ਰਗਟ ਕੀਤੀ ਸੀ, ਪਰ ਸੁਖਜਿੰਦਰ ਰੰਧਾਵਾਂ ਨੇ ਸਰਪੰਚੀ ਲੜਾਉਣ ਤੋਂ ਮਨਾ ਕਰ ਦਿੱਤਾ ਸੀ। ਇਸ ਤਰਾਂ ਗੁਰਦੀਪ ਰੰਧਾਵਾਂ ਸਰਪੰਚ ਨਾ ਬਣਾਉਣ ਕਰਕੇ ਨਰਾਜ਼ ਹੋ ਗਿਆ ਅਤੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਿਆ। ਇਸ ਤਰਾਂ ਗੁਰਦੀਪ ਸਿੰਘ  ਰੰਧਾਵਾਂ ਹੁਣ ਸੁਖਜਿੰਦਰ ਰੰਧਾਵਾਂ ਨੂੰ ਸੱਜਰਾ ਸਰੀਕ ਬਣਕੇ ਟੱਕਰਿਆ ਹੈ। ਜਿਹੜਾ ਸਰਪੰਚ ਬਣਨ ਦੀ ਇੱਛਾ ਰੱਖਦਾ ਸੀ, ਸਮੇਂ ਦਾ ਅਜਿਹਾ ਚੱਕਰ ਚੱਲਿਆ ਕਿ ਵਿਧਾਇਕ ਬਣ ਗਿਆ।

ਮਨਪ੍ਰੀਤ ਬਾਦਲ ਨੇ ਕੀ ਕੀਤਾ 

ਗਿੱਦੜਬਾਹਾ ਛੱਡ ਮਨਪ੍ਰੀਤ ਬਾਦਲ ਬਠਿੰਡਾ ਆ ਗਿਆ। ਸਾਲ 2017 ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਟਿਕਟ ਉਤੇ ਚੋਣ ਲੜੀ। ਅਕਾਲੀ ਭਾਜਪਾ ਗਠਜੋੜ ਖਿਲਾਫ਼ ਚੱਲਦੀ ਹਵਾ ਹਨੇਰੀ ਬਣ ਗਈ ਸੀ, ਦੂਜਾ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦਾ ਪ੍ਰਧਾਨ ਸੀ। ਹਵਾ ਦਾ ਰੁਖ ਕਾਂਗਰਸ ਵੱਲ ਸੀ ਤੇ ਮਨਪ੍ਰੀਤ ਬਾਦਲ ਚੋਣ ਜਿੱਤ ਗਏ ਅਤੇ ਸੂਬੇ ਦਾ ਖਜ਼ਾਨਾ ਕੈਪਟਨ ਸਾਹਿਬ ਨੇ ਫਿਰ ਮਨਪ੍ਰੀਤ ਬਾਦਲ ਦੇ ਹੱਥ ਫੜ੍ਹਾ ਦਿੱਤਾ। ਦਫ਼ਤਰ ਵਿਚ ਆਉਣ ਵਾਲੇ ਨੂੰ ਕਿਸੇ ਨੂੰ ਚਾਹ ਨਾ ਪੁੱਛਣੀ। ਪਿੰਡਾਂ ਵਾਲੇ ਤਾਂ ਚਾਹ ਨੂੰ ਤੱਤਾ ਪਾਣੀ ਦੱਸਦੇ ਹਨ-ਕਿਸੇ ਨੂੰ ਮੇਹਣਾ ਮਾਰਨਾ ਹੋਵੇ ਤਾਂ ਕਹਿੰਦੇ ਨੇ ਕਿ ਜਾ ਪਤੰਦਰ ਨੇ ਤੱਤਾ ਪਾਣੀ ਵੀ ਨਹੀਂ ਪੁੱਛਿਆ।

ਹੋਰ ਪੜ੍ਹੋ 👉  ਬੰਦ ਕੀਤੀਆਂ ਪੁਲਿਸ ਚੌਕੀਆਂ ਵਿਚ ਮੁੜ ਪੁਲਿਸ ਮੁਲਾਜ਼ਮ ਕੀਤੇ ਤਾਇਨਾਤ

ਮਨਪ੍ਰੀਤ ਬਾਦਲ ਵੀ ਸੱਤਾ ਦੇ ਨਸ਼ੇ ਵਿਚ ਵੱਡੀ ਗਲਤੀ ਕਰ ਬੈਠਾ। ਬਠਿੰਡਾ ਨਗਰ ਨਿਗਮ ਦੀਆਂ ਚੋਣਾਂ ਹੋਈਆਂ ਤਾਂ ਜਗਰੂਪ ਸਿੰਘ ਕੌਂਸਲਰ ਜਿੱਤ ਗਿਆ। ਛੇ ਵਾਰ ਐਮ.ਸੀ ਅਤੇ ਨਗਰ ਕੌਂਸਲ ਦਾ ਪ੍ਰਧਾਨ ਰਹਿ ਚੁੱਕੇ ਜਗਰੂਪ ਸਿੰਘ ਵੀ ਬਠਿੰਡਾ ਨਗਰ ਨਿਗਮ ਦਾ ਮੇਅਰ ਬਣਨ ਦਾ ਸੁਪਨਾ ਪਾਲ ਬੈਠਾ। ਬੱਸ ਫਿਰ ਕੀ ਸੀ, ਮਨਪ੍ਰੀਤ ਬਾਦਲ ਨੂੰ ਇਹ ਚੰਗਾ ਨਾ ਲੱਗਿਆ। ਕਾਂਗਰਸ ਪਾਰਟੀ ਨੇ 2021 ਦੀਆਂ ਐਮ.ਸੀ ਚੋਣਾਂ ਵਿਚ 43 ਸੀਟਾਂ ਉਤੇ ਜਿੱਤ ਹਾਸਲ ਕੀਤੀ ਸੀ। ਸੁਭਾਵਿਕ ਸੀ ਕਿ ਹਲਕੇ ਦਾ ਵਿਧਾਇਕ ਤੇ ਦੂਜਾ ਸੂਬੇ ਦਾ ਵਿਤ ਮੰਤਰੀ ਅਜਿਹੀ ਹਾਲਤ ਵਿਚ ਤਾਂ ਮੰਤਰੀ ਸਾਹਿਬ ਦੀ ਜੁਬਾਨ ਉਤੇ ਹੀ ਫੁੱਲ ਚੜਾਏ ਜਾਣੇ ਸਨ। ਮਨਪ੍ਰੀਤ ਬਾਦਲ ਨੇ ਰਮਨ ਗੋਇਲ ਨੂੰ ਮੇਅਰ ਬਣਾ ਦਿੱਤਾ ਅਤੇ ਜਗਰੂਪ ਸਿੰਘ ਮੀਟਿੰਗ ਵਿਚੋਂ ਵਾਕਆਊਟ ਕਰ ਗਏ। ਇੱਥੋਂ ਵੀ ਆਪ ਨੂੰ ਮਨਪ੍ਰੀਤ ਬਾਦਲ ਦੇ ਨਾਲ ਮੱਥਾ ਲਾਉਣ ਵਾਲਾ ਨੇਤਾ ਚਾਹੀਦਾ ਸੀ। ਬੱਸ ਫ਼ਿਰ ਗੁਣੀਆ ਜਗਰੂਪ ਸਿੰਘ ਉਤੇ ਪੈ ਗਿਆ ਅਤੇ 2022 ਦੀਆਂ ਚੋਣਾਂ ਵਿਚ ਜਗਰੂਪ ਸਿੰਘ ਨੇ ਮਨਪ੍ਰੀਤ ਦਾ ਸਫ਼ਾਇਆ ਕਰ ਦਿੱਤਾ। ਜਗਰੂਪ ਜਿਹੜਾ ਮੇਅਰ ਬਣਨ ਨੂੰ ਤਰਸ ਰਿਹਾ ਸੀ ਉਹ ਹਲਕੇ ਦਾ ਵਿਧਾਇਕ ਬਣ ਗਿਆ। ਜਗਰੂਪ ਦਾ ਚੱਲਿਆ ਝਾੜੂ ਹੁਣ ਤੱਕ ਮਨਪ੍ਰੀਤ ਬਾਦਲ ਨੂੰ ਰਾਸ ਨਹੀਂ ਆ ਰਿਹਾ।

ਹੋਰ ਪੜ੍ਹੋ 👉  ‘ਰੀਟੇਕ ਜ਼ਿੰਦਗੀ’ ਦੀ ਕਾਮੇਡੀ ਨੇ ਉਠਾਏ ਪਤੀ-ਪਤਨੀ ਸਬੰਧਾਂ ਦੇ ਗੰਭੀਰ ਸਵਾਲ

ਇਹ ਵੀ ਪੜੋ-

ਦਰਅਸਲ ਇਹ ਸਿਆਸੀ ਨੇਤਾਵਾਂ ਦੀ ਤੰਗ ਦਿਲੀ ਜਾਂ ਡਰ ਕਹਿ ਲਵੋ ਕਿ ਉਹ ਆਪਣੇ ਹਲਕੇ ਵਿਚ ਕਿਸੇ ਹੋਰ ਨੂੰ ਉਚਾ ਨਹੀਂ ਹੋਣ ਦਿੰਦੇ। ਆਪਣੇ ਸਮਰਥਕ ਨੂੰ ਵੱਡਾ ਅਹੁੱਦਾ ਦੇਣ ਤੋ ਕਤਰਾਉਂਦੇ ਹਨ। ਜਨਰਲ ਵਰਗ ਨਾਲ ਸਬੰਧਤ ਨੇਤਾ ਆਪਣੇ ਹਲਕੇ ਵਿਚ ਵੱਡਾ ਅਹੁੱਦਾ ਦਲਿਤ ਨੂੰ ਦੇਣ ਦੀ ਕੋਸ਼ਿਸ਼ ਕਰਦਾ ਇਸਦੇ ਉਲਟ ਰਾਖਵੇਂ ਹਲਕੇ ਵਿਚ ਸਿਆਸੀ ਨੇਤਾ ਜੀ ਆਪਣੇ ਵਰਗ ਭਾਵ  ਦਲਿਤਾਂ ਨੂੰ ਖੂੰਝੇ ਲਾਉਂਦਾ ਤੇ ਜਰਨਲ ਵਰਗ ਨੂੰ ਉਚਾ ਚੁੱਕਦਾ। ਇਹ ਸਿਆਸੀ ਲੀਡਰਾ ਦਾ ਡਰ ਹੁੰਦਾ ਕਿ ਇਹ ਕਿਤੇ ਸਿਆਸਤ ਵਿਚ ਚੁਣੌਤੀ ਨਾ ਦੇ ਦੇਵ। ਪਰ ਮੱਥੇ ਦੀਆਂ ਲਿਖੀਆਂ ਨੂੰ ਕੌਣ ਮਿਟਾ ਸਕਦਾ।

Leave a Reply

Your email address will not be published. Required fields are marked *