ਕੇਜਰੀਵਾਲ ਤੇ ਮਾਨ ਨੇ ਕਬੂਲਿਆ ਆਪ ਸਰਕਾਰ ਨਸ਼ੇ ਖ਼ਤਮ ਕਰਨ ਵਿਚ ਫੇਲ੍ਹ ਹੋਈ- ਚੀਮਾ

ਚੰਡੀਗੜ੍ਹ, 9 ਨਵੰਬਰ (ਖ਼ਬਰ ਖਾਸ ਬਿਊਰੋ)
 ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ  ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਖੁਦ ਇਹ ਕਬੂਲ ਲਿਆ ਹੈ ਕਿ ਉਹ ਸੂਬੇ ਵਿਚੋਂ ਨਸ਼ੇ ਖ਼ਤਮ ਕਰਨ ਵਿਚ ਫੇਲ੍ਹ ਹੋਏ ਹਨ ਪਰ ਉਹਨਾਂ ਬਹੁਤ ਬੇਸ਼ਰਮੀ ਨਾਲ ਹੁਣ ਜ਼ਿੰਮੇਵਾਰੀ ਸਰਪੰਚਾਂ ਤੇ ਪੰਚਾਂ ਦੇ ਮੋਢਿਆਂ ’ਤੇ ਪਾ ਰਹੇ ਹਨ।

ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਆਪ ਸੂਬੇ ਵਿਚੋਂ ਨਸ਼ੇ ਇਕ ਮਹੀਨੇ ਵਿਚ ਖਤਮ ਕਰਨ ਦੇ ਵਾਅਦੇ ਦੇ ਬਲਬੂਤੇ ’ਤੇ ਸੱਤਾ ਵਿਚ ਆਈ ਸੀ। ਉਹਨਾਂ ਕਿਹਾ ਕਿ ਹੁਣ ਜਦੋਂ ਉਹ ਅਜਿਹਾ ਕਰਨ ਵਿਚ ਨਾਕਾਮ ਰਹੇ ਹਨ ਤੇ ਪਾਰਟੀ ’ਤੇ ਨਸ਼ਾ ਮਾਫੀਆ ਦੀ ਪੁਸ਼ਤਪਨਾਹੀ ਕਰਨ ਦੇ ਦੋਸ਼ ਲੱਗੇ ਹਨ ਤਾਂ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਜ਼ਿੰਮੇਵਾਰੀ ਸਰਪੰਚਾਂ ਤੇ ਪੰਚਾਂ ਦੇ ਸਿਰ ’ਤੇ ਸੁੱਟਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਅਖੀਰ ਵਿਚ ਇਹ ਲੋਕ ਪਾਰਟੀ ਦੇ ਜ਼ਮੀਨੀ ਪੱਧਰ ਦੇ ਆਗੂਆਂ ਨੂੰ ਆਪ ਸਰਕਾਰ ਵੱਲੋਂ ਨਸ਼ੇ ਖਤਮ ਕਰਨ ਵਿਚ ਅਸਫਲਤਾਵਾਂ ਲਈ ਜ਼ਿੰਮੇਵਾਰ ਠਹਿਰਾਉਣਗੇ ਅਤੇ ਅਖੀਰ ਨੂੰ ਜ਼ਿੰਮੇਵਾਰੀ ਸਰਪੰਚਾਂ ਤੇ ਪੰਚਾਂ ਦੇ ਮੋਢਿਆਂ ’ਤੇ ਪਾ ਦੇਣਗੇ।

ਡਾ. ਚੀਮਾ ਨੇ ਅਰਵਿੰਦ ਕੇਜਰੀਵਾਲ ਦੀ ਗੱਲ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਜੋ ਵਿਅਕਤੀ ਭ੍ਰਿਸ਼ਟਾਚਾਰ ਦੇ ਕੇਸ ਵਿਚ ਇਸ ਸ਼ਰਤ ’ਤੇ ਜ਼ਮਾਨਤ ’ਤੇ ਜੇਲ੍ਹ ਵਿਚੋਂ ਬਾਹਰ ਆਇਆ ਹੈ, ਕਿ ਉਹ ਮੁੱਖ ਮੰਤਰੀ ਸਕੱਤਰੇਤ ਵਿਚ ਦਾਖਲ ਨਹੀਂ ਹੋਵੇਗਾ ਤੇ ਨਾ ਹੀ ਸਰਕਾਰੀ ਫਾਈਲਾਂ ’ਤੇ ਹਸਤਾਖ਼ਰ ਕਰੇਗਾ, ਉਸਨੂੰ ਸਰਪੰਚਾਂ ਦੇ ਸਹੁੰ ਚੁੱਕ ਸਮਾਗਮ ਦਾ ਮੁੱਖ ਮਹਿਮਾਨ ਬਣਾ ਦਿੱਤਾ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਖੁਦ ਪੰਜਾਬੀਆਂ ਨੂੰ ਦੱਸਣ ਕਿ ਸੂਬੇ ਵਿਚ ਨਸ਼ੇ ਕੌਣ ਮੰਗ ਰਿਹਾ ਹੈ ਕਿਉਂਕਿ ਆਪ ਦੇ ਆਗੂ ਨੇ ਪਹਿਲਾਂ ਸਿਆਸੀ ਆਗੂਆਂ ’ਤੇ ਨਸ਼ਿਆਂ ਦੇ ਪਸਾਰ ਦੀ ਜ਼ਿੰਮੇਵਾਰੀ ਸੁੱਟੀ ਸੀ। ਉਹਨਾਂ ਕਿਹਾ ਕਿ ਹੁਣ ਕੇਜਰੀਵਾਲ ਇਸ ਮੁੱਦੇ ’ਤੇ ਦੂਸ਼ਣਬਾਜ਼ੀ ਨਹੀਂ ਕਰ ਸਕਦੇ।

ਅਕਾਲੀ ਆਗੂ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਪੰਜਾਬ ਵਿਚ ਦੋ ਸਮਾਂਨਾਂਤਰ ਸਰਕਾਰਾਂ ਚਲ ਰਹੀਆਂ ਹਨ ਜਿਹਨਾਂ ਵਿਚੋਂ ਇਕ ਕੇਜਰੀਵਾਲ ਵੱਲੋਂ ਦਿੱਲੀ ਤੋਂ ਚਲਾਈ ਜਾ ਰਹੀ ਹੈ ਤੇ ਦੂਜੀ ਚੰਡੀਗੜ੍ਹ ਵਿਚ ਰਾਜ ਭਵਨ ਤੋਂ ਚਲਾਈ ਜਾ ਰਹੀ ਹੈ। ਦੋਵੇਂ ਸਰਕਾਰਾਂ ਝੋਨੇ ਦੀ ਖਰੀਦ ਤੇ ਲਿਫਟਿੰਗ ਵਿਚ ਮੁਸ਼ਕਿਲਾਂ ਅਤੇ ਕਣਕ ਦੇ ਆਉਂਦੇ ਸੀਜ਼ਨ ਲਈ ਡੀ ਏ ਪੀ ਦੀ ਘਾਟ ਸਮੇਤ ਪੰਜਾਬ ਦੇ ਜ਼ਰੂਰੀ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਲਈ ਨਸ਼ਿਆਂ ਦੇ ਮੁੱਦੇ ’ਤੇ ਪ੍ਰਚਾਰ ਮੁਹਿੰ ਮਚਲਾ ਰਹੀਆਂ ਹਨ। ਉਹਨਾਂ ਕਿਹਾ ਕਿ ਇਹ ਹੋਰ ਵੀ ਨਿੰਦਣਯੋਗ ਗੱਲ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ 92 ਹੋਰ ਵਿਧਾਇਕ ਮੂਕ ਦਰਸ਼ਕ ਬਣ ਗਏ ਹਨ ਜਿਸ ਕਾਰਣ ਕਿਸਾਨਾਂ ਨੂੰ ਮੁਸ਼ਕਿਲਾਂ ਤੋਂ ਛੁਟਕਾਰਾ ਨਹੀਂ ਮਿਲ ਰਿਹਾ।

ਡਾ. ਚੀਮਾ ਨੇ ਕਿਹਾ ਕਿ ਆਪ ਸਰਕਾਰ ਤੇ ਇਸਦੇ ਮੁੱਖ ਮੰਤਰੀ ਨੂੰ ਕਿਸਾਨਾਂ ਤੇ ਸਮਾਜ ਦੇ ਵੱਖ-ਵੱਖ ਵਰਗਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜਾਂ ਤਾਂ ਮੁੱਖ ਮੰਤਰੀ ਜ਼ਿੰਮੇਵਾਰੀ ਸਮਝਣ ਜਾਂ ਫਿਰ ਅਸਤੀਫਾ ਦੇਣ। ਉਹਨਾਂ ਕਿਹਾ ਕਿ ਅਸੀਂ ਉਹ ਸਰਕਾਰ ਬਰਦਾਸ਼ਤ ਨਹੀਂ ਕਰ ਸਕਦੇ ਜੋ ਲੋਕਾਂ ਦੀਆਂ ਮੁਸ਼ਕਿਲਾਂ ਤੋਂ ਪਾਸਾ ਵੱਟੇ ਤੇ ਜਨਤਾ ਦਾ ਪੈਸਾ ਇਸ਼ਤਿਹਾਰਬਾਜ਼ੀ ਤੇ ਸਸਤੇ ਤਮਾਸ਼ਿਆਂ ’ਤੇ ਲੁਟਾ ਦੇਵੇ ਤੇ ਸੂਬਾ ਕੰਗਾਲ ਬਣਿਆ ਰਹੇਗਾ।
ਇਸ ਮੌਕੇ ਪਾਰਟੀ ਦੇ ਮੁੱਖ ਬੁਲਾਰੇ ਅਰਸ਼ਦੀਪ ਕਲੇਰ ਵੀ ਪ੍ਰੈਸ ਕਾਨਫਰੰਸ ਵਿਚ ਮੌਜੂਦ ਸਨ।
ਹੋਰ ਪੜ੍ਹੋ 👉  ਜਿਸ ਲਾਹੌਰ ਨਹੀਂ ਵੇਖਿਆ..’ ਨਾਟਕ ਨੇ ਸਾਕਾਰ ਕੀਤਾ ਬਟਵਾਰੇ ਦਾ ਦਰਦ

Leave a Reply

Your email address will not be published. Required fields are marked *