ਚੰਡੀਗੜ੍ਹ 8 ਨਵੰਬਰ (ਖ਼ਬਰ ਖਾਸ ਬਿਊਰੋ)
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਦੋ ਦਿਨਾਂ ਪੰਜਾਬ ਦੌਰੇ ’ਤੇ ਆ ਰਹੇ ਹਨ। ਪਹਿਲੇ ਦਿਨ ਸ਼ੁੱਕਰਵਾਰ ਨੂੰ ਉਹ ਨਵੇਂ ਸਰਪੰਚਾਂ ਨੂੰ ਸਹੁੰ ਚੁੱਕ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਪੁੱਜ ਰਹੇ ਹਨ, ਜਦਕਿ ਭਲਕੇ ਸ਼ਨੀਵਾਰ ਨੂੰ ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਵਿਧਾਨ ਸਭਾ ਹਲਕੇ ਵਿਚ ਪਾਰਟੀ ਉਮੀਦਵਾਰਾਂ ਦੇ ਹੱਕ ਵਿਚ ਚੋਣ ਮੈਦਾਨ ਭਖਾਉਣਗੇ। ਜ਼ਿਮਨੀ ਚੋਣਾਂ ਵਿਚ ਚੋਣ ਪ੍ਰਚਾਰ ਕਰਨ ਲਈ ਆਉਣ ਵਾਲੇ ਕੇਜਰੀਵਾਲ ਪਹਿਲੇ ਕੌਮੀ ਆਗੂ ਹਨ। ਜਿਹੜੇ ਆਪਣੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਆ ਰਹੇ ਹਨ।
ਪ੍ਰਾਪਤ ਵੇਰਵਿਆਂ ਅਨੁਸਾਰ ਅਰਵਿੰਦ ਕੇਜਰੀਵਾਲ ਸ਼ੁਕਰਵਾਰ ਲੁਧਿਆਣਾ ਦੀ ਧਨਾਨਸੂ ਸਾਈਕਲ ਵੈਲੀ ਵਿਖੇ ਸਰਪੰਚਾਂ ਦੇ ਰਾਜ ਪੱਧਰੀ ਸਹੁੰ ਚੁੱਕ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਮੁੱਖ ਮੰਤਰੀ ਭਗਵੰਤ ਮਾਨ ਪੰਚਾਇਤੀ ਚੋਣਾਂ ਦੌਰਾਨ ਸੂਬੇ ਭਰ ਦੇ 23 ਜ਼ਿਲ੍ਹਿਆਂ ਦੀਆਂ 13,147 ਗ੍ਰਾਮ ਪੰਚਾਇਤਾਂ ਵਿੱਚੋਂ 19 ਜ਼ਿਲ੍ਹਿਆਂ ਦੇ 10,031 ਸਰਪੰਚਾਂ ਨੂੰ ਸਹੁੰ ਚੁਕਾਉਣਗੇ।
ਹੁਣ ਤੱਕ ਮੁੱਖ ਮੰਤਰੀ ਭਗਵੰਤ ਮਾਨ ਇਕੱਲੇ ਹੀ ਆਮ ਆਦਮੀ ਪਾਰਟੀ ਦੀ ਤਰਫੋਂ ਚੋਣ ਪ੍ਰਚਾਰ ਵਿਚ ਡਟੇ ਹੋਏ ਹਨ। ਉਹ ਇਨ੍ਹਾਂ ਚਾਰਾਂ ਸੀਟਾਂ ‘ਤੇ ਆਪਣੇ ਉਮੀਦਵਾਰਾਂ ਲਈ ਨਾ ਸਿਰਫ਼ ਰੈਲੀਆਂ ਕਰ ਰਹੇ ਹਨ, ਸਗੋਂ ਰੋਡ ਸ਼ੋਅ ਵੀ ਕਰ ਰਹੇ ਹਨ। ਪਾਰਟੀ ਦੀ ਤਰਫੋ਼ ਕੇਜਰੀਵਾਲ ਆ ਰਹੇ ਹਨ। ਦੂਜੇ ਪਾਸੇ ਕਾਂਗਰਸ ਤੇ ਭਾਜਪਾ ਦਾ ਕੋਈ ਵੱਡਾ ਆਗੂ ਅਜੇ ਤੱਕ ਚੋਣ ਪ੍ਰਚਾਰ ਲਈ ਨਹੀਂ ਬਹੁੜਿਆ। ਭਾਵੇਂ ਕਿ ਭਾਜਪਾ ਦੇ ਪੰਜਾਬ ਮਾਮਲਿਆ ਦੇ ਇੰਚਾਰਜ ਵਿਜੈ ਰੁਪਾਣੀ ਵੀ ਪੰਜਾਬ ਪੁੱਜੇ ਹੋਏ ਹਨ, ਪਰ ਉਹਨਾਂ ਦਾ ਜ਼ਿਆਦਾ ਧਿਆਨਾ ਬਰਨਾਲਾ ਵਿਧਾਨ ਸਭਾ ਹਲਕੇ ਉਤੇ ਕੇਂਦਿਰਤ ਹੈ।
ਕੇਜਰੀਵਾਲ 9 ਨਵੰਬਰ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਚੱਬੇਵਾਲ ਅਤੇ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਵਿਖੇ ਵੀ ਚੋਣ ਪ੍ਰਚਾਰ ਕਰਨਗੇ। ਇਸ ਤੋਂ ਪਹਿਲਾਂ ਉਨ੍ਹਾਂ ਦਾ ਪਾਰਟੀ ਆਗੂਆਂ ਨਾਲ ਗੈਰ ਰਸਮੀ ਚੋਣਾਂ ਬਾਰੇ ਗੱਲਬਾਤ ਕਰਨ ਤੇ ਮੀਟਿੰਗ ਦਾ ਪ੍ਰੋਗਰਾਮ ਵੀ ਹੈ, ਪਰ ਇਸਦੀ ਕਿਸੇ ਨੇ ਪੁਸ਼ਟੀ ਨਹੀਂ ਕੀਤੀ। ਉਹ ਬਰਨਾਲਾ ਅਤੇ ਗਿੱਦੜਬਾਹਾ ਸੀਟਾਂ ‘ਤੇ 16 ਨਵੰਬਰ ਨੂੰ ਚੋਣ ਪ੍ਰਚਾਰ ਕਰਨ ਲਈ ਮੁੜ ਆਉਣਗੇ।
ਕੇਜਰੀਵਾਲ ਦਾ ਇਹ ਦੌਰਾ ਇਸ ਲਈ ਵੀ ਅਹਿਮ ਹੈ ਕਿਉਂਕਿ ਝੋਨੇ ਅਤੇ ਡੀਏਪੀ ਖਾਦ ਦੀ ਸੁਸਤ ਖਰੀਦ ਕਾਰਨ ਕਿਸਾਨਾਂ ਦੀ ਨਾਰਾਜ਼ਗੀ ਵਧ ਰਹੀ ਹੈ। ਰਾਜਸੀ ਵਿਰੋਧੀਆਂ ਵਲੋਂ ਇਸ ਮੁੱਦੇ ਉਤੇ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਕਿਸਾਨ ਯੂਨੀਅਨ ਉਗਰਾਹਾਂ ਵਲੋਂ ਭਾਜਪਾ ਅਤੇ ਹੁਕਮਰਾਨ ਧਿਰ ਦੇ ਉਮੀਦਵਾਰਾਂ ਦੇ ਦਫ਼ਤਰਾਂ ਅੱਗੇ ਰੋਸ ਮੁਜਾਹਰੇ ਕੀਤੇ ਤੇ ਮੋਰਚੇ ਵੀ ਲਾਏ ਹਨ। ਹਾਲਾਂਕਿ ਝੋਨੇ ਅਤੇ ਡੀ.ਏ.ਪੀ ਖਾਦ ਦੀ ਘਾਟ ਅਤੇ ਲਿਫਟਿੰਗ ਦੇ ਮੁੱਦੇ ਉਤੇ ਆਪ ਨੇ ਕੇਂਦਰ ਦੀ ਭਾਜਪਾ ਸਰਕਾਰ ਉਤੇ ਲਗਾਤਾਰ ਪਲਟਵਾਰ ਕੀਤਾ ਹੈ, ਪਰ ਇਹ ਦੋਵੇਂ ਮੁੱਦੇ ਇਨ੍ਹਾਂ ਉਪ ਚੋਣਾਂ ਨੂੰ ਪ੍ਰਭਾਵਿਤ ਕਰ ਰਹੇ ਹਨ।
ਅਕਾਲੀ ਦਲ ਨੇ ਚੋਣਾਂ ਦਾ ਪਹਿਲਾ ਹੀ ਬਾਈਕਾਟ ਕੀਤਾ ਹੋਇਆ ਹੈ। ਬਹੁਜਨ ਸਮਾਜ ਪਾਰਟੀ ਨੇ ਆਪਣਾ ਕੋਈ ਉਮੀਦਵਾਰ ਚੋਣ ਮੈਦਾਨ ਵਿਚ ਨਹੀਂ ਉਤਾਰਿਆ। ਇਸ ਤਰਾਾਂ ਆਮ ਆਦਮੀ ਪਾਰਟੀ, ਕਾਂਗਰਸ ਤੇ ਭਾਜਪਾ ਦੇ ਉਮੀਦਵਾਰ ਜ਼ਿਮਨੀ ਚੋਣਾਂ ਵਿਚ ਡਟੇ ਹੋਏ ਹਨ।