ਹਰਿਆਣਾ- ਸਪੀਕਰ ਤੇ ਡਿਪਟੀ ਸਪੀਕਰ ਦੇ ਨਾਵਾਂ ‘ਤੇ ਅੱਜ ਲੱਗੇਗੀ ਮੋਹਰ, ਮੁੱਖ ਮੰਤਰੀ ਨੇ ਬੁਲਾਈ ਮੀਟਿੰਗ

ਚੰਡੀਗੜ੍ਹ 24 ਅਕਤੂਬਰ (ਖ਼ਬਰ ਖਾਸ ਬਿਊਰੋ)

ਹਰਿਆਣਾ ਵਿਚ ਭਾਜਪਾ ਨੇ ਤੀਸਰੀ ਵਾਰ ਗੈਰ ਜੱਟ ਨੂੰ ਮੁੱਖ ਮੰਤਰੀ ਬਣਾਕੇ ਸੂਬੇ ਦੀ ਰਾਜਨੀਤੀ ਵਿਚ ਹੁਣ ਤੱਕ ਚੱਲੇ ਆ ਰਹੇ ਜਾਟਾਂ (ਜੱਟਾਂ) ਦਾ ਦਬਦਬਾ ਸਿਆਸਤ ਵਿਚ ਖ਼ਤਮ ਕਰ ਦਿੱਤਾ ਹੈ। ਮੁ੍ੱਖ ਮੰਤਰੀ ਨਾਇਬ ਸੈਣੀ ਨੇ ਵੀਰਵਾਰ ਨੂੰ ਭਾਜਪਾ ਵਿਧਾਇਕ ਦਲ ਦੀ  ਬੈਠਕ ਆਪਣੀ ਰਿਹਾਇਸ਼ ਉਤੇ ਬੁਲਾ ਲਈ ਹੈ। ਇਸ ਵਿਚ ਸਪੀਕਰ ਅਤੇ ਡਿਪਟੀ ਸਪੀਕਰ ਦੇ ਨਾਵਾਂ ਤੇ  ਮੋਹਰ ਲਗਾਈ ਜਾਵੇਗੀ।

ਭਾਜਪਾ ਵਿਧਾਇਕ ਦਲ ਦੀ ਬੈਠਕ ਵੀਰਵਾਰ ਨੂੰ ਸ਼ਾਮ 5 ਵਜੇ ਮੁੱਖ ਮੰਤਰੀ ਨਿਵਾਸ ‘ਤੇ ਹੋਵੇਗੀ। ਮੀਟਿੰਗ ਵਿੱਚ ਮੁੱਖ ਮੰਤਰੀ ਨਾਇਬ ਸੈਣੀ ਦੇ ਨਾਲ ਸੂਬਾ ਪ੍ਰਧਾਨ ਮੋਹਨ ਲਾਲ ਬਡੋਲੀ ਵੀ ਮੌਜੂਦ ਰਹਿਣਗੇ। ਪਤਾ ਲੱਗਿਆ ਹੈ ਕਿ ਮੀਟਿੰਗ ਵਿੱਚ ਵਿਧਾਨ ਸਭਾ ਸਪੀਕਰ ਅਤੇ ਡਿਪਟੀ ਸਪੀਕਰ ਦੇ ਨਾਵਾਂ ਨੂੰ ਲੈ ਕੇ ਸਹਿਮਤੀ ਬਣ ਜਾਵੇਗੀ। ਸਰਬਸੰਮਤੀ ਨਾਲ ਨਾਵਾਂ ਦਾ ਫੈਸਲਾ ਹੋਣ ਤੋਂ ਬਾਅਦ ਹੀ ਦੋਵਾਂ ਅਹੁਦਿਆਂ ਦੀ ਚੋਣ ਦੀ ਰਸਮ 25 ਅਕਤੂਬਰ ਨੂੰ ਵਿਧਾਨ ਸਭਾ ਸੈਸ਼ਨ ਦੌਰਾਨ ਕਰਵਾਈ ਜਾਵੇਗੀ।
ਸਪੀਕਰ ਲਈ  ਵਿਧਾਇਕ ਹਰਵਿੰਦਰ ਕਲਿਆਣ ਦਾ ਨਾਮ ਲਗਭਗ ਤੈਅ ਮੰਨਿਆ ਜਾ ਰਿਹਾ ਹੈ। ਹਾਲਾਂਕਿ ਸਾਬਕਾ ਮੰਤਰੀ ਮੂਲਚੰਦ ਸ਼ਰਮਾ ਦਾ ਨਾਮ ਵੀ ਉੱਭਰ ਰਿਹਾ ਹੈ। ਇਸੇ ਤਰ੍ਹਾਂ ਡਿਪਟੀ ਸਪੀਕਰ ਲਈ ਯਮੁਨਾਨਗਰ ਦੇ ਵਿਧਾਇਕ ਘਣਸ਼ਿਆਮ ਦਾਸ ਅਰੋੜਾ ਅਤੇ ਜੀਂਦ ਤੋਂ ਵਿਧਾਇਕ ਕ੍ਰਿਸ਼ਨਾ ਮਿੱਡਾ ਦੇ ਨਾਵਾਂ ‘ਤੇ ਚਰਚਾ ਚੱਲ ਰਹੀ ਹੈ। ਡਿਪਟੀ ਸਪੀਕਰ ਲਈ ਪੰਜਾਬੀ ਵਿਧਾਇਕ ਦਾ ਨਾਮ ਆਉਣਾ ਤੈਅ ਹੈ ਕਿਉਂਕਿ ਕੈਬਨਿਟ ਵਿੱਚ ਪੰਜਾਬੀ ਭਾਈਚਾਰੇ ਵਿੱਚੋਂ ਅਨਿਲ ਵਿੱਜ ਹੀ ਮੰਤਰੀ ਹਨ। ਜਦੋਂ ਕਿ ਇਸ ਤੋਂ ਪਹਿਲਾਂ ਸਰਕਾਰ ਵਿੱਚ ਪੰਜਾਬੀ ਭਾਈਚਾਰੇ ਦੀ ਵਧੇਰੇ ਸ਼ਮੂਲੀਅਤ ਸੀ।
ਸਰਕਾਰ 100 ਦਿਨਾਂ ਦਾ ਰੋਡਮੈਪ ਤਿਆਰ ਕਰੇਗੀ, ਅਧਿਕਾਰੀਆਂ ਤੋਂ ਵੀ ਫੀਡਬੈਕ ਲਈ ਜਾਵੇਗੀ।
ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੋਣ ਵਾਲੀ ਵਿਧਾਇਕ ਦਲ ਦੀ ਮੀਟਿੰਗ ਵਿੱਚ 100 ਦਿਨਾਂ ਦਾ ਰੋਡਮੈਪ ਤਿਆਰ ਕਰਨ ਲਈ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਵਿਭਾਗ ਅਨੁਸਾਰ 100 ਦਿਨਾਂ ਦਾ ਟੀਚਾ ਮਿਥਿਆ ਜਾਵੇਗਾ। ਵਿਧਾਇਕਾਂ ਤੋਂ ਉਨ੍ਹਾਂ ਦੇ ਹਲਕਿਆਂ ਦੀਆਂ ਸਮੱਸਿਆਵਾਂ ਦੇ ਨਾਲ-ਨਾਲ ਤਾਇਨਾਤ ਅਧਿਕਾਰੀਆਂ ਬਾਰੇ ਵੀ ਰਿਪੋਰਟ ਲਈ ਜਾਵੇਗੀ। ਇਸ ਦੇ ਨਾਲ ਹੀ ਭਾਜਪਾ ਦੇ ਵਾਅਦਿਆਂ ਸਬੰਧੀ ਮਤਾ ਪੱਤਰ ਵੀ ਵਿਚਾਰਿਆ ਜਾਵੇਗਾ। ਚੋਣ ਪ੍ਰਚਾਰ ਦੌਰਾਨ ਕੀਤੇ ਗਏ ਐਲਾਨਾਂ ਸਬੰਧੀ ਵਿਧਾਇਕਾਂ ਤੋਂ ਵਿਕਾਸ ਕਾਰਜਾਂ ਦੀ ਸੂਚੀ ਵੀ ਮੰਗੀ ਜਾਵੇਗੀ।

ਹੋਰ ਪੜ੍ਹੋ 👉  ਮੋਹਾਲੀ ਵਿਖੇ ਬਹੁ ਮੰਜ਼ਿਲਾਂ ਇਮਰਾਤ ਡਿੱਗੀ, ਦਰਜ਼ਨਾਂ ਵਿਅਕਤੀਆਂ ਦੇ ਦੱਬੇ ਹੋਣ ਦਾ ਖਦਸ਼ਾ, ਫੌਜ ਬੁਲਾਈ

 

Leave a Reply

Your email address will not be published. Required fields are marked *