ਚੰਡੀਗੜ੍ਹ 22 ਅਕਤੂਬਰ (ਖ਼ਬਰ ਖਾਸ ਬਿਊਰੋ)
ਆਮ ਆਦਮੀ ਪਾਰਟੀ ਵੱਲੋਂ ਚਾਰ ਵਿਧਾਨ ਸਭਾ ਸੀਟਾਂ ‘ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਦੂਜੀਆਂ ਪਾਰਟੀਆਂ ‘ਤੇ ਟਿਕਟਾਂ ਦਾ ਐਲਾਨ ਕਰਨ ਦਾ ਦਬਾਅ ਵਧ ਗਿਆ ਹੈ। ਉਮੀਦ ਕੀਤੀ ਜਾ ਰਹੀ ਸੀ ਕਿ ਅੱਜ ਬਾਕੀ ਪਾਰਟੀਆਂ ਟਿਕਟਾਂ ਦਾ ਐਲਾਨ ਕਰ ਦੇਣ ਕਿਉਂਕਿ 25 ਅਕਤੂਬਰ ਤਕ ਹੀ ਨਾਮਜ਼ਦਗੀਆਂ ਕੀਤੀਆਂ ਜਾ ਸਕਦੀਆਂ ਹਨ। ਭਾਜਪਾ ਦੇ ਸੂਤਰਾਂ ਦਾ ਕਹਿਣਾ ਹੈ ਕਿ ਟਿਕਟਾਂ ਲਗਭਗ ਤੈਅ ਹੋ ਚੁੱਕੀਆਂ ਹਨ ਅਤੇ ਸਿਰਫ਼ ਰਸਮੀ ਐਲਾਨ ਦੀ ਕਾਰਵਾਈ ਬਾਕੀ ਹੈ।
ਪਾਰਟੀ ਵੱਲੋਂ ਮਨਪ੍ਰੀਤ ਬਾਦਲ ਨੂੰ ਗਿੱਦੜਬਾਹਾ ਤੋਂ ਉਮੀਦਵਾਰ ਬਣਾਇਆ ਜਾਣਾ ਤੈਅ ਹੈ। ਇਸੇ ਤਰ੍ਹਾਂ ਬਰਨਾਲਾ ਤੋਂ ਸਾਬਕਾ ਵਿਧਾਇਕ ਕੇਵਲ ਢਿੱਲੋਂ ਨੂੰ ਚੋਣ ਮੈਦਾਨ ਵਿੱਚ ਉਤਾਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਹ ਦੋਵੇਂ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਮਨਪ੍ਰੀਤ ਬਾਦਲ ਨੇ 2017 ਵਿਚ ਬਠਿੰਡਾ ਤੋਂ ਕਾਂਗਰਸ ਦੀ ਟਿਕਟ ‘ਤੇ ਚੋਣ ਲੜ ਕੇ ਜਿੱਤ ਪ੍ਰਾਪਤ ਕੀਤੀ ਸੀ ਅਤੇ ਵਿੱਤ ਮੰਤਰੀ ਬਣੇ ਸਨ।
ਪਾਰਟੀ ਚੱਬੇਵਾਲ ਸੀਟ ਤੋਂ ਸਾਬਕਾ ਸੰਸਦ ਮੈਂਬਰ ਅਨੀਤਾ ਸੋਮ ਪ੍ਰਕਾਸ਼ ਨੂੰ ਉਮੀਦਵਾਰ ਬਣਾ ਸਕਦੀ ਹੈ। ਅਨੀਤਾ ਸਮ ਪ੍ਰਕਾਸ਼ ਨੇ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਵੀ ਲੜੀਆਂ ਸਨ ਪਰ ਉਹ ਆਮ ਆਦਮੀ ਪਾਰਟੀ ਦੇ ਡਾ: ਰਾਜਕੁਮਾਰ ਚੱਬੇਵਾਲ ਤੋਂ ਹਾਰ ਗਈ ਸੀ। ਜੇਕਰ ਉਨ੍ਹਾਂ ਨੂੰ ਟਿਕਟ ਮਿਲਦੀ ਹੈ ਤਾਂ ਉਨ੍ਹਾਂ ਨੂੰ ਇਕ ਵਾਰ ਫਿਰ ਰਾਜ ਕੁਮਾਰ ਚੱਬੇਵਾਲ ਦੇ ਪਰਿਵਾਰ ਨਾਲ ਮੁਕਾਬਲਾ ਕਰਨਾ ਪਵੇਗਾ ਕਿਉਂਕਿ ‘ਆਪ’ ਨੇ ਚੱਬੇਵਾਲ ਦੇ ਪੁੱਤਰ ਨੂੰ ਟਿਕਟ ਦਿੱਤੀ ਹੈ।ਡੇਰਾ ਬਾਬਾ ਨਾਨਕ ਸੀਟ ‘ਤੇ ਅਕਾਲੀ ਦਲ ਤੋਂ ਭਾਜਪਾ ‘ਚ ਸ਼ਾਮਲ ਹੋਏ ਰਵੀ ਕਿਰਨ ਕਾਹਲੋਂ ਨੂੰ ਵੀ ਟਿਕਟ ਦੇ ਸਕਦਾ ਹੈ।