ਚੰਡੀਗੜ੍ਹ, 22 ਅਪ੍ਰੈਲ (ਖ਼ਬਰ ਖਾਸ ਬਿਊਰੋ)
ਆਮ ਆਦਮੀ ਪਾਰਟੀ (ਆਪ) ਪੰਜਾਬ ਨੂੰ ਸੋਮਵਾਰ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ, ਜਦੋਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਦੇ ਕਈ ਵੱਡੇ ਆਗੂ ਆਪਣੀਆਂ ਪਾਰਟੀਆਂ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋ ਗਏ।
ਰਣਧੀਰ ਸਿੰਘ ਥਰਾਜ ਜੋ ਕਿ ਜ਼ਿਲ੍ਹਾ ਪ੍ਰਧਾਨ ਐਸ.ਸੀ ਵਿੰਗ ਮੋਗਾ ਅਤੇ ਆਲ ਇੰਡੀਆ ਮਜ਼੍ਹਬੀ ਸਿੱਖ ਵੈੱਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਹਨ, ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਦੇ ਨਾਲ ਸਰਪੰਚ ਪਰਮਜੀਤ ਕੌਰ ਧਾਲੀਵਾਲ ਅਤੇ ਮਹਿਲਾ ਵਿੰਗ ਮੋਗਾ ਦੀ ਮੀਤ ਪ੍ਰਧਾਨ ਹਰਿੰਦਰ ਸਿੰਘ ਭਾਟੀਆ (ਐਮਸੀ ਉਮੀਦਵਾਰ), ਐਮਸੀ ਪਰਮਜੀਤ ਸਿੰਘ ਕੈਂਥ (ਕਾਂਗਰਸ) ਅਤੇ ਬਲਵਿੰਦਰ ਸਿੰਘ ਵੀ ਪਾਰਟੀ ਵਿੱਚ ਸ਼ਾਮਲ ਹੋਏ। ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਕਾਰਤ ਤੌਰ ‘ਤੇ ਸਾਰੇ ਆਗੂਆਂ ਨੂੰ ਪਾਰਟੀ ‘ਚ ਸ਼ਾਮਲ ਕਰਾਵਾਇਆ। ਇਸ ਮੌਕੇ ‘ਆਪ’ ਵਿਧਾਇਕ (ਬਾਘਾ ਪੁਰਾਣਾ) ਅੰਮ੍ਰਿਤਪਾਲ ਸਿੰਘ ਸੁਖਾਨੰਦ ਅਤੇ ਰਾਮਪੁਰਾ ਫੁੱਲ ਦੇ ਵਿਧਾਇਕ ਬਲਕਾਰ ਸਿੰਘ ਵੀ ਮੌਜੂਦ ਸਨ।
ਅਕਾਲੀ ਤੇ ਕਾਂਗਰਸੀ ਆਗੂਆਂ ਤੋਂ ਇਲਾਵਾ ਭਾਜਪਾ ਦੇ ਕਈ ਪ੍ਰਮੁੱਖ ਆਗੂ ਵੀ ‘ਆਪ’ ਵਿੱਚ ਸ਼ਾਮਲ ਹੋਏ। ਭਾਜਪਾ ਐਸ.ਸੀ ਮੋਰਚਾ ਦੇ ਕੌਮੀ ਸਕੱਤਰ ਸੰਤੋਖ ਸਿੰਘ ਗੁਮਟਾਲਾ, ਭਾਜਪਾ ਐਸ.ਸੀ ਮੋਰਚਾ ਦੇ ਸਵਿੰਦਰ ਸਿੰਘ ਛੱਜਲਵੱਦੀ ਮੈਂਬਰ ਕੋਰ ਕਮੇਟੀ ਅਤੇ ਸੂਬਾ ਸਕੱਤਰ ਪੰਜਾਬ, ਮੰਗਾ ਸਿੰਘ ਮਾਲ੍ਹਾ ਅਡਜੈਕਟਿਵ ਮੈਂਬਰ ਭਾਜਪਾ ਐਸ.ਸੀ ਮੋਰਚਾ ਪੰਜਾਬ, ਰਣਜੀਤ ਸਿੰਘ ਨੱਥੂਚੱਕ ਮੀਤ ਪ੍ਰਧਾਨ ਭਾਜਪਾ ਐਸ.ਸੀ ਮੋਰਚਾ ਤਰਨਤਾਰਨ, ਕੁਲਦੀਪ ਸਿੰਘ ਪਿਲੋਵਾਲ ਅਡਜੈਕਟਿਵ ਮੈਂਬਰ ਭਾਜਪਾ ਐਸ.ਸੀ ਮੋਰਚਾ ਪੰਜਾਬ ਅਤੇ ਸਾਬਕਾ AIG ਰਣਧੀਰ ਸਿੰਘ ਉੱਪਲ (ਸੇਵਾਮੁਕਤ ਸਹਾਇਕ ਇੰਸਪੈਕਟਰ ਜਨਰਲ ਆਫ਼ ਪੁਲਿਸ) ਆਪ ਵਿੱਚ ਸ਼ਾਮਲ ਹੋਏ।
ਇੱਕ ਹੋਰ ਸ਼ਮੂਲੀਅਤ ਵਿੱਚ ਨਗਰ ਕੌਂਸਲ ਜੰਡਿਆਲਾ ਗੁਰੂ ਦੇ ਪ੍ਰਧਾਨ ਸੰਜੀਵ ਕੁਮਾਰ ਲਵਲੀ, ਮੀਤ ਪ੍ਰਧਾਨ ਰਣਧੀਰ ਸਿੰਘ ਧੀਰਾ ਅਤੇ ਕੌਂਸਲਰ ਆਸ਼ੂ ਵਿਨਾਇਕ ਕਾਂਗਰਸ ਛੱਡ ਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਭਗਵੰਤ ਮਾਨ ਨੇ ਸਾਰੇ ਆਗੂਆਂ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਸਾਰੇ ਆਗੂਆਂ ਵੱਲੋਂ ‘ਆਪ’ ਨੂੰ ਦਿੱਤੇ ਸਮਰਥਨ ਦੀ ਸ਼ਲਾਘਾ ਕੀਤੀ।
ਇਸ ਮੌਕੇ ‘ਆਪ’ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਜੰਡਿਆਲਾ ਗੁਰੂ ਨਗਰ ਕੌਂਸਲ ਦੇ ਸਹਿਯੋਗ ਨਾਲ ਖਡੂਰ ਸਾਹਿਬ ਲੋਕ ਸਭਾ ਹਲਕੇ ਵਿੱਚ ਪਾਰਟੀ ਹੋਰ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਨੇ 2 ਸਾਲਾਂ ਵਿੱਚ ਬੇਮਿਸਾਲ ਕੰਮ ਕੀਤੇ ਹਨ ਅਤੇ ਲੋਕ ਸਭਾ ਤੋਂ ਪਹਿਲਾਂ ਹੀ ਲੋਕ ਵੱਡੀ ਗਿਣਤੀ ਵਿੱਚ ‘ਆਪ’ ਦੇ ਪਰਿਵਾਰ ਵਿੱਚ ਸ਼ਾਮਲ ਹੋ ਰਹੇ ਹਨ, ਜਿਸ ਦਾ ਮਤਲਬ ਹੈ ਕਿ ਪੰਜਾਬ ਦੀ ਜਨਤਾ ਆਮ ਆਦਮੀ ਪਾਰਟੀ ਨੂੰ 2022 ਦੀ ਤਰ੍ਹਾਂ ਇਸ ਵਾਰ ਵੀ ਭਾਰੀ ਵੋਟਾਂ ਨਾਲ 13 ਦੀਆਂ 13 ਸੀਟਾਂ ਤੇ ਜਿੱਤਾਵੇਗੀ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੂੰ ਹਰ ਵਰਗ ਅਤੇ ਸਮਾਜ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ ਕਿਉਂਕਿ ਅਸੀਂ ਬਿਨਾਂ ਕਿਸੇ ਭੇਦਭਾਵ ਤੋਂ ਆਮ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੇ ਹਾਂ। ‘ਆਪ’ ਦੀ ਸਰਕਾਰ ਵਿੱਚ ਹਰ ਆਮ ਵਿਅਕਤੀ ਨੂੰ ਬਰਾਬਰ ਸਹੂਲਤਾਂ ਅਤੇ ਮੌਕੇ ਮਿਲ ਰਹੇ ਹਨ, ਜੋ ਭਵਿੱਖ ਵਿਚ ਵੀ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਇਹ ਤੈਅ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੀਆਂ ਸਾਰੀਆਂ 13 ਦੀਆਂ 13 ਲੋਕ ਸਭਾ ਸੀਟਾਂ ਜਿੱਤ ਰਹੀ ਹੈ।