ਅੰਮ੍ਰਿਤਸਰ 16 ਅਕਤੂਬਰ (ਖ਼ਬਰ ਖਾਸ ਬਿਊਰੋ)
ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਅਸਤੀਫ਼ੇ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਬਿਆਨ ਸਾਹਮਣੇ ਆਇਆ ਹੈ।
ਧਾਮੀ ਨੇ ਕਰੀਬ ਸਵਾ ਮਿੰਟ ਦੇ ਵੀਡਿਓ ਸੰਦੇਸ਼ ਵਿਚ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੰਘ ਸਾਹਿਬਾਨ ਦੇ ਨਾਲ ਹੈ। ਹਾਲਾਂਕਿ ਉਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਲੈ ਕੇ ਖੜੇ ਹੋਣ ਦੀ ਗੱਲ ਨਹੀਂ ਕਹੀ, ਉਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਜਥੇਦਾਰ ਸਾਹਿਬਾਨ ਦੇ ਹਰ ਆਦੇਸ਼ ਦਾ ਪਾਲਣ ਕਰਦੀ ਹੈ। ਉਨਾਂ ਕਿਹਾ ਕਿ ਔਖਾ ਸਮਾਂ ਆਉਂਦਾ ਜਾਂਦਾ ਰਹਿੰਦਾ ਹੈ।
ਵੀਡਿਓ ਸੰਦੇਸ਼ ਵਿਚ ਭਾਈ ਧਾਮੀ ਨੇ ਕਿਹਾ ਕਿ ਸ਼ਾਮ 5 ਵਜੇ ਦੀ ਕਰੀਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਰਾਂ ਦਾ ਫੋਨ ਆਇਆ ਸੀ ਤੇ ਉਹਨਾਂ ਨੇ ਵਟਸਐਪ ਉਤੇ ਆਪਣਾ ਅਸਤੀਫਾ ਭੇਜਣ ਦੀ ਗੱਲ ਕਹੀ ਸੀ। ਭਾਈ ਧਾਮੀ ਨੇ ਕਿਹਾ ਕਿ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਉਹ ਤੁਹਾਡੇ ਨਾਲ ਹਨ । ਸ਼੍ਰੋਮਣੀ ਕਮੇਟੀ ਹਮੇਸ਼ਾਂ ਹੀ ਸਿੰਘ ਸਾਹਿਬਾਨ ਦਾ ਸਤਿਕਾਰ ਕਰਦੀ ਹੈ ਅਤੇ ਉਹਨਾਂ ਦੇ ਦਿੱਤੇ ਆਦੇਸ਼ਾਂ ਦੇ ਉੱਤੇ ਖੜੀ ਹੁੰਦੀ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਹਿੱਤਾਂ ਦੀ ਪੂਰਤੀ ਤੋਂ ਕਦੇ ਵੀ ਪਿੱਛੇ ਨਹੀਂ ਹਟੀ। ਉਨਾਂ ਸਿੰਘ ਸਾਹਿਬਾਨ ਤੇ ਸਿੱਖ ਸੰਗਤ ਨੂੰ ਬੇਨਤੀ ਕੀਤੀ ਹੈ ਕਿ ਭੜਕਾਹਟ ਵਿਚ ਆ ਕੇ ਅਜਿਹੀ ਗੱਲ ਨਾ ਕਰੋ ਜਿਸ ਦੇ ਨਾਲ ਦੂਰੀਆਂ ਵਧਣ । ਉਨਾਂ ਯਕੀਨ ਦਿਵਾਇਆ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੰਘ ਸਾਹਿਬਾਨ ਦੇ ਨਾਲ ਹੈ।
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕੀ ਕਿਹਾ, ਪੜੋ
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਜਥੇਦਾਰ ਸਾਹਿਬ ਨੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗਿਆਨੀ ਹਰਪ੍ਰੀਤ ਸਿੰਘ ਹੁਰਾਂ ਦਾ ਅਸਤੀਫ਼ਾ ਨਾ ਮੰਜ਼ੂਰ ਕਰਨ ਦਾ ਹੁਕਮ ਦਿੱਤਾ ਹੈ। ਉਨਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਆਪਣੇ ਅਸਤੀਫ਼ੇ ਉਤੇ ਮੁੜ ਗੌਰ ਕਰਨ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਜੇਕਰ ਅਸਤੀਫ਼ਾ ਮੰਜੂਰ ਕੀਤਾ ਗਿਆ ਤਾਂ ਉਹ ਵੀ ਆਪਣੇ ਅਹੁੱਦੇ ਤੋਂ ਅਸਤੀਫ਼ਾ ਦੇ ਦੇਣਗੇ।
ਇਹ ਵੀ ਪੜੋ
ਗਿਆਨੀ ਹਰਪ੍ਰੀਤ ਸਿੰਘ ਨੇ ਦਿੱਤਾ ਅਸਤੀਫ਼ਾ, ਵਲਟੋਹਾ ‘ਤੇ ਲਗਾਏ ਜਾਤੀ ਸ਼ਬਦ ਅਤੇ ਧੀਆਂ ਨੂੰ ਅਪਸ਼ਬਦ ਬੋਲਣ ਦੇ ਦੋਸ਼