ਚੰਡੀਗੜ, 16 ਅਕਤੂਬਰ (ਖ਼ਬਰ ਖਾਸ ਬਿਊਰੋ)
ਪੰਥਕ ਹਲਕਿਆਂ ਵਿਚ ਬੁੱਧਵਾਰ ਨੂੰ ਵੱਡਾ ਘਟਨਾਕ੍ਰਮ ਵਾਪਰਿਆ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਸਾਬਕਾ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਉਤੇ ਕਈ ਗੰਭੀਰ ਦੋਸ਼ ਲਾਉਣ ਉਪਰੰਤ ਆਪਣਾ ਅਸਤੀਫ਼ਾ ਦਿੱਤਾ ਹੈ। ਬੀਤੇ ਕੱਲ ਵਲਟੋਹਾ ਨੇ ਲਾਈਵ ਹੋ ਕੇ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ਼ ਸਖ਼ਤ ਟਿਪਣੀਆਂ ਕੀਤੀਆਂ ਸਨ।
ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਸਤੀਫ਼ਾ ਭੇਜਦੇ ਹੋਏ ਸਿ੍ਖ ਪੰਥ ਤੋਂ ਅਤੀਤ ਵਿਚ ਜੇਕਰ ਕੋਈ ਗਲਤੀ ਹੋਈ ਹੈ, ਉਸ ਬਾਰੇ ਖਿਮਾ ਵੀ ਮੰਗੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਵਲਟੋਹਾ ਲਗਾਤਾਰ ਉਹਨਾਂ ਤੇ ਪਰਿਵਾਰ ਨੂੰ ਧਮਕੀਆਂ ਦੇ ਰਹੇ ਹਨ। ਜਥੇਦਾਰ ਸਾਹਿਬ ਨੇ ਕਿਹਾ ਕਿ ਵਲਟੋਹਾ ਵਲੋਂ ਉਸਦੀਆਂ ਧੀਆਂ ਨੂੰ ਵੀ ਅਪਸ਼ਬਦ ਬੋਲੇ ਜਾ ਰਹੇ ਹਨ। ਇਸਦੇ ਨਾਲ ਹੀ ਮੇਰੀ (ਗਿਆਨੀ ਜੀ) ਜਾਤ ਤਕ ਪਰਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਉਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੁੱਪ ਵੱਡਾ ਸਵਾਲ ਖੜਾ ਕਰਦੀ ਹੈ।
ਵਲਟੋਹਾ ਨੇ ਲਗਾਤਾਰ ਗਿਆਨੀ ਹਰਪ੍ਰੀਤ ਸਿੰਘ ਉਤੇ ਸਖ਼ਤ ਟਿਪਣੀਆਂ ਕਰ ਰਹੇ ਸਨ ਉਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਭਾਜਪਾ ਤੇ ਆਰਆਰਐਸ ਨਾਲ ਸਬੰਧ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮੁੰਡੇ ਦੇ ਵਿਆਹ ਵੀ ਸ਼ਾਮਲ ਹੋ ਕੇ ਅਰਦਾਸ ਕਰਨ ਸਮੇਤ ਕਈ ਗੰਭੀਰ ਦੋਸ਼ ਲਾਏ ਸਨ। ਇੱਥੇ ਦੱਸਿਆ ਜਾਂਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ 1997 ਵਿਚ ਇਕ ਪ੍ਰਚਾਰਕ ਦੇ ਤੌਰ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੁੜੇ ਸਨ।
ਭਾਈ ਹਰਪ੍ਰੀਤ ਸਿੰਘ ਦਾ ਅਸਤੀਫ਼ਾ ਨਾ ਮਨਜ਼ੂਰ ਕੀਤਾ ਜਾਵੇ ਕੌਮ ਉਹਨਾਂ ਦੇ ਨਾਲ ਹੈ: ਜਥੇ: ਵਡਾਲਾ
ਉਧਰ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਬੀਬੀ ਜੰਗੀਰ ਕੌਰ, ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ, ਸ: ਸੁਰਜੀਤ ਸਿੰਘ ਰੱਖੜਾ ਅਤੇ ਸ: ਸੁੱਚਾ ਸਿੰਘ ਛੋਟੇਪੁੱਰ ਨੇ ਸਾਂਝੇ ਤੌਰ ਤੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਅਸਤੀਫ਼ੇ ਨੂੰ ਸਿੱਖ ਕੌਮ ਲਈ ਵੱਡਾ ਘਾਟਾ ਕਰਾਰ ਦਿੱਤਾ ਹੈ ਤੇ ਇਸ ਦੇ ਨਾਲ ਹੀ ਸਿੰਘ ਸਾਹਿਬਾਨ ਨੂੰ ਅਪੀਲ ਕੀਤੀ ਹੈ ਕਿ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦੇ ਹੋਏ ਜੱਥੇਦਾਰ ਸਾਹਿਬ ਆਪਣੇ ਅਸਤੀਫੇ ਦੇ ਮੁੜ ਗੌਰ ਫ਼ੁਰਮਾਉਣਗੇ ਇਸ ਦੀ ਸਿੱਖ ਕੌਮ ਉਮੀਦ ਕਰਦੀ ਹੈ। ਇਸ ਦੇ ਨਾਲ ਆਗੂਆਂ ਨੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਅਪੀਲ ਕੀਤੀ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫ਼ਾ ਕਿਸੇ ਵੀ ਹਾਲਤ ਵਿੱਚ ਸਵੀਕਾਰ ਕਰਨਾ ਸਿੱਖ ਕੌਮ ਨਾਲ ਬੇਇਨਸਾਫ਼ੀ ਹੋਵੇਗੀ।
ਸਖ਼ਤ ਸਬਦਾਂ ਦੀ ਵਰਤੋਂ ਕਰਦਿਆਂ ਵਡਾਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਪਿਛਲੇ ਹਫਤੇ ਤੋਂ ਲਗਾਤਾਰ ਕਹਿ ਰਿਹਾ ਸੀ ਕਿ ਕੌਮ ਨੂੰ ਅੱਗ ਵੱਲ ਧਕਿਆ ਜਾ ਰਿਹਾ ਹੈ। ਜਿਸ ਲਈ ਸ਼੍ਰੋਮਣੀ ਅਕਾਲੀ ਦਲ ਦਾ ਤਨਖਾਹੀਆ ਪ੍ਰਧਾਨ ਗਿਣੀ ਮਿਥੀ ਸ਼ਾਜਿਸ ਨੂੰ ਅੱਗੇ ਵਧਾ ਰਿਹਾ ਹੈ। ਕੌਮ ਦੇ ਖਿਲਾਫ ਰਚੀ ਗਈ ਸਾਜਿਸ਼ ਪਿੱਛੇ ਸਿਰਫ ਸੁਖਬੀਰ ਸਿੰਘ ਬਾਦਲ ਹੀ ਨਹੀਂ ਸਗੋਂ ਵਿਰਸਾ ਸਿੰਘ ਵਲਟੋਹਾ ਸਮੇਤ ਤਮਾਮ ਓਹ ਲੀਡਰ ਸ਼ਾਮਿਲ ਨੇ ਜਿਹੜੇ ਇਸ ਸਾਜਿਸ਼ ਦਾ ਵਿਰੋਧ ਕਰਨ ਦੀ ਬਜਾਏ ਓਹਨਾ ਦੀ ਪਿੱਠ ਥਾਪੜ ਰਹੇ ਹਨ।
ਵਡਾਲਾ ਨੇ ਕਿਹਾ ਸਿੰਘ ਸਾਹਿਬਾਨਾਂ ਨੇ ਬੀਤੇ ਦਿਨ ਵਿਰਸਾ ਸਿੰਘ ਵਲਟੋਹਾ ਵਲੋਂ ਦਿੱਤੀਆਂ ਜਾ ਰਹੀਆਂ ਧਮਕੀਆਂ ਦਾ ਜਿਕਰ ਕੀਤਾ ਸੀ ਜਿਸ ਤੋਂ ਬਾਅਦ ਵਿਰਸਾ ਸਿੰਘ ਵਲਟੋਹਾ ਬੁਖਲਾ ਚੁੱਕਾ ਸੀ ਤੇ ਸ਼ਾਮ ਨੂੰ ਫਿਰ ਕਿਰਦਾਰਕੁਸ਼ੀ ਕਰਨੀ ਸ਼ੁਰੂ ਕਰ ਦਿੱਤੀ ਤੇ ਹੁਣ ਸਿੰਘ ਸਾਹਿਬਾਨ ਦੀਆਂ ਬੇਟੀਆਂ ਤੱਕ ਦੀਆਂ ਧਮਕੀਆਂ ਸਾਬਿਤ ਕਰਦੀਆਂ ਹਨ ਕਿ ਸੁਖਬੀਰ ਸਿੰਘ ਬਾਦਲ ਇਸ ਖੇਡ ਦਾ ਰਚਣਹਾਰਾ ਹੈ ਜਿਸ ਦੇ ਇਸ਼ਾਰੇ ਤੇ ਸ਼੍ਰੋਮਣੀ ਅਕਾਲੀ ਦਲ ਦਾ ਆਈਟੀ ਵਿੰਗ ਸੋਸ਼ਲ ਮੀਡੀਆ ਤੇ ਗੁੰਡਾ ਰੋਲ ਅਦਾ ਕਰ ਰਿਹਾ ਸੀ।
ਸਿੱਖ ਕੌਮ ਨੂੰ ਸਿੰਘ ਸਾਹਿਬਾਨ ਦੀ ਹਿਫਾਜਤ ਲਈ ਅੱਗੇ ਆਉਣ ਦੀ ਅਪੀਲ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਅਬਦਾਲੀ ਦਾ ਰੂਪ ਲੈਕੇ ਚੁੱਕੇ ਸੁਖਬੀਰ ਸਿੰਘ ਬਾਦਲ ਅਤੇ ਬਾਬਰ ਦੀ ਆਤਮਾ ਵਾਲੇ ਵਿਰਸਾ ਸਿੰਘ ਵਲਟੋਹਾ ਖਿਲਾਫ ਇੱਕਠੇ ਹੋਕੇ ਜਵਾਬ ਦੇਈਏ। ਆਗੂਆਂ ਨੇ ਕਿਹਾ ਕਿ ਜੇਕਰ ਸਿੰਘ ਸਾਹਿਬਾਨ ਜਾਂ ਓਹਨਾ ਦੇ ਕਿਸੇ ਪਰਿਵਾਰਿਕ ਮੈਂਬਰ ਦਾ ਕਿਸੇ ਤਰੀਕੇ ਜਾਨੀ ਮਾਲੀ ਨੁਕਸਾਨ ਹੋਇਆ ਤਾਂ ਕੌਮ ਇਸ ਨੂੰ ਬਰਦਾਸ਼ਤ ਨਹੀਂ ਕਰੇਗੀ।
ਵਲਟੋਹਾ ਉਤੇ SC ST ਐਕਟ ਤਹਿਤ ਦਰਜ਼ ਹੋਵੇ ਕੇਸ
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਸਾਬਕਾ ਮੈਂਬਰ ਗਿਆਨ ਚੰਦ ਦੀਵਾਲੀ ਨੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵਿਰਸਾ ਸਿੰਘ ਵਲਟੋਹਾ ਵਲੋਂ ਜਾਤੀ ਸੂਚਕ ਸ਼ਬਦ ਕਹਿਣ ਅਤੇ ਜਥੇਦਾਰ ਸਾਹਿਬ ਦੀਆਂ ਧੀਆਂ ਪ੍ਰਤੀ ਮਾੜੇ ਇਲਜ਼ਾਮਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੰਜਾਬ ਸਰਕਾਰ ਤੋਂ ਵਲਟੋਹਾ ਖ਼ਿਲਾਫ਼ ਐਸ ਸੀ/ਐਸ ਟੀ ਐਕਟ ਦੇ ਤਹਿਤ ਤੁਰੰਤ ਕਾਰਵਾਈ ਅਮਲ ਵਿੱਚ ਲਿਆਉਣ ਦੀ ਮੰਗ ਕੀਤੀ ਹੈ।
ਗਿਆਨ ਚੰਦ ਨੇ ਕਿਹਾ ਕਿ ਜਿਹੜੀ ਮਾਨਸਿਕਤਾ ਵਲਟੋਹਾ ਨੇ ਪ੍ਰਗਟ ਕੀਤੀ ਹੈ ਉਹ ਕਿਸੇ ਵੀ ਹਮਦਰਦੀ ਅਤੇ ਰਿਆਇਤ ਦਾ ਹੱਕਦਾਰ ਨਹੀਂ ਹੈ। ਉਨਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਦੀਆਂ ਧੀਆਂ ਤੱਕ ਪ੍ਰਤੀ ਮਾੜੀ ਸੋਚ ਰੱਖਣ ਵਾਲਾ ਵਿਅਕਤੀ ਇਨਸਾਨ ਕਹਾਉਣ ਦੇ ਕਾਬਲ ਨਹੀਂ ਹੈ। ਉਨਾਂ ਕਿਹਾ ਕਿ ਜੇਕਰ ਤਖ਼ਤ ਸਾਹਿਬ ਦੇ ਜਥੇਦਾਰ ਪ੍ਰਤੀ ਜਾਤੀ ਘਿਰਣਾ ਹੋ ਸਕਦੀ ਹੈ ਤਾਂ ਆਮ ਅਨੁਸੂਚਿਤ ਜਾਤੀਆਂ ਨਾਲ ਸੰਬੰਧਿਤ ਲੋਕਾਂ ਪ੍ਰਤੀ ਅਜਿਹੇ ਵਿਅਕਤੀ ਕੀ ਵਿਚਾਰ ਰੱਖਦੇ ਹੋਣਗੇ? ਉਨਾਂ ਸਮੂਹ ਦਲਿਤ ਜਥੇਬੰਦੀਆਂ ਅਤੇ ਪੰਥਿਕ ਜਥੇਬੰਦੀਆਂ ਨੂੰ ਵਲਟੋਹਾ ਖਿਲਾਫ਼ ਸੰਘਰਸ਼ ਛੇੜਨ ਦੀ ਅਪੀਲ ਕੀਤੀ।