ਚੰਡੀਗੜ੍ਹ 12 ਅਕਤੂਬਰ (ਖ਼ਬਰ ਖਾਸ ਬਿਊਰੋ) ਮੁੱਖ ਮੰਤਰੀ ਦੀ ਮੀਡੀਆ ਟੀਮ ਅਤੇ ਚਾਰ ਮੰਤਰੀਆਂ ਦੀ ਛੁੱਟੀ ਕੀਤੇ ਜਾਣ ਤੋਂ ਬਾਅਦ ਹੁਣ ਸਾਬਕਾ ਆਈਆਰਐੱਸ ਅਧਿਕਾਰੀ ਅਰਬਿੰਦ ਮੋਦੀ ਨੂੰ ਵਿੱਤ ਵਿਭਾਗ ’ਚ ਮੁੱਖ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਮੁੱਖ ਸਕੱਤਰ ਕੇਏਪੀ ਸਿਨਹਾ ਨੇ ਬਕਾਇਦਾ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਨੋਟੀਫਿਕੇਸ਼ਨ ਅਨੁਸਾਰ ਅਰਬਿੰਦ ਮੋਦੀ ਆਨਰੇਰੀ, ਬਿਨਾਂ ਤਨਖਾਹ ਤੋਂ ਸੇਵਾਵਾਂ ਦੇਣਗੇ ਪਰ ਉਨ੍ਹਾਂ ਨੂੰ ਕੈਬਨਿਟ ਰੈਂਕ ਦਿੱਤਾ ਗਿਆ ਹੈ। ਇਸੀ ਤਰਾਂ ਸੇਬੈਸਟੀਅਨ ਜੇਮਸ ਨੂੰ ਵਿੱਤੀ ਮਾਮਲਿਆਂ ਦਾ ਸਲਾਹਾਕਰ ਨਿਯੁਕਤ ਕੀਤਾ ਗਿਆ ਹੈ। ਜੇਮਸ ਨੂੰ ਸਕੱਤਰ ਰੈਂਕ ਦਿੱਤਾ ਗਿਆ ਹੈ।
ਇੱਥੇ ਦੱਸਣਯੋਗ ਹੈ ਕਿ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਅਰਵਿੰਦ ਕੇਜਰੀਵਾਲ ਦੇ ਸਾਬਕਾ ਪੀ.ਏ ਬਿਭਵ ਕੁਮਾਰ ਨੂੰ ਮੁੱਖ ਸਲਾਹਕਾਰ ਲਾਏ ਜਾਣ ਦੇ ਚਰਚੇ ਸਨ। ਅਰਬਿੰਦ ਮੋਦੀ ਨੂੰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਨਜ਼ਦੀਕੀ ਦੱਸਿਆ ਜਾਂਦਾ ਹੈ।ਦੱਸਿਆ ਜਾਂਦਾ ਹੈ ਕਿ ਮੋਦੀ ਨੇ ਦੇਸ਼ ਦੇ ਸਾਬਕਾ ਕੇਂਦਰੀ ਵਿਤ ਮੰਤਰੀ ਪੀ ਚਿੰਦਬਰਮ ਨਾਲ ਵੀ ਕੰਮ ਕੀਤਾ ਹੈ।
ਟੈਕਸ ਸੁਧਾਰਾਂ ਦੇ ਮਾਹਿਰ ਵਜੋਂ ਜਾਣੇ ਜਾਂਦੇ ਅਰਬਿੰਦ ਮੋਦੀ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਸਲਾਹ ਦੇਣਗੇ। ਜਾਣਕਾਰੀ ਅਨੁਸਾਰ ਅਰਬਿੰਦ ਮੋਦੀ ਅਗਲੇ ਦਿਨਾਂ ਵਿਚ ਪੰਜਾਬ ਆਉਣਗੇ ਅਤੇ ਵਿੱਤ ਵਿਭਾਗ ਪੰਜਾਬ ਦੇ ਉਚ ਅਧਿਕਾਰੀਆਂ ਨਾਲ ਮੀਟਿੰਗਾਂ ਕਰਨਗੇ। ਦੱਸਿਆ ਜਾਂਦਾ ਹੈ ਕਿ ਅਗਲੇ ਸਾਲ ਸਰਕਾਰ ਵਲੋਂ ਪੇਸ਼ ਕੀਤੇ ਜਾਣ ਵਾਲੇ ਬਜ਼ਟ ਵਿਚ ਅਰਬਿੰਦ ਮੋਦੀ ਦੇ ਸੁਝਾਅ ਅਨੁਸਾਰ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਮੋਦੀ 1981 ਬੈਚ ਦੇ ਆਈਆਰਐੱਸ ਅਧਿਕਾਰੀ ਹਨ ਅਤੇ ਕਈ ਕੌਮਾਂਤਰੀ ਸੰਸਥਾਵਾਂ ਵਿਚ ਵੀ ਕੰਮ ਕਰ ਚੁੱਕੇ ਹਨ।
ਅਰਬਿੰਦ ਮੋਦੀ ਨੂੰ ਭਾਵੇਂ ਤਨਖਾਹ ਨਹੀਂ ਦਿੱਤੀ ਜਾਵੇਗੀ ਪਰ ਕੈਬਨਿਟ ਰੈਂਕ ਹੋਣ ਕਰਕੇ ਉਹਨਾਂ ਨੂੰ ਸਰਕਾਰੀ ਕੋਠੀ, ਕਾਰ, ਸਟਾਫ, ਕੈਬਨਿਟ ਰੈਂਕ ਵਜੋਂ ਖ਼ਰਚਿਆਂ ਅਤੇ ਟੀਏ-ਡੀਏ ਦਾ ਭੁਗਤਾਨ ਕੀਤਾ ਜਾ ਸਕੇਗਾ। ਉਨ੍ਹਾਂ ਨੂੰ ਪੰਜਾਬ ਤੋਂ ਬਾਹਰ ਵੀ ਆਪਣਾ ਪ੍ਰੋਫੈਸ਼ਨਲ ਕੰਮ ਕਰਨ ਦੀ ਛੋਟ ਦਿੱਤੀ ਗਈ ਹੈ।