ਚੰਡੀਗੜ੍ਹ 8 ਅਕਤੂਬਰ ( ਖ਼ਬਰ ਖਾਸ ਬਿਊਰੋ)
ਜੇਲ ਵਿਚੋਂ ਬਾਹਰ ਆਉਣ ਉਪਰੰਤ ਆਪ ਦੇ ਕਨਵੀਨਰ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਵੱਲ ਪੂਰਾ ਧਿਆਨ ਕੇਂਦਰਿਤ ਕਰ ਲਿਆ ਹੈ। ਮਾਨ ਵਜ਼ਾਰਤ ਦੇ ਚਾਰ ਮੰਤਰੀਆਂ ਗਗਨ ਅਨਮੋਲ ਮਾਨ, ਚੇਤਨ ਸਿੰਘ ਜੋੜਾਮਾਜਰਾ, ਬਲਕਾਰ ਸਿੰਘ ਅਤੇ ਬ੍ਰਮ ਸ਼ੰਕਰ ਜਿਂਪਾ ਦੀ ਛੁੱਟੀ ਕਰਕੇ ਪੰਜ ਨਵੇਂ ਮੰਤਰੀ ਵਜ਼ਾਰਤ ਵਿਚ ਸ਼ਾਮਲ ਕੀਤੇ ਗਏ। ਉਸਤੋਂ ਬਾਅਦ ਸਿਵਲ ਤੇ ਪੁਲਿਸ ਅਧਿਕਾਰੀਆਂ ਦਾ ਵੱਡੇ ਪੱਧਰ ਉਤੇ ਤਬਾਦਲਾ ਕੀਤਾ ਗਿਆ।
ਕੁੱਝ ਦਿਨ ਪਹਿਲਾਂ ਮੁੱਖ ਮੰਤਰੀ ਦੀ ਮੀਡੀਆ ਟੀਮ ਵਿਚ ਸ਼ਾਮਲ ਰਵਨੀਤ ਵਧਵਾ ਦੀ ਵੀ ਛੁੱਟੀ ਕਰ ਦਿੱਤੀ ਗਈ। ਹਾਲਾਂਕਿ ਵਧਵਾ ਦਾ ਕਹਿਣਾ ਹੈ ਕਿ ਉਨਾਂ ਨੇ ਅਸਤੀਫ਼ਾ ਦਿੱਤਾ ਹੈ। ਇਸਤੋਂ ਬਿਨਾਂ ਮੁੱਖ ਮੰਤਰੀ ਦਾ ਇਕ ਓ.ਐੱਸ.ਡੀ ਵੀ ਹਟਾ ਦਿੱਤਾ ਗਿਆ ਸੀ।
ਬੀਤੇ ਕੱਲ੍ਹ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਸਰਕਾਰ ਦੇ ਕੁੱਝ ਮੰਤਰੀਆਂ ਨੂੰ ਦਿੱਲੀ ਬੁਲਾਕੇ ਮੀਟਿੰਗ ਕੀਤੀ ਹੈ। ਸੱਤਾ ਦੇ ਗਲਿਆਰਿਆ ਵਿਚ ਮਾਨ ਵਜ਼ਾਰਤ ਦੇ ਮੰਤਰੀਆਂ ਨੂੰ ਦਿੱਲੀ ਬਲਾਉਣ ਦੀ ਕਾਫ਼ੀ ਚਰਚਾ ਰਹੀ। ਪਹਿਲਾਂ ਇਹ ਚਰਚਾ ਚੱਲ ਰਹੀ ਸੀ ਕਿ ਕੇਜਰੀਵਾਲ ਨੇ ਸੂਬਾ ਸਰਕਾਰ ਦੇ ਸਾਰੇ ਮੰਤਰੀਆਂ ਨੂੰ ਬੁਲਾਇਆ ਹੈ, ਪਰ ਖ਼ਬਰ ਨਿਕਲਕੇ ਆਈ ਕਿ ਸਾਰੇ ਮੰਤਰੀਆਂ ਨੂੰ ਨਹੀਂ, ਕੁੱਖ ਕੁ ਮੰਤਰੀਆਂ ਨੂੰ ਬੁਲਾਇਆ ਗਿਆ ਹੈ।
ਸੂਤਰਾਂ ਅਨੁਸਾਰ ਜਿਹੜੇ ਮੰਤਰੀਆਂ ਨੂੰ ਦਿੱਲੀ ਬੁਲਾਇਆ ਗਿਆ, ਉਹਨਾਂ ਤੋਂ ਕੇਜਰੀਵਾਲ ਨੇ ਸਰਕਾਰ ਅਤੇ ਵਿਭਾਗਾਂ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕੀਤੀ। ਕੇਜਰੀਵਾਲ ਨੇ ਵਿਭਾਗਾਂ ਦੀਆਂ ਸਕੀਮਾਂ ਅਤੇ ਭਵਿੱਖ ਦੀਆਂ ਯੋਜਨਾਵਾਂ ਪੁੱਛਣ ਦੇ ਨਾਲ ਨਾਲ ਵਿਭਾਗ ਚਲਾਉਣ ਬਾਰੇ ਕੁੱਝ ਗੁਰ ਵੀ ਦਿੱਤੇ ਹਨ। ਚਰਚਾ ਹੈ ਕਿ ਆਗਾਮੀ ਦਿਨਾਂ ਵਿਚ ਅਰਵਿੰਦ ਕੇਜਰੀਵਾਲ ਹੋਰ ਮੰਤਰੀਆਂ ਨਾਲ ਵੀ ਅਜਿਹੀ ਮੀਟਿੰਗ ਕਰਨਗੇ। ਦੱਸਿਆ ਜਾਂਦਾ ਹੈ ਕਿ ਇਨ੍ਹਾਂ ਮੰਤਰੀਆਂ ਤੋਂ ਵਿਭਾਗਾਂ ਦੇ ਨਾਲ ਨਾਲ ਅਫ਼ਸਰਸ਼ਾਹੀ ਬਾਰੇ ਵੀ ਫੀਡਬੈਕ ਲਈ ਗਈ ਹੈ। ਦੱਸਿਆ ਜਾਂਦਾ ਹੈ ਕਿ ਕੇਜਰੀਵਾਲ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕੀ ਅਧਿਕਾਰੀ ਮੰਤਰੀਆਂ ਦੇ ਕੰਮ ਵਿਚ ਕੋਈ ਅੜਿੱਕਾ ਤਾਂ ਪੈਦਾ ਨਹੀਂ ਕਰ ਰਹੇ।
ਇੱਥੇ ਦੱਸਿਆ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਜਨੀਤੀ ਵਿਚ ਬਦਲਾਅ ਸਮੇਤ ਹੋਰ ਕਈ ਵਾਅਦੇ ਕੀਤੇ ਸਨ। ਮੁਫ਼ਤ ਬਿਜਲੀ ਦੇਣ ਦੇ ਵਾਅਦੇ ਤੋਂ ਬਿਨਾਂ ਸਰਕਾਰ ਮਾਫ਼ੀਆ ਰਾਜ, ਨਸ਼ੇ, ਮਾਈਨਿੰਗ ਮਾਫ਼ੀਆ ਖ਼ਤਮ ਵਿਚ ਅਸਫਲ ਰਹੀ ਹੈ। ਝੋਨੇ ਦੀ ਖਰੀਦ ਵੀ ਮੁਕੰਮਲ ਸ਼ੁਰੂ ਨਹੀਂ ਹੋ ਸਕੀ। ਪਰਾਲੀ ਨੂੰ ਅੱਗ ਲਗਾਉਣ ਸਮਤੇ ਕਈ ਅਜਿਹੇ ਮੁੱਦੇ ਹਨ, ਜਿਨ੍ਹਾਂ ਵੱਲ ਪਾਰਟੀ ਹਾਈਕਮਾਂਡ ਧਿਆਨ ਦੇਣਾ ਚਾਹੁੰਦੀ ਹੈ। ਖਾਸ ਤੌਰ ‘ਤੇ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣਾ ਉਨ੍ਹਾਂ ਦੀ ਤਰਜੀਹ ਹੈ ਕਿਉਂਕਿ ਇਸ ਦਾ ਸਭ ਤੋਂ ਜ਼ਿਆਦਾ ਅਸਰ ਦਿੱਲੀ ‘ਤੇ ਪੈਂਦਾ ਹੈ।
ਉਧਰ ਰਾਜਸੀ ਵਿਰੋਧੀਆਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ, ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ, ਭਾਜਪਾ ਨੇਤਾ ਐਸ.ਆਰ.ਲੱਧੜ ਦਾ ਕਹਿਣਾ ਹੈ ਕਿ ਮਾਨ ਸਰਕਾਰ ਨੂੰ ਆਪ ਲੀਡਰਸ਼ਿਪ ਰਿਮੋਟ ਕੰਟਰੋਲ ਨਾਲ ਦਿੱਲੀ ਤੋਂ ਚਲਾ ਰਹੀ ਹੈ।