ਤਰਨਤਾਰਨ 7 ਅਕਤੂਬਰ (ਖ਼ਬਰ ਖਾਸ ਬਿਊਰੋ)
ਪੰਚਾਇਤ ਚੋਣਾਂ ਹਿੰਸਕ ਰੂਪ ਧਾਰਨ ਕਰ ਰਹੀਆਂ ਹਨ। ਮਾਝੇ ਵਿਚ ਪੰਚਾਇਤੀ ਚੋਣਾਂ ਨੂੰ ਲੈ ਕੇ ਕਈ ਥਾਵਾਂ ਉਤੇ ਗੋਲੀ ਚੱਲਣ ਤੇ ਹਿੰਸਕ ਝੜਪ ਹੋਣ ਦੀ ਖਬਰ ਸਾਹਮਣੇ ਆਈ ਹੈ, ਪਰ ਸੌਮਵਾਰ ਨੂੰ ਪਿੰਚ ਤਲਵੰਡੀ ਮੋਹਰ ਸਿੰਘ ਦੇ ਨੌਜਵਾਨ ਰਾਜਵਿੰਦਰ ਸਿੰਘ ਉਰਫ਼ ਰਾਜੂ ਦਾ ਕਤਲ ਕਰ ਦਿੱਤਾ ਗਿਆ। ਖ਼ਬਰ ਲਿਖੇ ਜਾਣ ਤੱਕ ਕਾਤਲਾਂ ਦਾ ਸੁਰਾਗ ਨਹੀਂ ਲੱਗਿਆ ਜਦਕਿ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਹੈ। ਦੱਸਿਆ ਜਾਂਦਾ ਹੈ ਕਿ ਆਪ ਆਗੂ ਰਾਜਵਿੰਦਰ ਸਿੰਘ ਰਾਜੂ , ਸੂਬੇ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਕਰੀਬ ਸੀ।
ਜਾਣਕਾਰੀ ਅਨੁਸਾਰ ਵਾਰਦਾਤ ਪਿੰਡ ਠੱਕਰਪੁਰਾ ਚਰਚ ਨੇੜੇ ਵਾਪਰੀ। ਹਾਦਸੇ ਵਿਚ ਜਿਥੇ ਰਾਜੂ ਦੀ ਮੌਤ ਹੋ ਗਈ ਉਥੇ ਦੌਸਤ ਜਖ਼ਮੀ ਹੋ ਗਿਆ। ਦੱਸਿਆ ਜਾਂਦਾ ਹੈ ਕਿ ਪਿੰਡ ਤਲਵੰਡੀ ਮੋਹਰ ਸਿੰਘ ਨਿਵਾਸੀ ‘ਆਪ’ ਵਲੰਟੀਅਰ ਰਾਜਵਿੰਦਰ ਸਿੰਘ ਉਰਫ਼ ਰਾਜੂ ਨੇ ‘ਆਪ’ ਦੀ ਤਰਫ਼ੋਂ ਆਪਣੇ ਪਿੰਡ ਦੀ ਪੰਚਾਇਤ ਲਈ ਅਨੁਸੂਚਿਤ ਜਾਤੀ ਪਰਿਵਾਰ ਦੀ ਇੱਕ ਮਹਿਲਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ। ਸੋਮਵਾਰ ਨੂੰ ਉਕਤ ਔਰਤ ਨੂੰ ਬਿਨਾਂ ਮੁਕਾਬਲਾ ਸਰਪੰਚ ਐਲਾਨ ਦਿੱਤਾ ਗਿਆ।
ਪੱਟੀ ਦੇ ਬਲਾਕ ਦਫ਼ਤਰ ਵਿੱਚ ‘ਆਪ’ ਸਮਰਥਕਾਂ ਨੇ ਰਾਜਵਿੰਦਰ ਸਿੰਘ ਰਾਜੂ ਨੂੰ ਜਿੱਤ ਦੀ ਵਧਾਈ ਦਿੱਤੀ। ਰਾਜੂ ਆਪਣੇ ਦੋਸਤ ਮਹਿਲ ਸਿੰਘ ਨਾਲ ਕਾਰ ਵਿੱਚ ਪਿੰਡ ਪਰਤ ਰਿਹਾ ਸੀ। ਪਿੰਡ ਠੱਕਰਪੁਰਾ ਚਰਚ ਨੇੜੇ ਮੋਟਰਸਾਈਕਲ ਸਵਾਰਾਂ ਨੇ ਰਾਜੂ ਨੂੰ ਰੁਕਣ ਦਾ ਇਸ਼ਾਰਾ ਕੀਤਾ। ਚਰਚਾ ਹੈ ਕਿ ਹਮਲਾਵਰਾਂ ਨੇ ਪਹਿਲਾਂ ਰਾਜੂ ਨੂੰ ਸਰਪੰਚ ਚੋਣ ਜਿੱਤਣ ਦੀ ਵਧਾਈ ਦਿੱਤੀ। ਫਿਰ ਗੋਲੀਆਂ ਦਾ ਮੀਂਹ ਬਰਸਾ ਦਿੱਤਾ। ਦੱਸਿਆ ਜਾਂਦਾ ਹੈ ਕਿ ਹਮਲਾਵਰਾਂ ਨੇ ਗੋਲੀਆਂ ਰਾਜੂ ਦੀ ਛਾਤੀ ਵਿੱਚ ਮਾਰੀਆ। ਜਿਸ ਕਾਰਨ ਉਸਦੀ ਮੌਤ ਹੋ ਗਈ ਜਦਕਿ ਉਸਦਾ ਸਾਥੀ ਮਹਿਲ ਸਿੰਘ ਜ਼ਖਮੀ ਹੋ ਗਿਆ। ਉਸ ਨੂੰ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਦਿਨ ਦਿਹਾੜੇ ਵਾਪਰੀ ਇਸ ਘਟਨਾ ਨੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਦਿਨ ਦਿਹਾੜੇ ਵਾਪਰੀ ਇਸ ਘਟਨਾਂ ਨੇ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ਦੀ ਵੀ ਪੋਲ ਖੋਲ ਦਿੱਤੀ ਹੈ।