ਚੰਡੀਗੜ੍ਹ 6 ਅਕਤੂਬਰ (ਖ਼ਬਰ ਖਾਸ ਬਿਊਰੋ)
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਦਾਅਵਾ ਕੀਤਾ ਕਿ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਂਡ ਵਿਧਾਇਕਾਂ ਤੋਂ ਰਾਏ ਲੈਣ ਬਾਅਦ ਹੀ ਮੁੱਖ ਮੰਤਰੀ ਦੇ ਚਿਹਰੇ ਦਾ ਫੈਸਲਾ ਕਰੇਗੀ। ਚੇਤੇ ਰਹੇ ਕਿ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣ ਉਪਰੰਤ ਕਈ ਐਗਜ਼ਿਟ ਪੋਲਾਂ ਨੇ ਕਾਂਗਰਸ ਦੀ ਜਿੱਤ ਦੀ ਸੰਭਾਵਨਾ ਦੀ ਭਵਿੱਖਬਾਣੀ ਕੀਤੀ ਹੈ।
ਹੁੱਡਾ ਨੇ ਕਿਹਾ ਜੋ ਰਿਪੋਰਟਾਂ ਮਿਲ ਰਹੀਆਂ ਹਨ, ਉਸ ਅਨੁਸਾਰ ਅਸੀਂ (ਕਾਂਗਰਸ) ਪੂਰੇ ਬਹੁਮਤ ਨਾਲ ਸਰਕਾਰ ਬਣਾਏਗੀ। ਹੁੱਡਾ ਨੇ ਕਿਹਾ ਕਿ ਉਹ ਪਹਿਲਾਂ ਹੀ ਕਹਿ ਰਹੇ ਸਨ ਕਿ ਲੋਕਾਂ ਨੇ ਕਾਂਗਰਸ ਦੀ ਸਰਕਾਰ ਬਣਾਉਣ ਦਾ ਫੈਸਲਾ ਕਰ ਲਿਆ ਹੈ।ਮੁੱਖ ਮੰਤਰੀ ਬਣਾਉਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਹੁੱਡਾ ਨੇ ਦੁਹਰਾਇਆ ਕਿ ਮੁੱਖ ਮੰਤਰੀ ਬਣਾਉਣ ਲਈ ਪਾਰਟੀ ਦੀ ਇਕ ਪ੍ਰਕਿਰਿਆ ਹੈ। ਇਸ ਮੁਤਾਬਕ ਪਾਰਟੀ ਵਿਧਾਇਕਾਂ ਦੀ ਰਾਏ ਲਈ ਜਾਵੇਗੀ, ਜਿਸ ਤੋਂ ਬਾਅਦ ਹਾਈਕਮਾਂਡ ਕੋਈ ਫੈਸਲਾ ਲਵੇਗੀ।
ਕੀ ਕੁਮਾਰੀ ਸ਼ੈਲਜਾ ਮੁੱਖ ਮੰਤਰੀ ਅਹੁਦੇ ਦੀ ਦਾਅਵੇਦਾਰ ਹੈ?
ਕੀ ਕੁਮਾਰੀ ਸ਼ੈਲਜਾ ਅਤੇ ਰਣਦੀਪ ਸਿੰਘ ਸੁਰਜੇਵਾਲਾ ਵੀ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰ ਹਨ, ਦੇ ਜਵਾਬ ਵਿਚ ਹੁੱਡਾ ਨੇ ਕਿਹਾ ਕਿ ਰਾਜਨੀਤੀ ਇਕ ਅਜਿਹੀ ਚੀਜ਼ ਹੈ ਜਿਸ ਦੀ ਕੋਈ ਵੀ ਇੱਛਾ ਕਰ ਸਕਦਾ ਹੈ। ਪਰ ਇੱਕ ਪ੍ਰਕਿਰਿਆ ਹੈ ਜਿਸ ਰਾਹੀਂ ਵਿਧਾਇਕ ਆਪਣੀ ਰਾਏ ਦੇਣਗੇ। ਇਸ ਤੋਂ ਬਾਅਦ ਹਾਈਕਮਾਂਡ ਕੋਈ ਫੈਸਲਾ ਲਵੇਗੀ।
ਹੁੱਡਾ ਨੇ ਕਿਹਾ ਕਿ ਜਦੋਂ ਲੋਕਾਂ ਨੇ ਭਾਜਪਾ (ਇਸਦੇ ਕੰਮ ਲਈ) ਦਾ ਹਿਸਾਬ ਮੰਗਿਆ ਤਾਂ ਭਾਜਪਾ ਨੇ ਆਪਣਾ ਮੁੱਖ ਮੰਤਰੀ ਬਦਲ ਦਿੱਤਾ। ਪਰ ਇਸ ਦੀ ਬਜਾਏ ਲੋਕਾਂ ਨੇ ਸਰਕਾਰ ਬਦਲਣ ਦਾ ਫੈਸਲਾ ਕੀਤਾ ਹੈ। ਹਰਿਆਣਾ ਦੀ ਮੌਜੂਦਾ ਭਾਜਪਾ ਸਰਕਾਰ ਨੂੰ ‘ਬੇਕਾਰ’ ਸਰਕਾਰ ਦੱਸਦਿਆਂ ਕਾਂਗਰਸੀ ਆਗੂ ਨੇ ਦਾਅਵਾ ਕੀਤਾ ਕਿ ਇਸ ਸਰਕਾਰ ਵਿੱਚ ਭ੍ਰਿਸ਼ਟਾਚਾਰ ਤੇ ਬੇਰੁਜ਼ਗਾਰੀ ਸਿਖਰਾਂ ’ਤੇ ਹੈ ਜਦੋਂਕਿ ਕਿਸਾਨ, ਮੁਲਾਜ਼ਮ, ਗਰੀਬ, ਮਜ਼ਦੂਰ, ਔਰਤਾਂ ਤੇ ਨੌਜਵਾਨਾਂ ਸਮੇਤ ਹਰ ਵਰਗ ਤੰਗ ਆ ਚੁੱਕਾ ਸੀ।