ਸੰਗਰੂਰ 5 ਅਕਤੂਬਰ (ਖ਼ਬਰ ਖਾਸ ਬਿਊਰੋ)
ਸੰਗਰੂਰ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਭਵਾਨੀਗੜ੍ਹ ਦੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ (BDPO) ਬਲਜੀਤ ਸਿੰਘ ਸੋਹੀ ’ਤੇ ਰਿਸ਼ਵਤ ਲੈਣ ਦੇ ਦੋਸ਼ਾਂ ਦੀ ਜਾਂਚ ਦੇ ਨਿਰਦੇਸ਼ ਦਿੱਤੇ ਹਨ। ਪਤਾ ਲੱਗਿਆ ਹੈ ਕਿ ਵਿਧਾਇਕ ਦੀ ਹਾਜ਼ਰੀ ਵਿਚ ਬੀਡੀਪੀਓ ਦੀ ਗੱਡੀ ਦੀ ਪੁਲਿਸ ਨੇ ਤਲਾਸ਼ੀ ਲਈ ਪਰ ਗੱਡੀ ਵਿਚੋਂ ਕੋਈ ਬਰਾਮਦਗੀ ਨਹੀਂ ਹੋਈ।
ਵਿਧਾਇਕ ਨਰਿੰਦਰ ਕੌਰ ਭਰਾਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੀਡੀਪੀਓ ਭਵਾਨੀਗੜ੍ਹ ਬਲਜੀਤ ਸਿੰਘ ਸੋਹੀ ਆਪਣੇ ਦਫ਼ਤਰ ਤੋਂ ਗਾਇਬ ਸਨ। ਕਿਸੇ ਵਿਅਕਤੀ ਨੇ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਕਿ ਬੀ.ਡੀ.ਪੀ.ਓ ਭਵਾਨੀਗੜ੍ਹ ਪਿੰਡ ਫੱਗੂਵਾਲਾ ਦੇ ਕੋਲਡ ਸਟੋਰ ‘ਤੇ ਜਾ ਕੇ ਕੋਈ ਗੈਰ-ਸੰਵਿਧਾਨਕ ਕੰਮ ਕਰਨ ਦੇ ਬਦਲੇ ਰਿਸ਼ਵਤ ਲੈ ਰਿਹਾ ਹੈ। ਉਹ ਬੀਡੀਪੀਓ ਦਾ ਪਿੱਛਾ ਕਰਦੇ ਹੋਏ ਕੋਲਡ ਸਟੋਰ ‘ਤੇ ਗਏ ਪਰ ਦੇਰ ਸ਼ਾਮ ਬੀਡੀਪੀਓ ਸਰਕਾਰੀ ਗੱਡੀ ਸਮੇਤ ਐਸਡੀਐਮ ਦਫ਼ਤਰ ਵਿੱਚ ਮਿਲਿਆ।
ਵਿਧਾਇਕ ਨੇ ਖੁਦ ਮੌਕੇ ’ਤੇ ਪਹੁੰਚ ਕੇ ਡੀਐਸਪੀ ਰਾਹੁਲ ਕੌਸ਼ਲ ਦੀ ਹਾਜ਼ਰੀ ਵਿੱਚ ਬੀਡੀਪੀਓ ਦੀ ਸਰਕਾਰੀ ਗੱਡੀ ਦੀ ਤਲਾਸ਼ੀ ਲਈ। ਤਲਾਸ਼ੀ ਦੌਰਾਨ ਗੱਡੀ ਵਿੱਚੋਂ ਕੋਈ ਨਕਦੀ ਜਾਂ ਹੋਰ ਸਾਮਾਨ ਬਰਾਮਦ ਨਹੀਂ ਹੋਇਆ। ਹਲਕਾ ਵਿਧਾਇਕ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਸ਼ਿਕਾਇਤਕਰਤਾ ਨੇ ਬੀਡੀਪੀਓ ’ਤੇ ਕਥਿਤ ਤੌਰ ’ਤੇ ਕਿਸੇ ਕੰਮ ਦੇ ਬਦਲੇ ਰਿਸ਼ਵਤ ਲੈਣ ਦੇ ਦੋਸ਼ ਲਾਏ ਹਨ। ਹਲਕਾ ਵਿਧਾਇਕ ਨੇ ਕਿਹਾ ਕਿ ਇਸ ਮਾਮਲੇ ਦੀ ਨਿਰਪੱਖਤਾ ਨਾਲ ਜਾਂਚ ਕੀਤੀ ਜਾਵੇਗੀ। ਬੀਡੀਪੀਓ ਡਿਊਟੀ ਸਮੇਂ ਉਕਤ ਪ੍ਰਾਈਵੇਟ ਕੋਲਡ ਸਟੋਰ ‘ਤੇ ਕਿਉਂ ਗਏ? ਉਥੇ ਮੌਜੂਦ ਹੋਰ ਵਿਅਕਤੀਆਂ ਦੀ ਵੀ ਫੋਨ ਲੋਕੇਸ਼ਨ ਰਾਹੀਂ ਜਾਂਚ ਕੀਤੀ ਜਾਵੇਗੀ।
ਪੰਚਾਇਤ ਸਕੱਤਰ ਹਰਜਿੰਦਰ ਸਿੰਘ ਬਾਲੀ ਨੇ ਦੱਸਿਆ ਕਿ ਏਡੀਸੀ ਦਫ਼ਤਰ ਤੋਂ ਆਉਂਦੇ ਸਮੇਂ ਉਹ ਬੀਡੀਪੀਓ ਸੋਹੀ ਫੱਗੂਵਾਲਾ ਦੇ ਕੋਲਡ ਸਟੋਰ ’ਤੇ ਕੁਝ ਸਮੇਂ ਲਈ ਰੁਕੇ ਸਨ। ਵਾਪਸੀ ਦੌਰਾਨ ਉਨ੍ਹਾਂ ਨੇ ਫੱਗੂਵਾਲਾ ਤੋਂ ਟੋਲ ਪਲਾਜ਼ਾ ਤੱਕ ਗੱਡੀ ਭਜਾਈ ਅਤੇ ਬੀਡੀਪੀਓ ਨੇ ਖੁਦ ਗੱਡੀ ਨੂੰ ਟੋਲ ਪਲਾਜ਼ਾ ਤੋਂ ਐਸਡੀਐਮ ਦਫ਼ਤਰ ਤੱਕ ਪਹੁੰਚਾਇਆ। ਉਹ ਕਿਸੇ ਹੋਰ ਵਿਅਕਤੀ ਦੀ ਨਿੱਜੀ ਕਾਰ ਵਿੱਚ ਟੋਲ ਪਲਾਜ਼ਾ ਤੋਂ ਐਸਡੀਐਮ ਦਫ਼ਤਰ ਪਹੁੰਚਿਆ।
ਦੂਜੇ ਪਾਸੇ ਬੀਡੀਪੀਓ ਬਲਜੀਤ ਸਿੰਘ ਸੋਹੀ ਦਾ ਕਹਿਣਾ ਹੈ ਕਿ ਉਹ ਫੱਗੂਵਾਲਾ ਦੇ ਕੋਲਡ ਸਟੋਰ ’ਤੇ ਕਿਸੇ ਜਾਣਕਾਰ ਨੂੰ ਮਿਲਣ ਗਏ ਸਨ। ਕੁਝ ਸਮਾਂ ਉਥੇ ਰਹਿਣ ਤੋਂ ਬਾਅਦ ਉਹ ਵਾਪਸ ਆ ਗਿਆ। ਉਨ੍ਹਾਂ ਰਿਸ਼ਵਤ ਲੈਣ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕੀਤਾ। ਉਨ੍ਹਾਂ ਕਿਹਾ ਕਿ ਨਿਜੀ ਕੰਮ ਲਈ ਸਰਕਾਰੀ ਗੱਡੀ ਵਿੱਚ ਜਾਣਾ ਬੇਸ਼ੱਕ ਉਨ੍ਹਾਂ ਦੀ ਤਰਫੋਂ ਗਲਤੀ ਸੀ ਪਰ ਕਿਸੇ ਵੱਲੋਂ ਰਿਸ਼ਵਤ ਲੈਣ ਦੇ ਦੋਸ਼ ਸਰਾਸਰ ਗਲਤ ਹਨ।