ਚੰਡੀਗੜ੍ਹ 4 ਅਕਤੂਬਰ (ਖ਼ਬਰ ਖਾਸ ਬਿਊਰੋ)
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵਲੋਂ ਪਾਰਟੀ ਗਤੀਵਿਧੀਆਂ ਵਿਚ ਹਿੱਸਾ ਨਾ ਲੈਣ ਕਾਰਨ ਪਾਰਟੀ ਹਾਈਕਮਾਨ ਦੀ ਚਿੰਤਾ ਵਧੀ ਹੋਈ ਹੈ। ਚਰਚਾ ਹੈ ਕਿ ਸੁਨੀਲ ਜਾਖੜ ਨੇ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਭਾਰਤ ਸਰਕਾਰ ਵਿਚ ਵੱਡੇ ਅਹੁੱਦਿਆਂ ਉਤੇ ਬਿਰਾਜਮਾਨ ਆਗੂਆਂ ਨੂੰ ਸਪਸ਼ਟ ਕਹਿ ਦਿੱਤਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਨਵਾਂ ਪ੍ਰਧਾਨ ਬਣਾ ਦਿੱਤਾ ਜਾਵੇ, ਹੁਣ ਉਹ ਕੰਮ ਨਹੀਂ ਕਰ ਸਕਦੇ।
ਉਧਰ ਸੂਤਰ ਦੱਸਦੇ ਹਨ ਕਿ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਮੁਕੰਮਲ ਹੋਣ ਤੋਂ ਬਾਅਦ ਪੰਜਾਬ ਭਾਜਪਾ ਨੂੰ ਨਵਾਂ ਪ੍ਰਧਾਨ ਮਿਲ ਸਕਦਾ ਹੈ। ਜਾਖੜ ਪਹਿਲਾਂ ਹੀ ਕਿਸੇ ਹੋਰ ਆਗੂ ਨੂੰ ਪ੍ਰਧਾਨ ਬਣਾਉਣ ਸਬੰਧੀ ਹਾਈਕਮਾਂਡ ਅੱਗੇ ਆਪਣਾ ਪੱਖ ਰੱਖ ਚੁੱਕੇ ਹਨ। ਜਾਖੜ ਨੇ ਪਾਰਟੀ ਹਾਈਕਮਾਂਡ ਨੂੰ ਪੰਜਾਬ ਤੇ ਪੰਜਾਬੀਅਤ ਦੇ ਮੁੱਦਿਆਂ ‘ਤੇ ਸੰਜੀਦਗੀ ਅਤੇ ਸਾਂਝ ਦਿਖਾਉਣ ਲਈ ਕਿਹਾ ਹੈ।
ਜਾਖੜ ਨੇ ਸੂਬੇ ਦੇ ਕਿਸਾਨਾਂ, ਨੌਜਵਾਨਾਂ, ਔਰਤਾਂ ਅਤੇ ਬਜ਼ੁਰਗਾਂ ਦੇ ਮਸਲਿਆਂ ਅਤੇ ਵਿਕਾਸ ਕਾਰਜਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਮੰਗ ਕੀਤੀ ਹੈ। ਇੱਥੋਂ ਤੱਕ ਕਿ ਜਾਖੜ ਨੇ ਪਾਰਟੀ ਹਾਈਕਮਾਂਡ ਨੂੰ ਕਿਹਾ ਕਿ ਪੰਜਾਬ ਨੂੰ ਕੇਂਦਰ ਸਰਕਾਰ ਤੋਂ ਬਹੁਤ ਉਮੀਦਾਂ ਹਨ, ਜਿਨ੍ਹਾਂ ਨੂੰ ਪੂਰਾ ਕਰਨਾ ਚਾਹੀਦਾ ਹੈ। ਜੇਕਰ ਹਾਈਕਮਾਨ ਪੰਜਾਬ ਪ੍ਰਤੀ ਨਜ਼ਰੀਆ ਬਦਲੇ ਤਾਂ ਪੰਜਾਬ ਵਿਚ ਬਹੁਤ ਕੁੱਝ ਬਦਲ ਸਕਦਾ ਹੈ।
ਪਤਾ ਲੱਗਿਆ ਹੈ ਕਿ ਜਾਖੜ ਨੇ ਹਾਈਕਮਾਨ ਨਾਲ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਦੇਣ ਵਰਗੇ ਮਾਮਲੇ ਵੀ ਵਿਚਾਰੇ ਹਨ। ਜਾਖੜ ਦੀ ਪ੍ਰਧਾਨਗੀ ਹੇਠ ਹੋਈਆਂ ਲੋਕ ਸਭਾ ਚੋਣਾਂ ਵਿੱਚ ਬੇਸ਼ੱਕ ਭਾਜਪਾ ਇੱਕ ਵੀ ਸੀਟ ਨਹੀਂ ਜਿੱਤ ਸਕੀ ਪਰ ਪੰਜਾਬ ਵਿੱਚ ਭਾਜਪਾ ਦੀ ਵੋਟ ਪ੍ਰਤੀਸ਼ਤਤਾ ਵਧੀ ਹੈ। ਪੰਜਾਬ ਵਿੱਚ ਭਾਜਪਾ ਦੀ ਵੋਟ ਪ੍ਰਤੀਸ਼ਤਤਾ 2014 ਵਿੱਚ 8.70 ਪ੍ਰਤੀਸ਼ਤ, 2019 ਵਿੱਚ 9.63 ਪ੍ਰਤੀਸ਼ਤ ਅਤੇ 2024 ਵਿੱਚ 18.41 ਪ੍ਰਤੀਸ਼ਤ ਹੋ ਗਈ।
ਸਿਆਸੀ ਹਲਕਿਆ ਵਿਚ ਚਰਚਾ ਹੈ ਕਿ ਜਾਖੜ ਪਾਰਟੀ ਅੰਦਰ ਪੁਰਾਣੇ ਅਤੇ ਨਵੇਂ ਆਗੂਆਂ ਵਿਚਕਾਰ ਪਈਆਂ ਦੂਰੀਆਂ ਅਤੇ ਉਨਾਂ ਦੇ ਮੁਕਾਬਲੇ ਰਵਨੀਤ ਬਿੱਟੂ ਨੂੰ ਸਿੱਖ ਚਿਹਰੇ ਵਜੋਂ ਦਿੱਤੇ ਜਿਆਦਾ ਮਾਨ ਸਨਮਾਨ ਤੋਂ ਵੀ ਖਫ਼ਾ ਹਨ। ਪਾਰਟੀ ਹਾਈਕਮਾਂਡ ਨੇ ਲੁਧਿਆਣਾ ਤੋਂ ਚੋਣ ਹਾਰ ਜਾਣ ਬਾਅਦ ਜਿੱਥੇ ਬਿੱਟੂ ਨੂੰ ਕੇਂਦਰੀ ਰਾਜ ਮੰਤਰੀ ਬਣਾਇਆ ਹੈ, ਉਥੇ ਰਾਜ ਸਭਾ ਮੈਂਬਰ ਵੀ ਬਣਾ ਦਿੱਤਾ ਹੈ। ਜਦਕਿ ਪਾਰਟੀ ਵਿਚ ਬਿੱਟੂ ਦੇ ਮੁਕਾਬਲੇ ਜਾਖੜ ਦੀ ਸੀਨੀਅਰਤਾ ਹੈ ਤੇ ਉਹਨਾਂ ਨੇ ਭਾਜਪਾ ਨੂੰ ਮਜਬੂਤ ਕਰਨ ਲਈ ਦਿਲੋ ਕੰਮ ਵੀ ਕੀਤਾ ਸੀ। ਜਿਸ ਕਰਕੇ ਜਾਖੜ ਨੇ ਪਾਰਟੀ ਦੀ ਪ੍ਰਧਾਨਗੀ ਛੱਡਣ ਦਾ ਮਨ ਬਣਾਇਆ ਹੈ।