ਚੰਡੀਗੜ੍ਹ 3 ਅਕਤੂਬਰ ( ਖ਼ਬਰ ਖਾਸ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਦੀ ਅੰਦਰੂਨੀ ਧੜੇਬੰਦੀ ਅਤੇ ਸਿੱਖ ਸਿਆਸਤ ਦੀਆਂ ਬਦਲ ਰਹੀਆਂ ਪ੍ਰਸਥਿਤੀਆਂ ਸਾਬਕਾ ਖੇਤੀਬਾੜੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਰਾਸ ਆਈ ਹੈ। ਪਿਛਲੇ ਕਈ ਸਾਲਾਂ ਤੋਂ ਅਕਾਲੀ ਦਲ ਵਿਚ ਮੁੜ ਸ਼ਾਮਲ ਹੋਣ ਦੀ ਕੋਸ਼ਿਸ਼ ਵਿਚ ਲੱਗੇ ਲੰਗਾਹ ਦੀ ਕੋਸ਼ਿਸ਼ ਵੀਰਵਾਰ ਨੂੰ ਰੰਗ ਲਿਆਈ ਹੈ। ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਸੁੱਚਾ ਸਿੰਘ ਲੰਗਾਹ ਨੂੰ ਕਰੀਬ ਸੱਤ ਸਾਲਾਂ ਦੇ ਵਕਫ਼ੇ ਬਾਅਦ ਅਕਾਲੀ ਦਲ ਵਿਚ ਸ਼ਾਮਲ ਕਰ ਲਿਆ ਹੈ।
ਭਾਵੇਂ ਕਿ ਭੂੰਦੜ ਨੇ ਲੰਗਾਹ ਨੂੰ ਆਮ ਵਰਕਰ ਦੀ ਤਰਾਂ ਪਾਰਟੀ ਵਿਚ ਸ਼ਾਮਲ ਹੋਣ ਦੀ ਗੱਲ ਕਹੀ ਹੈ, ਪਰ ਚਰਚਾ ਹੈ ਕਿ ਡੇਰਾ ਬਾਬਾ ਨਾਨਕ ਦੀ ਜ਼ਿਮਨੀ ਚੋਣ ਵਿਚ ਅਕਾਲੀ ਦਲ ਲੰਗਾਹ ਤੇ ਦਾਅ ਖੇਡ ਸਕਦਾ ਹੈ ਕਿਉਂਕਿ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਦਾ ਸਪੁੱਤਰ ਪਹਿਲਾਂ ਹੀ ਅਕਾਲੀ ਦਲ ਛੱਡ ਭਾਜਪਾ ਵਿਚ ਸ਼ਾਮਲ ਹੋ ਚੁੱਕਾ ਹੈ। ਅਕਾਲੀ ਦਲ ਦੇ ਗੁਰਦਾਸਪੁਰ ਜਿਲੇ ਵਿਚ ਪੈਰ ਨਹੀਂ ਲੱਗ ਰਹੇ ਸਨ।
ਲੰਗਾਹ ਦੀ ਇੱਕ ਔਰਤ ਨਾਲ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਅਕਾਲੀ ਦਲ ਵਿਚੋਂ ਕੱਢਿਆ ਗਿਆ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਸੁੱਚਾ ਸਿੰਘ ਲੰਗਾਹ ਖਿਲਾਫ ਪੁਲਿਸ ਨੇ ਜਬਰ ਜਨਾਹ ਦਾ ਮਾਮਲਾ ਦਰਜ਼ ਕੀਤਾ ਸੀ। ਇਸਤੋ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲੰਗਾਹ ਨੂੰ ਧਾਰਮਿਕ ਸਜ਼ਾ ਲਗਾਈ ਗਈ ਸੀ। ਇਸ ਤਰਾਂ ਲੰਗਾਹ ਅਕਾਲੀ ਦਲ ਅਤੇ ਸਿੱਖ ਪੰਥ ਵਿਚੋਂ ਬਾਹਰ ਹੋ ਗਿਆ ਸੀ। ਅਦਾਲਤ ਨੇ ਲੰਗਾਹ ਨੂੰ ਉਕਤ ਮਾਮਲੇ ‘ਚ ਬਰੀ ਕਰ ਦਿੱਤਾ ਸੀ। ਬਰੀ ਹੋਣ ਅਤੇ ਧਾਰਮਿਕ ਸਜ਼ਾ ਭੁਗਤਣ ਬਾਅਦ ਲੰਗਾਹ ਸ਼੍ਰੀ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋ ਕੇ ਮੁੜ ਪੰਥ ਵਿਚ ਸ਼ਾਮਲ ਹੋਣ ਦੀ ਅਪੀਲ ਕਰਦੇ ਰਹੇ।
2019 ਦੀਆਂ ਲੋਕ ਸਭਾ ਚੋਣਾਂ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਲੰਗਾਹ ਨੇ ਪਾਰਟੀ ਵਿਚ ਸ਼ਾਮਲ ਹੋਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਹੇਠਲੇ ਪੱਧਰ ਤੇ ਵਿਰੋਧ ਹੋਣ ਕਾਰਨ ਪਾਰਟੀ ਕੋਈ ਫੈਸਲਾ ਨਾ ਲੈ ਸਕੀ। ਲੰਗਾਹ ਕਾਫੀ ਸਮੇਂ ਤੋਂ ਪਾਰਟੀ ਨੂੰ ਚਿੱਠੀਆਂ ਲਿਖ ਕੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਦੀ ਅਪੀਲ ਕਰਦੇ ਆ ਰਹੇ ਸਨ। ਭਾਵੇਂ ਪਾਰਟੀ ਉਨ੍ਹਾਂ ਦੀ ਮੰਗ ਨੂੰ ਨਜ਼ਰਅੰਦਾਜ਼ ਕਰ ਰਹੀ ਸੀ ਪਰ ਲੰਗਾਹ ਸਮੇਂ-ਸਮੇਂ ‘ਤੇ ਇਹ ਦਾਅਵਾ ਕਰਦੇ ਆ ਰਹੇ ਹਨ ਕਿ ਉਹ ਸ਼ੁਰੂ ਤੋਂ ਅਕਾਲੀ ਸਨ ਅਤੇ ਹਮੇਸ਼ਾ ਅਕਾਲੀ ਹੀ ਰਹਿਣਗੇ। ਆਖਰਕਾਰ ਪਾਰਟੀ ਨੇ ਲੰਗਾਹ ਦੇ ਹੱਕ ਵਿੱਚ ਫੈਸਲਾ ਕਰ ਲਿਆ।
ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਦੇ ਸੰਸਦ ਮੈਂਬਰ ਬਣਨ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਹੈ। ਨਵੰਬਰ-ਦਸੰਬਰ ਵਿਚ ਜ਼ਿਮਨੀ ਚੋਣ ਦੀ ਸੰਭਾਵਨਾਂ ਹੈ। ਅਕਾਲੀ ਦਲ ਨੇ ਲੰਗਾਹ ਨੂੰ ਘਰ ਵਾਪਸੀ ਕਰਵਾਕੇ ਚੋਣ ਦੰਗਲ ਦਾ ਦ੍ਰਿਸ਼ ਬਦਲਣ ਦਾ ਯਤਨ ਕੀਤਾ ਹੈ। ਲੰਗਾਹ ਇਸ ਹਲਕੇ ਤੋਂ ਵਿਧਾਇਕ ਰਹਿ ਚੁੱਕੇ ਹਨ ਅਤੇ ਉਨ੍ਹਾਂ ਦੀ ਮਜ਼ਬੂਤ ਪਕੜ ਹੈ। ਲੰਗਾਹ ਦੀ ਘਰ ਵਾਪਸੀ ਨਾਲ ਸਿਆਸੀ ਹਲਕਿਆਂ ਵਿੱਚ ਉਨਾਂ ਦੋ ਚੋਣ ਲੜਨ ਦੀ ਚਰਚਾ ਸ਼ੁਰੂ ਹੋ ਗਈ ਹੈ।