ਚੰਡੀਗੜ੍ਹ: 11 ਸਤੰਬਰ (Khabar Khass Bureau )
ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਆਗੂਆਂ ਜਸਪਾਲ ਸਿੰਘ ਸਿੱਧੂ, ਰਾਜਵਿੰਦਰ ਸਿੰਘ ਰਾਹੀ, ਪ੍ਰੀਤਮ ਸਿੰਘ ਰੁਪਾਲ, ਗੁਰਪ੍ਰੀਤ ਸਿੰਘ (ਪ੍ਰਤੀਨਿਧ ਗਲੋਬਲ ਸਿੱਖ ਕੌਂਸਲ), ਮਾਲਵਿੰਦਰ ਸਿੰਘ ਮਾਲੀ ਅਤੇ ਸੁਰਿੰਦਰ ਸਿੰਘ ਕਿਸ਼ਨਪੁਰਾ ਨੇ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਵਲੋਂ ਸਿੱਖਾਂ ਦੇ ਧਾਰਮਿਕ,ਸਭਿਆਚਾਰਕ ਨਿਵੇਕਲੇਪਨ ਦੇ ਪੱਖ ਵਿੱਚ ਅਵਾਜ਼ ਉਠਾਕੇ ਸਿੱਖ ਪੰਥ ਵੱਲੋਂ 75 ਸਾਲ ਤੋਂ ਆਪਣੇ ਹੱਕਾਂ ਲਈ ਲੜੀ ਜਾ ਰਹੀ ਲੜਾਈ ਨੂੰ ਸਹੀ ਸਾਬਿਤ ਕੀਤਾ ਹੈ। ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨੇ ਅਮਰੀਕਾ ਦੌਰੇ ਦੌਰਾਨ ਭਾਰਤੀ ਮੂਲ ਦੇ ਲੋਕਾਂ ਦੇ ਇਕੱਠ ਵਿੱਚ ਰਾਹੁਲ ਗਾਂਧੀ ਵਲੋਂ ਸਿੱਖਾਂ ਬਾਰੇ ਕਹੇ ਸਬਦਾਂ ਦੀ ਪ੍ਰੋੜਤਾ ਕੀਤੀ ਹੈ।
ਆਗੂਆਂ ਨੇ ਕਿਹਾ ਕਿ ਅਸੀਂ ਰਾਹੁਲ ਗਾਂਧੀ ਵੱਲੋਂ ਭਾਰਤੀ ਸਿਆਸਤ ਦੇ ਨਵੇ ਵਿਸ਼ਲੇਸ਼ਨ ਨੂੰ ਵੀ ਉਚਿਤ ਸਮਝਦੇ ਹਾਂ ਕਿ ਜਾਤ-ਪਾਤ ਦਰਜਾਬੰਦੀ ਅਤੇ ਵੱਖ-ਵੱਖ ਧਰਮਾਂ ਸਭਿਆਚਾਰਾ ਦੀ ਆਪਸੀ ਲੜਾਈ ਅਤੇ ਖਿੱਛੋਂਤਾਣ ਨੇ ਦੇਸ਼ ਦੀ ਰਾਜਨੀਤੀ ਨੂੰ ਪੁੱਠੇ ਰਾਹ ਤੇ ਹਿੰਸਾਂ ਦਾ ਮਾਹੌਲ ਖੜ੍ਹਾ ਕੀਤਾ ਹੈ। ਉਹਨਾਂ ਕਿਹਾ ਕਿ ਹੁਣ ਜੱਗ ਜ਼ਾਹਰ ਹੈ ਕਿ ਕਾਂਗਰਸ ਦੀ ਹਿੰਦੂਤਵੀ ਪੱਖੀ ਕੌਮੀ ਨੀਤੀ ਕਰਕੇ ਸਿੱਖਾਂ ਨੂੰ ਆਜ਼ਾਦੀ ਤੋਂ ਤੁਰੰਤ ਬਾਅਦ ਆਪਣੀ ਧਾਰਮਿਕ ਆਜ਼ਾਦੀ ਤੇ ਸਭਿਆਚਾਰਕ ਸੁਤੰਤਰਤਾ ਤੇ ਪੰਜਾਬੀ ਬੋਲੀ ਨੂੰ ਬਚਾਉਣ ਦੀ ਲੜਾਈ ਲੜਨੀ ਪਈ ਅਤੇ 1980ਵੇਂ ਵਿੱਚ ਕਾਂਗਰਸ, ਇੰਦਰਾਂ ਗਾਂਧੀ ਵੱਲੋਂ ਹਿੰਦੂਤਵ ਪਾਲਿਸੀ ਧਾਰਨ ਕਰਕੇ ਹੀ 1984 ਵਿੱਚ ਦਰਬਾਰ ਸਾਹਿਬ, ਅੰਮ੍ਰਿਤਸਰ ਉੱਤੇ ਫੌਜੀ ਹਮਲਾ ਹੋਇਆ ਅਤੇ ਨਵੰਬਰ 1984 ਦਾ ਸਿੱਖ ਕਤਲੇਆਮ ਹੋਇਆ। ਇੰਦਰਾ ਕਾਂਗਰਸ ਨੇ ਹੀ ਭਾਰਤ ਵਿੱਚ ਹਿੰਦੂਤਵੀ ਜ਼ਰਖੇਜ ਜ਼ਮੀਨ ਤਿਆਰ ਕੀਤੀ ਜਿਸ ਵਿੱਚੋਂ ਹੀ ਹਿੰਦੂ ਰਾਸ਼ਟਰਵਾਦੀ ਤਾਕਤਾਂ ਅਤੇ ਮੋਦੀ ਰਾਜਭਾਗ ਦਾ ਵਿਕਾਸ ਹੋਇਆ।
ਉਵਰਸੀਜ਼ ਕਾਂਗਰਸ ਦੇ ਕਾਰਕੁੰਨਾਂ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਵੱਲੋਂ ਸਿੱਖਾਂ ਦੀ ਦਸਤਾਰ ਧਾਰਨ ਕਰਨ ਅਤੇ ਗੁਰਦੁਆਰੇ ਜਾਣ ਦੀ ਆਜ਼ਾਦੀ ਦੀ ਪੁਰਜ਼ੋਰ ਹਮਾਇਤ ਕਰਨਾ ਹੀ ਇੰਦਰਾਂ ਗਾਂਧੀ ਅਤੇ ਉਸ ਸਮੇਂ ਦੀ ਕਾਂਗਰਸ ਦੀਆਂ ਸਿੱਖ ਵਿਰੋਧੀ ਨੀਤੀਆਂ ਦਾ ਖੰਡਨ ਕਰਨਾ ਹੈ ਜਿੰਨ੍ਹਾਂ ਕਰਕੇ ਸਿੱਖ ਭਾਈਚਾਰੇ ਲੰਬੇ ਸਰਕਾਰੀ ਤਸ਼ੱਦਦ ਅਤੇ ਦਹਿਸ਼ਤ ਦਾ ਸ਼ਿਕਾਰ ਹੋਇਆ ਸੀ।
ਰਾਹੁਲ ਗਾਂਧੀ ਨੇ ਆਜ਼ਾਦੀ ਤੋਂ 70 ਸਾਲ ਬਾਅਦ ਫਰਵਰੀ 2022 ਵਿੱਚ ਪਹਿਲੀ ਫਾਰ ਪਾਰਲੀਮੈਂਟ ਵਿੱਚ ਭਾਰਤ ਨੂੰ ਵੱਖ-ਵੱਖ ਸੂਬਿਆਂ ਦਾ ਸੰਘ ਦਸਿਆ ਸੀ ਅਤੇ ਹੁਣ ਸੂਬਿਆ ਵੱਖ ਵੱਖ ਸਭਿਆਚਾਰਾਂ ਦੀ ਪ੍ਰਮੁੱਖਤਾ ਦੇ ਹੱਕ ਵਿੱਚ ਖੜ੍ਹੇ ਹੋ ਗਏ ਹਨ। ਜਿਸ ਕਰਕੇ, ਕੇਂਦਰੀ ਸਿੰਘ ਸਭਾ ਉਮੀਦ ਕਰਦੀ ਹੈ ਦੱਬੇ-ਕੁਚਲੇ ਸਭਿਆਚਾਰ,ਕੌਮੀਅਤਾਂ ਨੂੰ ਪ੍ਰਫੁਲਤ ਹੋਣ ਦਾ ਮੌਕਾ ਮਿਲੇਗਾ ਅਤੇ ਦੇਸ਼ ਦਾ ਫੈਡਲਰ ਢਾਂਚਾ ਮਜ਼ਬੂਤ ਹੋਵੇਗਾ ਅਤੇ ਆਨੰਦਪੁਰ ਸਾਹਿਬ ਦਾ ਮਤਾ ਸਹੀ ਅਰਥਾਂ ਵਿੱਚ ਲਾਗੂ ਹੋਵੇਗਾ।
ਕੇਂਦਰੀ ਸਿੰਘ ਸਭਾ ਭਾਜਪਾ, ਹਿੰਦੂਤਵੀ ਪੱਖੀ ਸਿੱਖ ਲੀਡਰਾਂ ਵੱਲੋਂ ਰਾਹੁਲ ਗਾਂਧੀ ਦੇ ਕਥਨਾ ਨੂੰ ਤੋੜ੍ਹ-ਮਰੋੜ੍ਹਕੇ ਪੇਸ਼ ਕਰਨ ਦੀ ਨਿੰਦਾ ਕਰਦੇ ਹਾਂ। ਅਸਲ ਵਿੱਚ ਅਜਿਹੇ ਸਿੱਖ ਲੀਡਰ, ਸਿੱਖ ਪੰਥ ਨੰ ਅਤੀਤ ਦੇ ਦੁਖਾਂਤ ਵਿੱਚ ਉਲਝਾ ਕੇ ਰੱਖਣਾ ਚਾਹੁੰਦੇ ਹਨ ਤਾਂਕਿ ਸਿੱਖ ਮੌਜੂਦਾ ਭਾਰਤੀ ਸਥਿਤੀ/ਦੇਸ਼ ਅਨੁਸਾਰ ਆਪਣੀ ਨਵੀਂ ਰਾਜਨੀਤੀ ਘੜ੍ਹ ਨਾ ਸਕਣ ਅਤੇ ਪੁਰਾਣੇ ਸਿੱਖ, ਅਕਾਲੀ ਲੀਡਰਾਂ ਦੇ ਚੁੰਗਲ ਤੇ ਪੇਤਲੀ ਰਾਜਨੀਤੀ ਵਿੱਚ ਫਸੇ ਰਹਿਣ।