ਚੰਡੀਗੜ੍ਹ 8 ਸਤੰਬਰ (ਖ਼ਬਰ ਖਾਸ ਬਿਊਰੋ)
ਕਹਾਵਤ ਹੈ ਕਿ ਦੁੱਧ ਦਾ ਫੂਕਿਆ ਬੰਦਾਂ ਲੱਸੀ ਨੂੰ ਵੀ ਫੂਕਾ ਮਾਰ ਕੇ ਪੀਂਦਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਹੁਣ ਇਹ ਹਾਲਤ ਹੋ ਗਈ ਹੈ ਕਿ ਪਾਰਟੀ ਲੀਡਰਸ਼ਿਪ ਅਜਿਹਾ ਕੋਈ ਕਦਮ ਪੁੱਟਣ ਨੂੰ ਤਿਆਰ ਨਹੀਂ ਹੈ, ਜੋ ਪੁੱਠਾ ਪਵੇ। ਕੁੱਝ ਦਿਨ ਪਹਿਲਾਂ ਪਾਰਟੀ ਨੇ ਸਾਬਕਾ ਬਿਊਰੋਕ੍ਰੇਟ ਅਕਾਲੀ ਨੇਤਾ ਦਰਬਾਰਾ ਸਿੰਘ ਗੁਰੂ ਨੂੰ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦਾ ਸਲਾਹਕਾਰ ਨਿਯੁਕਤ ਕੀਤਾ ਸੀ, ਪਰ ਉਹਨਾਂ ਦਾ ਨਾਮ 1986 ਵਿਚ ਵਾਪਰੇ ਨਕੋਦਰ ਕਾਂਡ ਨਾਲ ਜੁੜਨ ਕਰਕੇ ਆਲੋਚਨਾ ਹੋਣ ਲੱਗੀ। ਹਾਲਾਂਕਿ ਗੁਰੂ ਨੇ ਸਨਿੱਚਰਵਾਰ ਦੇਰ ਸ਼ਾਮ ਪ੍ਰੈੱਸ ਕਾਨਫਰੰਸ ਕਰਕੇ 1986 ਦੇ ਨਕੋਦਰ ਪੁਲਿਸ ਫਾਇਰਿੰਗ ਮਾਮਲੇ ਨਾਲ ਕੋਈ ਸਰੋਕਾਰ ਹੋਣ ਦਾ ਜ਼ੋਰਦਾਰ ਖੰਡਨ ਕਰਦਿਆਂ ਕਿਹਾ ਕਿ ਕੁਝ ਤਾਕਤਾਂ ਅਕਾਲੀ ਦਲ ਨੂੰ ਬਦਨਾਮ ਕਰਨਾ ਚਾਹੁੰਦੀਆਂ ਹਨ।
ਦਰਬਾਰਾ ਸਿੰਘ ਗੁਰੂ ਦੀ ਸਫ਼ਾਈ ਤੋਂ ਕੁੱਝ ਦੇਰ ਬਾਅਦ ਪਾਰਟੀ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਆਪਣੇ ਐਕਸ ਅਕਾਉਂਟ ਉਤੇ ਦੇਰ ਸ਼ਾਮ ਦਰਬਾਰਾ ਸਿੰਘ ਗੁਰੂ ਦੀ ਛੁੱਟੀ ਕਰਨ ਦੀ ਜਾਣਕਾਰੀ ਸਾਂਝੀ ਕੀਤੀ। ਅਕਾਲੀ ਦਲ ਦੇ ਇਸ ਫੈਸਲੇ ਨਾਲ ਸਪਸ਼ਟ ਹੋ ਗਿਆ ਹੈ ਕਿ ਹੁਣ ਅਕਾਲੀ ਲੀਡਰਸ਼ਿਪ ਕੋਈ ਅਜਿਹਾ ਕਦਮ ਨਹੀਂ ਪੁੱਟਣਾ ਚਾਹੁੰਦੀ ਜਿਸ ਨਾਲ ਪਾਰਟੀ ਜਾਂ ਲੀਡਰਸ਼ਿਪ ਦੀ ਬਦਨਾਮੀ ਹੋਵੇ। ਪਰ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਜਦੋਂ ਦਰਬਾਰਾ ਸਿੰਘ ਗੁਰੂ ਦਾ ਨਾਮ ਨਕੋਦਰ ਕਾਂਡ ਨਾਲ ਵੱਜਦਾ ਰਿਹਾ, ਜਾਂ ਕਈ ਪੁਲਿਸ ਅਧਿਕਾਰੀਆਂ ਦਾ ਨਾਮ ਨੌਜਵਾਨਾਂ ਖਾਸਕਰਕੇ ਸਿੱਖ ਨੌਜਵਾਨਾਂ ਦਾ ਕਤਲ ਕਰਨ ਨਾਲ ਜੁੜਦਾ ਰਿਹਾ ਤਾਂ ਅਕਾਲੀ ਦਲ ਦੀ ਲੀਡਰਸ਼ਿਪ ਨੇ ਉਦੋਂ ਅਜਿਹੇ ਅਧਿਕਾਰੀਆਂ ਦੀ ਸਰਪ੍ਰਸਤੀ ਕਿਉਂ ਕੀਤੀ ।ਅਤੀਤ ਵਿਚ ਪਾਰਟੀ ਨੇ ਦਰਬਾਰਾ ਸਿੰਘ ਗੁਰੂ ਨੂੰ ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਚੋਣਾਂ ਵਿਚ ਉਮੀਦਵਾਰ ਵਜੋਂ ਉਤਾਰਿਆ ਹੈ। ਇਹ ਗੱਲ ਵੱਖਰੀ ਹੈ ਕਿ ਵਕਤ ਨੇ ਸਾਥ ਨਹੀਂ ਦਿਤਾ ਤੇ ਦਰਬਾਰਾ ਸਿੰਘ ਗੁਰੂ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਪੌੜੀਆਂ ਨਹੀਂ ਚੜ ਸਕੇ। ਪਰ ਅਕਾਲੀ ਦਲ ਦੀ ਲੀਡਰਸ਼ਿਪ ਨੇ ਕਸਰ ਤਾਂ ਕੋਈ ਨਹੀਂ ਛੱਡੀ।
ਚਲੋ ਦੇਰ ਆਏ ਦਰੁਸਤ ਆਏ ਕਹਾਵਤ ਅਨੁਸਾਰ ਅਕਾਲੀ ਦਲ ਦੀ ਲੀਡਰਸ਼ਿਪ ਨੇ ਠੀਕ ਫੈਸਲਾ ਲਿਆ ਹੈ, ਭਾਵੇਂ ਬਾਗੀਆਂ ਦੇ ਦਬਾਅ ਹੇਠ ਹੀ ਲਿਆ ਹੈ। ਹੁਣ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਬਾਗੀ ਅਕਾਲੀ ਆਗੂਆਂ ਨੇ ਐਨੀ ਦੇਰ ਕਿਉਂ ਕਰ ਦਿੱਤੀ ਆਉਂਦੇ -ਆਉਂਦੇ- ਭਾਵ ਬਾਗੀ ਆਗੂਆਂ ਨੂੰ ਸੁਖਬੀਰ ਬਾਦਲ ਜਾਂ ਅਕਾਲੀ ਦਲ ਦੀ ਲੀਡਰਸ਼ਿਪ ਵਿਚ ਐਨੀ ਦੇਰ ਬਾਅਦ ਹੀ ਨੁਕਸ ਕਿਉਂ ਲੱਭੇ। ਪਾਰਟੀ ਦੀ ਮੀਟਿੰਗ ਵਿਚ ਪਹਿਲਾਂ ਸਾਰੇ ਆਗੂ ਹਰ ਤਰਾਂ ਦੇ ਫੈਸਲੇ ਲਈ ਇਕ ਸੁਰ ਵਿਚ ਸਾਰੇ ਅਧਿਕਾਰ ਪਾਰਟੀ ਪ੍ਰਧਾਨ ਨੂੰ ਦਿੰਦੇ ਰਹੇ ਹਨ। ਸਾਰੇ ਅਧਿਕਾਰ ਦੇਣਾ ਹੀ ਪਾਰਟੀ ਦੀ ਅੰਦਰੂਨੀ ਜਮਹੂਰੀਅਤ ਲਈ ਘਾਤਕ ਸਾਬਤ ਹੋਇਆ ਹੈ।
ਯਾਦ ਰਹੇ ਕਿ 1986 ਵਿਚ ਜਦੋਂ ਨਕੋਦਰ ਵਿਚ ਪੁਲਿਸ ਫਾਇਰਿੰਗ ਕਾਂਡ ਵਾਪਰਿਆ , ਉਸ ਵੇਲੇ ਦਰਬਾਰਾ ਸਿੰਘ ਗੁਰੂ ਜਲੰਧਰ ਵਿਚ ਏ ਡੀ ਸੀ ਵਜੋਂ ਤਾਇਨਾਤ ਸਨ।ਦਰਬਾਰਾ ਸਿੰਘ ਗੁਰੂ ਨੇ ਭਾਵੇਂ ਇਸ ਕਾਂਡ ਨਾਲ ਕੋਈ ਸਬੰਧ ਨਾ ਹੋਣ ਦਾ ਦਾਅਵਾ ਕੀਤਾ ਹੈ, ਪਰ ਪੰਜਾਬ ਦੇ ਸੰਤਾਪ ਦੀ ਜੜ੍ਹ ਅਤੇ ਪੰਜਾਬ ਦੇ ਮਾੜੇ ਦਿਨਾਂ ਨੂੰ ਲੈ ਕੇ ਬਹੁਤ ਸਾਰੇ ਲੇਖਕਾਂ ਨੇ ਜੋ ਕਿਤਾਬਾਂ ਲਿਖੀਆ ਹਨ, ਉਸ ਵਿਚ ਨਕੋਦਰ ਕਾਂਡ ਨੂੰ ਵੀ ਪੰਜਾਬ ਦੀ ਸਰਜਮੀਂ ਨੂੰ ਲਾਂਬੂ ਲਾਉਣ ਦਾ ਇਕ ਕਾਰਨ ਮੰਨਿਆ ਗਿਆ ਹੈ। (ਐਡਵੋਕੇਟ ਅਮਨਪ੍ਰੀਤ ਸਿੰਘ)