ਚੰਡੀਗੜ੍ਹ 6ਸਤੰਬਰ (ਖ਼ਬਰ ਖਾਸ ਬਿਊਰੋ)
ਸੂਬਾ ਸਰਕਾਰ ਦੀ ਅਣਦੇਖੀ ਖਿਲਾਫ਼ ਵੈਟਨਰੀ ਇੰਸਪੈਕਟਰਾਂ ਨੇ ਵਿਭਾਗ ਦੀ ਅਫਸਰਸ਼ਾਹੀ ਖਿਲਾਫ ਫਰੀਦਕੋਟ ਵਿਖੇ ਪਹਿਲੀ ਜੋਨਲ ਕਨਵੈਂਨਸ਼ਨ 8 ਸਤੰਬਰ ਨੂੰ ਕਰਨ ਦਾ ਐਲਾਨ ਕੀਤਾ ਹੈ।
ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੀਪ ਸਿੰਘ ਬਾਸੀ ਅਤੇ ਜਨਰਲ ਸਕੱਤਰ ਵਿਪਨ ਗੋਇਲ ਨੇ ਦੱਸਿਆ ਕੇ ਪੰਜਾਬ ਸਰਕਾਰ ਅਤੇ ਪਸ਼ੂ ਪਾਲਣ ਵਿਭਾਗ ਦੀ ਅਫਸਰਸ਼ਾਹੀ ਵੈਟਨਰੀ ਇੰਸਪੈਕਟਰ ਕੇਡਰ ਦੀਆਂ ਹੱਕੀ ਅਤੇ ਜਾਇਜ ਮੰਗਾਂ ਪੂਰੀਆਂ ਕਰਨ ਤੋਂ ਟਾਲਾ ਵੱਟ ਰਹੀ ਹੈ।ਜਲੰਧਰ ਜਿਮਨੀ ਚੋਣ ਦੌਰਾਨ ਪਸ਼ੂ ਪਾਲਣ ਵਿਭਾਗ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਵੈਟਨਰੀ ਇੰਸਪੈਕਟਰ ਕੇਡਰ ਨੂੰ ਮੰਗਾਂ ਦੇ ਨਿਪਟਾਰੇ ਸਬੰਧੀ ਵਿਸ਼ਵਾਸ ਦਿਵਾਇਆ ਸੀ।ਪਰੰਤੂ ਦੋ ਮਹੀਨੇ ਬੀਤ ਜਾਣ ਉਪਰੰਤ ਵੀ ਪਸ਼ੂ ਪਾਲਣ ਵਿਭਾਗ ਦੀ ਅਫਸਰਸ਼ਾਹੀ ਨੇ ਕਾਰਵਾਈ ਕਰਨ ਤੋਂ ਟਾਲਾ ਵੱਟਿਆ ਹੋਇਆ ਹੈ। ਪੰ
ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੀ ਸੂਬਾ ਇਕਾਈ ਨੇ ਆਪਣੀ ਮੀਟਿੰਗ ਦੌਰਾਨ ਸਰਕਾਰ ਦੇ ਇਸ ਰਵੱਈਏ ਦੇ ਖਿਲਾਫ ਜੋਨਲ ਕਨਵੈਂਨਸ਼ਨਾਂ ਕਰਨ ਦਾ ਸੱਦਾ ਦਿੱਤਾ ਹੈ।ਇਸ ਲੜੀ ਅਧੀਨ ਮਿਤੀ 8 ਸਤੰਬਰ ਨੂੰ ਫਰੀਦਕੋਟ ਜੋਨ ਦੀ ਪਹਿਲੀ ਰੋਸ ਕਨਵੈਂਨਸ਼ਨ ਹੋਵੇਗੀ।ਇਸ ਵਿਚ ਮੋਗਾ, ਮੁਕਤਸਰ ,ਫਾਜਿਲਕਾ, ਫਰੀਦਕੋਟ ਅਤੇ ਫਿਰੋਜਪੁਰ ਦੇ ਸਮੂਹ ਵੈਟਨਰੀ ਇੰਸਪੈਕਟਰ ਸ਼ਾਮਿਲ ਹੋਣਗੇ।ਇਸ ਰੋਸ ਕਨਵੈਂਨਸ਼ਨ ਵਿਚ ਪੰਜਾਬ ਦੇ ਮੁਲਾਜਮ ਵਰਗ ਦੇ ਸਰਬ ਸਾਂਝੇ ਮਸਲਿਆ ਉਪਰ ਡੈਮੋਕ੍ਰੇਟਿਕ ਟੀਚਰ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਮੁਖ ਬੁਲਾਰੇ ਹੋਣਗੇ।ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਛੰਨਾ ਅਤੇ ਸੂਬਾ ਪਰੈਸ ਸਕੱਤਰ ਗੁਰਜੀਤ ਸਿੰਘ ਹੁਸ਼ਿਆਰਪੁਰ ਨੇ ਦੱਸਿਆ ਕੇ ਪੂਰੇ ਪੰਜਾਬ ਨੂੰ ਪੰਜ ਜੋਨਾਂ ਵਿਚ ਵੰਡ ਕੇ ਰੋਸ ਕਨਵੈਂਨਸ਼ਨਾਂ ਮੁਕੰਮਲ ਕੀਤੀਆਂ ਜਾਣਗੀਆਂ ਅਤੇ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਜਿਮਨੀ ਚੋਣਾਂ ਵਿਚ ਪੰਜਾਬ ਸਰਕਾਰ ਵੱਲੋਂ ਵੈਟਨਰੀ ਇੰਸਪੈਕਟਰਾਂ ਨਾਲ ਕੀਤੀ ਜਾ ਰਹੀ ਵਾਅਦਾ ਖਿਲਾਫੀ ਦਾ ਭਰਵਾਂ ਵਿਰੋਧ ਕੀਤਾ ਜਾਵੇਗਾ।ਇਸ ਮੌਕੇ ਸੂਬਾ ਵਿੱਤ ਸਕੱਤਰ ਰਾਜੀਵ ਮਲਹੋਤਰਾ ,ਪਰਮਜੀਤ ਸਿੰਘ ਸੋਹੀ, ਸੁਖਜਿੰਦਰ ਸਿੰਘ ਫਰੀਦਕੋਟ, ਧਰਮਵੀਰ ਸਰਾਂ ਫਿਰੋਜਪੁਰ, ਵਿਜੇ ਕੰਬੋਜ ਫਾਜਿਲਕਾ, ਹਰਦੀਪ ਸਿੰਘ ਮੋਗਾ, ਗੁਰਮੀਤ ਸਿੰਘ ਮਹਿਤਾ, ਜਿਲਾ ਪ੍ਰਧਾਨ ਸ਼ਾਮ ਸੁੰਦਰ ਫਰੀਦਕੋਟ, ਦੀਪਕ ਕੁਮਾਰ ਚੁੱਘ, ਗੁਰਸੇਵਕ ਸਿੰਘ, ਪਰੇਮ ਚੰਦ ਕੰਬੋਜ,ਚੰਦਰ ਦੇਵ, ਸੂਬਾ ਮੁੱਖ ਸਲਾਹਕਾਰ ਦਲਜੀਤ ਸਿੰਘ ਚਾਹਲ, ਹਰਦੀਪ ਸਿੰਘ ਗਿਆਨਾ ਬਠਿੰਡਾ , ਸਤਨਾਮ ਸਿੰਘ ਅਮਿਤਸਰ , ਰਾਕੇਸ਼ ਸੈਣੀ ਪਠਾਣਕੋਟ ਅਤੇ ਪਰਵੀਨ ਕੁਮਾਰ ਗੁਰਦਾਸਪੁਰ ਸਮੇਤ ਹੋਰ ਸੂਬਾਈ ਆਗੂ ਹਾਜਰ ਸਨ।