– ਭਾਰਤ ਵਿਚ ਅੰਗਰੇਜ਼ਾਂ ਦੇ ਰਾਜ ਦੌਰਾਨ , ਭਾਰਤੀ ਲੋਕ ਗੁਲਾਮੀ ਭਰਿਆ ਜੀਵਨ ਕੱਟਣ ਲਈ ਮਜਬੂਰ ਸਨ, ਦੇ ਦੌਰਾਨ ਸਮਾਜ ਵਿਚ ਚੱਲ ਰਹੀ ਮਨੂੰਵਾਦੀ ਵਿਵਸਥਾ ਦੀ ਗੈਰ-ਮਾਨਵਤਾਵਾਦੀ ਸੋਚ ਦਾ ਬੋਲਬਾਲਾ (ਹੁਣ ਵੀ ਹੈ)ਪੂਰੀ ਤਰ੍ਹਾਂ ਨਿਰੰਤਰ ਜਾਰੀ ਸੀ, ਉਸ ਸਮੇਂ ਭਾਰਤ ਦੀ ਮਹਾਨ ਔਰਤ ਸਵਿੱਤਰੀ ਬਾਈ ਫੂਲੇ ਨੇ ਆਪਣੇ ਬਾਜੂਬਲ ਦੇ ਸਿਰ ‘ਤੇ ਦੇਸ਼ ਦੇ ਕਰੋੜਾਂ ਮੂਲ-ਨਿਵਾਸੀਆਂ ਅਤੇ ਔਰਤ ਵਰਗ ਜਿਹੜਾ ਅੰਗਰੇਜ਼ਾਂ ਅਤੇ ਮਨੂੰਵਾਦੀ ਵਿਵਸਥਾ ਦੀ ਦੂਹਰੀ ਮਾਰ ਝੱਲ ਰਿਹਾ ਸੀ, ਦੇ ਲਈ ਸਿੱਖਿਆ ਪ੍ਰਦਾਨ ਕਰਨ ਦਾ ਬੀੜਾ ਚੁੱਕਿਆ ਸੀ।
ਉਸ ਵੇਲੇ ਚੁੱਕੇ ਗਏ ਫੌਲਾਦੀ ਹੌਸਲੇ ਨੂੰ ਸ਼ਬਦਾਂ ਵਿਚ ਬਿਆਨਿਆ ਨਹੀਂ ਜਾ ਸਕਦਾ, ਕਿਉਂਕਿ ਸਵਿੱਤਰੀ ਬਾਈ ਫੂਲੇ ਦੀ ਮਾਨਵਤਾਵਾਦੀ ਉਸਾਰੂ ਅਤੇ ਉੱਚੀ – ਸੁੱਚੀ ਸੋਚ ਅੱਗੇ ਸ਼ਬਦ ਬੌਣੇ ਹੋ ਕੇ ਰਹਿ ਜਾਂਦੇ ਹਨ ਜਦੋਂ ਕਿ ਮਨੂੰਵਾਦੀ ਸੋਚ ਦੇ ਧਾਰਨੀ ਬੁੱਧੀਜੀਵੀਆਂ ਵਲੋਂ ਸਿੱਖਿਆ ਦੇ ਖੇਤਰ ਵਿਚ ਲਟ-ਲਟ ਕਰਕੇ ਬਲਦੀ ਕ੍ਰਾਂਤੀਕਾਰੀ ਮਿਸ਼ਾਲ ਅਤੇ ਸਿੱਖਿਆ ਸ਼ਾਸਤਰੀ ਸਵਿੱਤਰੀ ਬਾਈ ਫੂਲੇ ਨੂੰ ਭਾਰਤ ਦੀ ਪਹਿਲੀ ਔਰਤ ਅਧਿਆਪਕਾ ਅਤੇ ਮਹਾਨ ਸਿੱਖਿਆ ਸ਼ਾਸਤਰੀ ਦੇ ਤੌਰ ‘ਤੇ ਪੇਸ਼ ਕਰਨ ਤੋਂ ਕੰਨੀ ਕਤਰਾਈ ਜਾ ਰਹੀ ਹੈ, ਉਨ੍ਹਾਂ ਨੂੰ ਸਿੱਖਿਆ ਸ਼ਾਸਤਰੀ ਫੂਲੇ ਦੁਆਰਾ ਕੀਤੇ ਗਏ ਮਹਾਨ ਕਾਰਜ ਹਜ਼ਮ ਨਹੀਂ ਹੋ ਰਹੇ, ਜਿਸ ਕਰਕੇ ਮਨੂੰਵਾਦੀਆਂ ਵਲੋਂ ਉਨ੍ਹਾਂ ਨੂੰ ਜਾਣਬੁੱਝ ਕੇ ਅੱਖੋਂ-ਪਰੋਖੇ ਕੀਤਾ ਰਿਹਾ ਹੈ, ਕਿਉਂਕਿ ਉਸ ਮਹਾਨ ਔਰਤ ਨੇ ਹੁਣ ਤੋਂ ਕੋਈ 175ਸਾਲ ਪਹਿਲਾਂ ਗੈਰ-ਮਾਨਵਤਾਵਾਦੀ ਸੋਚ ‘ਤੇ ਚੱਲਣ ਵਾਲੇ ਮਨੂੰਵਾਦੀ ਵਿਵਸਥਾ ਦੇ ਬਿਲਕੁਲ ਖਿਲਾਫ਼ ਔਰਤਾਂ ਨੂੰ ਸਿੱਖਿਆ ਦੇਣ ਲਈ 1848 ਈਸਵੀ ਨੂੰ ਪੂਨੇ ਵਿਚ ਭਾਰਤ ਦਾ ਸਭ ਤੋਂ ਪਹਿਲਾ ਸਕੂਲ ਸਥਾਪਿਤ ਕੀਤਾ ਸੀ। ਉਸ ਵੇਲੇ ਸਦੀਆਂ ਤੋਂ ਚਲਦੀ ਆ ਰਹੀ ਮਨੂੰਵਾਦੀ ਗਲੀ-ਸੜੀ ਸਮਾਜਿਕ ਵਿਵਸਥਾ ਬੁਰੀ ਤਰ੍ਹਾਂ ਭਾਰੂ ਹੋਣ ਕਰਕੇ ਸਮਾਜ ਵਲੋਂ ਮੂਲ-ਨਿਵਾਸੀਆਂ ਅਤੇ ਔਰਤਾਂ ਦੀ ਸਿੱਖਿਆ ਉਪਰ ਬਿਲਕੁਲ ਪਾਬੰਦੀ ਲਗਾਈ ਹੋਈ ਸੀ।
ਸਿੱਖਿਆ ਪ੍ਰਦਾਨ ਕਰਨ ਦਾ ਪਵਿੱਤਰ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਸਵਿੱਤਰੀ ਬਾਈ ਫੂਲੇ ਜੋ ਖੁਦ ਮਨੂੰਵਾਦੀ ਵਿਚਾਰਧਾਰਾ ਦੀ ਸ਼ਿਕਾਰ ਹੋਣ ਕਾਰਨ ਅਨਪੜ੍ਹਤਾ ਨਾਲ ਜੂਝ ਰਹੀ ਸੀ, ਨੇ ਪਹਿਲਾਂ ਆਪਣੇ ਪਤੀ ਮਹਾਨ ਕ੍ਰਾਂਤੀਕਾਰੀ ਮਹਾਤਮਾ ਜੋਤੀਬਾ ਫੂਲੇ ਤੋਂ ਖੁਦ ਸਿਖਿਆ ਗ੍ਰਹਿਣ ਕਰਨ ਲਈ ਘਾਲਣਾ ਘਾਲੀ ਅਤੇ ਫਿਰ ਸਿੱਖਿਆ ਪ੍ਰਾਪਤ ਕਰਨ ਪਿੱਛੋਂ ਲੜਕੀਆਂ ਲਈ ਮੁਫ਼ਤ ਸਿੱਖਿਆ ਪ੍ਰਦਾਨ ਕਰਨ ਲਈ ਸਕੂਲ ਖੋਲ੍ਹਣ ਲਈ ਉਸ ਸਮੇਂ ਦੇ ਹਾਲਾਤਾਂ ਨਾਲ ਨਜਿੱਠਦਿਆਂ ਪਹਿਲੇ ਸਾਲ ਸਫਲਤਾਪੂਰਵਕ 5 ਸਕੂਲ ਖੋਲ੍ਹ ਕੇ ਦੇਸ਼ ਵਿੱਚ ਵਿਲੱਖਣ ਕਿਸਮ ਦੀ ਮਿਸਾਲ ਪੈਦਾ ਕੀਤੀ। ਉਨ੍ਹਾਂ ਨੇ ਆਪਣੇ ਸਕੂਲ ਵਿਚ ਪਹਿਲੇ ਸਾਲ 9 ਲੜਕੀਆਂ ਨੂੰ ਸਿੱਖਿਆ ਦਾ ਮਹਾਂ-ਦਾਨ ਦਿੱਤਾ ।
ਸੱਚ ਤਾਂ ਇਹ ਹੈ ਕਿ, ਉਹ ਭਾਰਤ ਦੀ ਪਹਿਲੀ ਮਹਾਨ ਔਰਤ ਅਧਿਆਪਕਾ ਸੀ, ਜਿਸ ਨੇ ਸਮਾਜ ਵਿਚ ਮਨੂੰਵਾਦੀ ਵਿਵਸਥਾ ਦੇ ਉਲਟ ਚੱਲਦਿਆਂ ਸਮਾਜ ਸੁਧਾਰ ਲਈ, ਜਿਥੇ ਲੜਕੀਆਂ ਨੂੰ ਪੜ੍ਹਾਉਣ ਲਈ ਪਹਿਲ ਕਦਮੀ ਕੀਤੀ, ਉਥੇ ਸਮਾਜ ਵਿੱਚ ਫੈਲੇ ਜਾਤ-ਪਾਤ ਦੇ ਕੋਹੜ ਸਮੇਤ ਅਨੇਕਾਂ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਆਪਣੇ ਪਤੀ ਨਾਲ ਮਿਲ ਕੇ ਜੋਰਦਾਰ ਸੰਘਰਸ਼ ਸ਼ੁਰੂ ਕੀਤਾ ਅਤੇ ਮਨੂੰਵਾਦੀਆਂ ਨੂੰ ਮੂੰਹ ਤੋੜ ਜਵਾਬ ਦਿੱਤਾ। ਇਥੇ ਹੀ ਬਸ ਨਹੀਂ, ਉਨ੍ਹਾਂ ਨੇ ਆਪਣੇ ਪਤੀ ਨਾਲ ਮਿਲ ਕੇ ਭਾਰਤੀ ਲੋਕਾਂ ਨੂੰ ਸਿੱਖਿਅਤ ਕਰਨ ਲਈ ਅੰਗਰੇਜ਼ਾਂ ਉਪਰ ਦਬਾਅ ਵੀ ਬਣਾਇਆ ਅਤੇ ਇਸ ਦਬਾਅ ਦੇ ਚੱਲਦਿਆਂ ਅੰਗਰੇਜ਼ਾਂ ਨੇ 1853 ਵਿਚ ਵਡੇਰੀ ਉਮਰ ਦੇ ਭਾਰਤੀ ਲੋਕਾਂ ਲਈ ਰਾਤ ਦੇ ਸਮੇਂ ਚੱਲਣ ਵਾਲੇ ਸਕੂਲਾਂ ਦੀ ਸਥਾਪਨਾ ਵੀ ਕੀਤੀ, ਜਦ ਕਿ ਉਸ ਸਮੇਂ ਅਜਿਹੇ ਕ੍ਰਾਂਤੀਕਾਰੀ ਕਦਮ ਚੁੱਕਣਾ, ਸੌਖਾ ਕੰਮ ਨਹੀਂ ਸੀ ਅਤੇ ਅਜਿਹਾ ਕਦਮ ਚੁੱਕਣ ਲਈ ਫੌਲਾਦੀ ਜਿਗਰਾ ਹੋਣਾ ਚਾਹੀਦਾ ਸੀ, ਪਰ ਅੱਜ ਬਹੁਤ ਹੀ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ, ਜਿਸ ਔਰਤ ਨੇ ਦੇਸ਼ ਵਿਚ ਔਰਤਾਂ, ਮੂਲ-ਨਿਵਾਸੀਆਂ ਅਤੇ ਦੱਬੇ-ਕੁਚਲੇ ਲੋਕਾਂ ਲਈ ਸਿੱਖਿਆ ਦਾ ਮੁੱਢ ਬੰਨ੍ਹਿਆ, ਦੇ ਬਾਰੇ ਇਤਿਹਾਸ ਗੁੰਗਾ ਬਣਿਆ ਬੈਠਾ ਹੈ। ਦੇਸ਼ ਦੇ ਵੱਡੀ ਗਿਣਤੀ ਵਿਚ ਉਹ ਲੋਕ ਜਿਹੜੇ ਆਪਣੇ ਆਪ ਨੂੰ ਪੜ੍ਹਿਆ-ਲਿਖਿਆ ਅਤੇ ਵਿਦਵਾਨ ਹੋਣ ਦਾ ਦਾਅਵਾ ਪੇਸ਼ ਕਰ ਰਹੇ ਹਨ, ਸ਼ਾਇਦ ਉਹ ਵੀ ਸਵਿੱਤਰੀ ਬਾਈ ਫੂਲੇ ਦੇ ਨਾਂ ਅਤੇ ਉਨ੍ਹਾਂ ਦੁਆਰਾ ਕੀਤੇ ਗਏ ਸਮਾਜ ਸੁਧਾਰਿਕ ਕੰਮਾਂ ਤੋਂ ਨਾ-ਵਾਕਫ਼ ਹੋਣ ਜਾਂ ਫਿਰ ਪਤਾ ਹੋਣ ਦੇ ਬਾਵਜੂਦ ਵੀ ਉਹ ਜਾਣਬੁੱਝ ਕੇ ਕੰਨਾਂ-ਘੇਸਲ ਮਾਰਦੇ ਹੋਣ।
ਭਾਰਤ ਵਿਚ ਬਹੁ-ਗਿਣਤੀ ਲੋਕਾਂ ਵਲੋਂ ਸਵਿੱਤਰੀ ਬਾਈ ਫੂਲੇ ਨੂੰ ਅੱਖੋਂ ਪਰੋਖੇ ਕਰਨ ਦਾ ਵੱਡਾ ਕਾਰਨ ਇਹ ਹੈ ਕਿ, ਜਿਹੜੇ ਮਰਦਾਂ / ਔਰਤਾਂ ਨੇ ਮਨੂੰਵਾਦੀ ਸੋਚ ਦੇ ਬਿਲਕੁਲ ਉਲਟ ਕੰਮ ਕਰਦਿਆਂ ਸਮਾਜਿਕ,ਧਾਰਮਿਕ,ਸੱਭਿਆਚਾਰਕ, ਆਰਥਿਕ ਅਤੇ ਰਾਜਨੀਤਕ ਖੇਤਰ ਵਿੱਚ ਬਰਾਬਰਤਾ ਪੈਦਾ ਕਰਨ ਲਈ ਅਵਾਜ ਬੁਲੰਦ ਕੀਤੀ, ਉਸ ਨੂੰ ਦਬਾਉਣ ਲਈ ਹਰ ਹੱਥ ਕੰਡੇ ਵਰਤੇ ਅਤੇ ਅਜਿਹੀਆਂ ਬਹੁ-ਪੱਖੀ ਸਖਸ਼ੀਅਤਾਂ ਦਾ ਖੁਰਾ-ਖੋਜ ਇਤਿਹਾਸ ਦੇ ਪੰਨਿਆਂ ਤੋਂ ਮਿਟਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਂ ਫਿਰ ਕਲਮ ਦੇ ਜੋਰ ਨਾਲ ਇਤਿਹਾਸ ਨੂੰ ਤਰੋੜ-ਮਰੋੜ ਕੇ ਜਾਂ ਫਿਰ ਇਤਿਹਾਸ ਨੂੰ ਮਿਥਿਹਾਸਿਕ ਰੂਪ ਦੇਣ ਲਈ ਵਿਉਂਤਬੰਦੀਆਂ ਪੈਦਾ ਕੀਤੀਆਂ, ਤਾਂ ਜੋ ਸੱਚ ਸਾਹਮਣੇ ਨਾ ਆ ਸਕੇ। ਗੈਰ-ਮਾਨਵਤਾਵਾਦੀ ਸੋਚ ਰੱਖਣ ਵਾਲੇ ਲੋਕਾਂ ਨੂੰ ਹਮੇਸ਼ਾ ਇਹ ਭਰਮ ਬਣਿਆ ਰਹਿੰਦਾ ਹੈ ਕਿ, ਉਹ ਸੱਚ ਨੂੰ ਦਬਾ ਕੇ ਰੱਖਣਗੇ, ਕਾਫ਼ੀ ਹੱਦ ਤੱਕ ਉਹ ਆਪਣੇ ਇਨ੍ਹਾਂ ਮਨਸੂਬਿਆਂ ਵਿਚ ਸਫਲ ਵੀ ਹੋ ਰਹੇ ਹਨ, ਪਰ ਸੱਚ ਇਹ ਵੀ ਹੈ ਕਿ ਇਤਿਹਾਸ ਨੂੰ ਬਦਲਣਾ ਇਨ੍ਹਾਂ ਸੌਖਾ ਕੰਮ ਨਹੀਂ ਬਲਕਿ ਬਹੁਤ ਔਖਾ ਹੁੰਦਾ ਹੈ, ਕਿਉਂਕਿ ਸੱਚ ਤਾਂ ਸੱਚ ਰਹਿੰਦਾ ਹੈ। ਬੀਜ ਨੂੰ ਜਿੰਨਾ ਮਰਜ਼ੀ ਦਬਾ ਦਿਓ, ਉੱਗ ਹੀ ਪੈਂਦਾ ਹੈ।
ਇਥੇ ਵਰਨਣਯੋਗ ਹੈ ਕਿ ਦੇਸ਼ ਦੀ ਮਹਾਨ ਕ੍ਰਾਂਤੀਕਾਰੀ ਔਰਤ ਸਵਿੱਤਰੀ ਬਾਈ ਫੂਲੇ ਦਾ ਜਨਮ 3 ਜਨਵਰੀ, 1831 ਈਸਵੀ ਨੂੰ ਹੋਇਆ ਸੀ, ਇਸ ਲਈ ਅਸਲ ਅਧਿਆਪਕ ਦਿਵਸ ਇਸ ਦਿਨ ਮਨਾਇਆ ਜਾਣਾ ਚਾਹੀਦਾ ਹੈ।
ਅੱਜ ਦੇ ਅਧਿਆਪਕ ਦਿਵਸ ਮੌਕੇ ਸਵਿੱਤਰੀ ਬਾਈ ਫੂਲੇ ਨੂੰ ਕੋਟਿਨ-ਕੋਟਿ ਪ੍ਰਣਾਮ!
ਦੇਸ਼ ਦੀਆਂ ਔਰਤਾਂ ਅਤੇ ਮੂਲ-ਨਿਵਾਸੀਆਂ ਜਿਨ੍ਹਾਂ ਨੂੰ ਸਿੱਖਿਅਤ ਬਣਾਉਣ ਤੋਂ ਰੋਕਣ ਲਈ ਸਖਤ ਪਾਬੰਦੀਆਂ ਲਗਾਈਆਂ ਗਈਆਂ ਸਨ, ਦੇ ਲਈ ਸਵਿੱਤਰੀ ਬਾਈ ਫੂਲੇ ਨੇ ਇੱਕ ਮਹਾਨ ਅਧਿਆਪਕਾ / ਸਕੂਲ ਮੁਖੀ ਬਣਕੇ ਸਿੱਖਿਆ ਦੇ ਦਰਵਾਜ਼ੇ ਖੋਲ੍ਹੇ। ਔਰਤਾਂ ਅਤੇ ਮੂਲ-ਨਿਵਾਸੀਆਂ ਨੂੰ ਸਵਿੱਤਰੀ ਬਾਈ ਫੂਲੇ ਦਾ ਹਮੇਸ਼ਾ ਰਿਣੀ ਹੋਣਾ ਚਾਹੀਦਾ ਹੈ। ਦੇਸ਼ ਦੀ ਮਹਾਨ ਔਰਤ ਸਵਿੱਤਰੀ ਬਾਈ ਕਿਹਾ ਕਰਦੇ ਸਨ ਕਿ, “ਵਿੱਦਿਆ ਤੋਂ ਵੰਚਿਤ ਹੋਣ ਕਰਕੇ ਹੀ ਸਾਰੀਆਂ ਸਮੱਸਿਆਵਾਂ ਦਾ ਜਨਮ ਹੁੰਦਾ ਹੈ ਅਤੇ ਵਿੱਦਿਆ ਦੇ ਪ੍ਰਭਾਵ ਨਾਲ ਹੀ ਔਰਤਾਂ ਅਤੇ ਦੱਬੇ ਕੁਚਲੇ ਸਮਾਜ ਦੀਆਂ ਸਮੱਸਿਆਵਾਂ ਦਾ ਹੱਲ ਹੋਵੇਗਾ।”
ਸਵਿੱਤਰੀ ਬਾਈ ਫੂਲੇ ਨੂੰ ਕੋਟਿਨ ਕੋਟਿ ਪ੍ਰਣਾਮ ਕਿਉਂਕਿ ਉਹ –
“First female teacher of India and Mother of Indian feminism” ਹਨ।
ਬੀਬੀ ਸਵਿੱਤਰੀ ਬਾਈ ਫੂਲੇ ਵਲੋਂ ਸਮਾਜ ਸੁਧਾਰਿਕ ਅਤੇ ਸਿੱਖਿਆ ਪਸਾਰ ਲਈ ਅਰੰਭ ਕੀਤੇ ਮਹਾਨ ਕਾਰਜਾਂ ਨੂੰ ਸਫਲ ਬਣਾਉਣ ਲਈ ਉਸ ਵੇਲੇ ਬੀਬੀ ਫਾਤਿਮਾ ਸ਼ੇਖ ਨੇ ਜੋ ਸਹਿਯੋਗ ਦਿੱਤਾ, ਲਾਮਿਸਾਲ ਪ੍ਰਾਪਤੀ ਹੈ। ਮੁਸਲਿਮ ਭਾਈਚਾਰੇ ਵਿੱਚੋਂ ਬੀਬੀ ਫਾਤਿਮਾ ਸ਼ੇਖ ਪਹਿਲੀ ਔਰਤ ਅਧਿਆਪਕਾ ਸਨ, ਜੋ ਸਮਾਜ ਵਿਚ ਸਿੱਖਿਆ ਦੇ ਫੈਲਾਅ ਲਈ ਸਵਿੱਤਰੀ ਬਾਈ ਫੂਲੇ ਨਾਲ ਕਦਮ-ਨਾਲ-ਕਦਮ ਮਿਲਾ ਕੇ ਨਿੱਡਰ ਹੋ ਕੇ ਚੱਲਦੀ ਰਹੀ।
ਆਮ ਤੌਰ ‘ਤੇ ਕਿਹਾ ਜਾਂਦਾ ਹੈ ਕਿ “ਲੋਕਾਂ ਲਈ ਸੱਭ ਤੋਂ ਵਧੀਆ ਕਿਤਾਬ ਉਨ੍ਹਾਂ ਦਾ ਅਧਿਆਪਕ ਹੁੰਦਾ ਹੈ, ਜੋ ਸਿਰਫ਼ ਕਿਤਾਬੀ ਗਿਆਨ ਹੀ ਨਹੀਂ ਵੰਡਦਾ , ਬਲਕਿ ਜੀਵਨ ਵਿੱਚ ਏਕਤਾ ਅਤੇ ਹਰ ਹੋਂਦ ਨਾਲ ਪਛਾਣ ਬਣਾਉਣ ਵਿੱਚ ਵਿਦਿਆਰਥੀਆਂ ਦੀ ਮਦਦ ਕਰਦਾ ਹੈ।” ਇਸ ਲਈ ਜਦੋਂ ਵੀ ਸਮਾਜ ਵਿਚ ਔਰਤਾਂ ਅਤੇ ਦੱਬੇ-ਕੁਚਲੇ ਸਮਾਜ ਨੂੰ ਸਿੱਖਿਅਤ ਕਰਨ ਦੀ ਗੱਲ ਕੀਤੀ ਜਾਂਦੀ ਹੈ ਤਾਂ, ਸਵਿਤਰੀ ਬਾਈ ਫੂਲੇ ਦਾ ਨਾਂ ਸੱਭ ਤੋਂ ਪਹਿਲਾਂ ਆਵੇਗਾ, ਕਿਉਂਕਿ ਉਹ ਇਕ ਅਜਿਹੀ ਅਧਿਆਪਕਾ ਸੀ, ਜਿਸ ਵਿਚ ਇਕ ਨਿਪੁੰਨ ਅਧਿਆਪਕ ਵਾਲੇ ਗੁਣ ਸਨ, ਜੋ ਹੋਣੇ ਚਾਹੀਦੇ ਹਨ। ਉਨ੍ਹਾਂ ਨੇ ਖੁਦ ਸਮਾਜ ਵਿੱਚ ਸਿੱਖਿਆ ਦਾ ਮਾਰਗ ਉਸਾਰਦਿਆਂ ਉਨ੍ਹਾਂ ਲੋਕਾਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ, ਜਿਨ੍ਹਾਂ ਨੂੰ ਸਦੀਆਂ ਤੋਂ ਸਿੱਖਿਆ ਤੋਂ ਵੰਚਿਤ ਰੱਖਿਆ ਹੋਇਆ ਸੀ। ਉਹ ਖੁਦ ਕਿਹਾ ਕਰਦੇ ਸਨ ਕਿ ਸਿੱਖਿਆ /ਵਿਦਿਆ ਦੇ ਚਾਨਣ ਨਾਲ ਹੀ ਸਮਾਜ ਵਿਚੋਂ ਅਨਪੜ੍ਹਤਾ ਦਾ ਨਾਸ਼ ਕੀਤਾ ਜਾ ਸਕਦਾ ਹੈ । ਉਹ ਜਾਣਦੇ ਸਨ ਕਿ, ਜਦੋਂ ਤੱਕ ਲੋਕਾਂ ਵਿਚ ਸਿੱਖਿਆ ਨਹੀਂ ਜਾਂਦੀ, ਅੰਧ-ਵਿਸ਼ਵਾਸਾਂ ਅਤੇ ਵਹਿਮਾਂ-ਭਰਮਾਂ ਤੋਂ ਛੁਟਕਾਰਾ ਨਹੀਂ ਪਾਇਆ ਜਾ ਸਕਦਾ।
ਅਨਪੜ੍ਹਤਾ ਹੋਣ ਕਾਰਨ ਵਹਿਮ-ਭਰਮ ਅਤੇ ਅੰਧ-ਵਿਸ਼ਵਾਸ ਸਮਾਜ ਦੀ ਤਰੱਕੀ ਵਿੱਚ ਬਹੁਤ ਵੱਡੀ ਰੁਕਾਵਟ ਬਣਦੇ ਹਨ, ਰੋੜਾ ਬਣਦੇ ਹਨ ਜਦਕਿ ਸਿੱਖਿਆ ਮਨੁੱਖ ਨੂੰ ਸਹੀ /ਗਲਤ ਹੋਣ ਦਾ ਅਹਿਸਾਸ ਕਰਵਾਉਂਦੀ ਹੈ, ਹੱਕਾਂ ਅਤੇ ਅਧਿਕਾਰਾਂ ਬਾਰੇ ਜਾਣੂ ਕਰਵਾਉੰਦੀ, ਪਸ਼ੂਤਾ ਜੀਵਨ ਜੀਣ ਦੀ ਬਜਾਏ ਮਨੁੱਖੀ ਜੀਵਨ ਜੀਣ ਦੀ ਜਾਚ ਸਿਖਾਉਂਦੀ ਹੈ, ਮਨੁੱਖ ਨੂੰ ਮਨੁੱਖ ਹੋਣ ਦਾ ਅਹਿਸਾਸ ਕਰਵਾਉਂਦੀ ਹੋਈ ਦੱਸਦੀ ਹੈ ਕਿ, ਮਨੁੱਖ ਦੂਜੇ ਜੀਵ-ਜੰਤੂਆਂ ਨਾਲੋਂ ਕਿਵੇਂ ਭਿੰਨ ਹੈ। ਮੂਲ-ਨਿਵਾਸੀਆਂ ਅਤੇ ਔਰਤਾਂ ਨੂੰ ਮਨੁੱਖ ਬਣਾਉਣ ਲਈ ਜੋ ਕਾਰਜ ਉਨ੍ਹਾਂ ਕੀਤੇ ਦੇ, ਸਦਕਾ ਸਵਿੱਤਰੀ ਬਾਈ ਫੂਲੇ ਨੂੰ ਭਾਰਤ ਦੀ ਪਹਿਲੀ ਮਹਾਨ ਔਰਤ ਅਧਿਆਪਕ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ, ਪਰ ਉਨ੍ਹਾਂ ਦੇ ਨਾਂ ਨਾਲ ਇੱਕ ਹੋਰ ਨਾਂ ਵੀ ਇਤਿਹਾਸ ਦੇ ਸੁਨਹਿਰੀ ਪੰਨਿਆਂ ਦਾ ਸ਼ਿੰਗਾਰ ਹੈ। ਉਹ ਨਾਂ ਬੀਬੀ ਫਾਤਿਮਾ ਸ਼ੇਖ ਦਾ ਹੈ।ਉਨ੍ਹਾਂ ਨੂੰ ਮੁਸਲਿਮ ਭਾਈਚਾਰੇ ਵਿਚੋਂ ਪਹਿਲੀ ਔਰਤ ਅਧਿਆਪਕਾ ਹੋਣ ਦਾ ਸਿਹਰਾ ਜਾਂਦਾ ਹੈ।ਉਨ੍ਹਾਂ ਨੇ ਸਵਿਤਰੀ ਬਾਈ ਫੂਲੇ ਦੇ ਨਾਲ ਮਿਲ ਕੇ ਸਿੱਖਿਆ ਪਸਾਰ ਦਾ ਕੰਮ ਅਰੰਭ ਕੀਤਾ, ਮੂਲ-ਨਿਵਾਸੀਆਂ , ਮੁਸਲਿਮ ਔਰਤਾਂ ਅਤੇ ਬੱਚਿਆਂ ਨੂੰ ਸਿੱਖਿਅਤ ਕਰਨ ਦਾ ਪ੍ਰਣ ਲੈਂਦਿਆਂ ਚੱਟਾਨ ਬਣਕੇ ਨਾਲ ਖੜ੍ਹੀ, ਇੰਨਾ ਹੀ ਨਹੀਂ, ਜਦੋਂ ਸਵਿੱਤਰੀ ਬਾਈ ਫੂਲੇ ਨੇ ਸੰਨ 1848 ਵਿੱਚ ਦੇਸ਼ ਵਿੱਚ ਲੜਕੀਆਂ ਲਈ ਪਹਿਲਾ ਸਕੂਲ ਖੋਲ੍ਹਿਆ ਤਾਂ, ਉਨ੍ਹਾਂ ਨੇ ਬੀਬੀ ਫੂਲੇ ਨੂੰ ਜਾਨ ਤੋੜ ਕੇ ਸਹਿਯੋਗ ਦਿੱਤਾ।
ਬੀਬੀ ਫਾਤਿਮਾ ਸ਼ੇਖ ਦਾ ਜਨਮ 9 ਜਨਵਰੀ 1831 ਨੂੰ ਪੁਣੇ ਦੇ ਇੱਕ ਮੁਸਲਿਮ ਪਰਿਵਾਰ ਵਿੱਚ ਹੋਇਆ। ਉਨ੍ਹਾਂ ਦੇ ਭਰਾ ਦਾ ਨਾਂ ਉਸਮਾਨ ਸ਼ੇਖ ਸੀ, ਜੋ ਸਵਿੱਤਰੀ ਬਾਈ ਫੂਲੇ ਦੇ ਪਤੀ ਮਹਾਤਮਾ ਜੋਤੀਬਾ ਫੂਲੇ ( ਉੱਘੇ ਸਮਾਜ ਸੁਧਾਰਿਕ ਅਤੇ ਚਿੰਤਕ) ਦਾ ਮਿੱਤਰ ਸੀ। ਫਾਤਿਮਾ ਸ਼ੇਖ ਅਤੇ ਉਸਮਾਨ ਸ਼ੇਖ ਦੋਵੇਂ ਭੈਣ-ਭਰਾ ਮਨੂੰਵਾਦੀਆਂ ਵਲੋਂ ਖੜ੍ਹੇ ਕੀਤੇ ਜਾਤੀ ਪ੍ਰਬੰਧ ਅਤੇ ਅਖੌਤੀ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਸਿੱਖਿਆ ਦਿੰਦੇ ਸਨ, ਜਿਸ ਕਰਕੇ ਲੋਕਾਂ ਵਲੋਂ ਉਨ੍ਹਾਂ ਨੂੰ ਸਮਾਜ ਵਿੱਚੋਂ ਦੁਰਕਾਰਿਆ ਵੀ ਗਿਆ , ਜਿਸ ਪਿੱਛੋਂ ਦੋਵੇਂ ਭੈਣ-ਭਰਾ ਸਵਿੱਤਰੀ ਬਾਈ ਫੂਲੇ ਨੂੰ ਮਿਲੇ ਅਤੇ ਉਨ੍ਹਾਂ ਨਾਲ ਮਿਲਕੇ ਮੂਲ-ਨਿਵਾਸੀਆਂ, ਮੁਸਲਿਮ ਔਰਤਾਂ ਅਤੇ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ।
ਬੀਬੀ ਫਾਤਿਮਾ ਸ਼ੇਖ ਸਵਿੱਤਰੀ ਬਾਈ ਫੂਲੇ ਨਾਲ ਮਿਲ ਕੇ ਲੋਕਾਂ ਵਿੱਚ ਜਾ ਕੇ ਔਰਤਾਂ ਅਤੇ ਬੱਚਿਆਂ ਨੂੰ ਪੜ੍ਹਾਈ ਲਈ ਪ੍ਰੇਰਿਤ ਕਰਦੇ ਰਹਿੰਦੇ ਸਨ। ਇਸ ਦੌਰਾਨ ਕਈ ਲੋਕਾਂ ਵਲੋਂ ਉਨ੍ਹਾਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ, ਪਰ ਉਹ ਆਪਣੀ ਧੁਨ ਦੇ ਪੱਕੇ ਸਨ, ਕਿਸੇ ਦੀ ਪ੍ਰਵਾਹ ਕੀਤੇ ਬਿਨਾਂ ਉਹ ਆਪਣੇ ਮਿਸ਼ਨ ਵਿੱਚ ਜੁਟੇ ਰਹੇ। ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਦੋਵਾਂ ਨੇ ਸਿੱਖਿਆ ਮੁਹਿੰਮ ਜਾਰੀ ਰੱਖੀ।
ਜਦੋਂ 1856 ਵਿਚ ਸਵਿੱਤਰੀ ਬਾਈ ਫੂਲੇ ਬੀਮਾਰ ਹੋ ਗਈ ਤਾਂ ਉਹ ਕੁਝ ਦਿਨਾਂ ਲਈ ਆਪਣੇ ਪਿਤਾ ਦੇ ਘਰ ਚਲੀ ਗਈ। ਉਸ ਸਮੇਂ ਚੱਲ ਰਹੇ ਸਾਰੇ ਸਕੂਲਾਂ ਦਾ ਸਾਰਾ ਹਿਸਾਬ-ਕਿਤਾਬ ਬੀਬੀ ਫਾਤਿਮਾ ਸ਼ੇਖ ਦੇਖਦੀ ਸੀ । ਆਰਥਿਕ ਸਾਧਨ ਬਹੁਤ ਘੱਟ ਹੋਣ ਦੇ ਬਾਵਜੂਦ ਵੀ ਫਾਤਿਮਾ ਸ਼ੇਖ ਨੇ ਮੁਸਲਿਮ ਔਰਤਾਂ ਦੀ ਸਿੱਖਿਆ ਲਈ ਆਪਣੀ ਆਵਾਜ਼ ਬੁਲੰਦ ਰੱਖੀ , ਹਾਲਾਂਕਿ ਉਸ ਸਮੇਂ ਦੇ ਹਾਲਾਤਾਂ ਦੇ ਚੱਲਦਿਆਂ ਇਹ ਸਭ ਕੁਝ ਕਰਨਾ ਆਸਾਨ ਕੰਮ ਨਹੀਂ ਸੀ, ਪਰ ਫਾਤਿਮਾ ਸ਼ੇਖ ਨੇ ਸੰਘਰਸ਼ ਜਾਰੀ ਰੱਖਿਆ। ਬੀਬੀ ਫਾਤਿਮਾ ਸ਼ੇਖ ਘਰ-ਘਰ ਜਾ ਕੇ ਮੂਲ-ਨਿਵਾਸੀਆਂ ਅਤੇ ਮੁਸਲਿਮ ਔਰਤਾਂ ਨੂੰ ਸਵਦੇਸ਼ੀ ਲਾਇਬ੍ਰੇਰੀ ਵਿਚ ਪੜ੍ਹਨ ਦਾ ਸੱਦਾ ਦਿੰਦੀ ਰਹੀ । ਇਨ੍ਹਾਂ ਕਾਰਜਾਂ ਨੂੰ ਜਾਰੀ ਰੱਖਦਿਆਂ ਉਨ੍ਹਾਂ ਨੂੰ ਕਈ ਹਾਕਮ ਜਮਾਤਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ। ਜਦੋਂ ਮਹਾਤਮਾ ਜੋਤੀਬਾ ਫੂਲੇ ਅਤੇ ਸਵਿੱਤਰੀ ਬਾਈ ਫੂਲੇ ਨੇ ਔਰਤਾਂ ਅਤੇ ਮੂਲ-ਨਿਵਾਸੀਆਂ ਨੂੰ ਪੜ੍ਹਾਉਣ ਦਾ ਬੀੜਾ ਚੁੱਕਿਆ ਤਾਂ ਉਸ ਸਮੇਂ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਦੋਵਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਸੀ, ਜਿਸ ਪਿੱਛੋਂ ਉਹ ਮੀਆਂ ਉਸਮਾਨ ਸ਼ੇਖ ਦੇ ਘਰ ਰਹੇ। ਉਸਮਾਨ ਸ਼ੇਖ ਬੀਬੀ ਫਾਤਿਮਾ ਸ਼ੇਖ ਦਾ ਭਰਾ ਸੀ। ਇਸ ਮੌਕੇ ਇਥੇ ਬੀਬੀ ਫਾਤਿਮਾ ਸ਼ੇਖ ਵੀ ਮੂਲ-ਨਿਵਾਸੀਆਂ, ਔਰਤਾਂ ਅਤੇ ਬੱਚਿਆਂ ਨੂੰ ਪੜ੍ਹਾਇਆ ਕਰਦੇ ਸਨ।ਇਸ ਤਰ੍ਹਾਂ ਬੀਬੀ ਫਾਤਿਮਾ ਸ਼ੇਖ ਭਾਰਤ ਵਿੱਚ ਪਹਿਲੀ ਮੁਸਲਿਮ ਔਰਤ ਅਧਿਆਪਕਾ ਸੀ।
ਸ਼ਰਾਰਤੀ ਇਤਿਹਾਸਕਾਰ ਜਿਨ੍ਹਾਂ ਮਰਜ਼ੀ ਸਵਿੱਤਰੀ ਬਾਈ ਫੂਲੇ ਅਤੇ ਬੀਬੀ ਫਾਤਿਮਾ ਸ਼ੇਖ ਨੂੰ ਔਰਤ ਅਧਿਆਪਕਾਵਾਂ ਮੰਨਣ ਤੋਂ ਪਰਦੇ ਪਾਈ ਜਾਣ, ਪਰ ਇਤਿਹਾਸ ਕਦੇ ਮਰਦਾ ਨਹੀਂ ਹੁੰਦਾ। ਉਂਝ ਸਾਡੇ ਦੇਸ਼ ਵਿਚ ਮਿਥਿਹਾਸਕ ਤੌਰ ‘ਤੇ ਬਹੁ-ਗਿਣਤੀ ਵਿਚ ਦੇਵੀ-ਦੇਵਤੇ ਹਨ, ਜਿਨ੍ਹਾਂ ਦੀ ਹੋਂਦ / ਪੈਦਾਇਸ਼ ਹੋਣ ਜਾਂ ਨਾ ਹੋਣ ਬਾਰੇ ਕੋਈ ਵੀ ਠੋਸ ਸਬੂਤ ਮੌਜੂਦ ਨਹੀਂ ਹੈ, ਨੂੰ ਪੂਜਿਆ ਜਾ ਰਿਹਾ ਹੈ, ਪਰ ਉਨ੍ਹਾਂ ਇਨਸਾਨਾਂ ਜਿਨ੍ਹਾਂ ਨੇ ਦੇਸ਼ ਵਿਚ ਆਪਣੇ ਬਾਪ ਦੇ ਘਰ ਆਪਣੀ ਮਾਂ ਦੀ ਕੁੱਖੋਂ ਜਨਮ ਲਿਆ ਅਤੇ ਫਿਰ ਜਦੋਂ ਉਨ੍ਹਾਂ ਨੇ ਸੁਰਤ ਸੰਭਾਲੀ ਤਾਂ ਸਮਾਜ ਦੀ ਬਿਹਤਰੀ ਅਤੇ ਮਨੁੱਖਤਾ ਦੇ ਭਲੇ ਲਈ ਆਪਣੀ ਸਾਰੀ ਜਿੰਦਗੀ ਲੇਖੇ ਲਗਾ ਦਿੱਤੀ ਗਈ, ਦੀ ਪੂਜਾ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ, ਉਨ੍ਹਾਂ ਦਾ ਨਾਂ ਲੈਣ ਤੋਂ ਵੀ ਭਿੱਟ ਚੜ੍ਹ ਰਹੀ ਹੈ ।ਅਜਿਹੇ ਇਨਸਾਨਾਂ ਵਿਚ
ਸਵਿੱਤਰੀ ਬਾਈ ਫੂਲੇ ਅਤੇ ਬੀਬੀ ਫਾਤਿਮਾ ਸ਼ੇਖ ਦਾ ਨਾਂ ਵੀ ਸ਼ਾਮਲ ਹੈ, ਜਿਨ੍ਹਾਂ ਨੂੰ ਮਨੂੰਵਾਦੀ ਅਖਵਾਉਣ ਵਾਲੇ ਬੁੱਧੀਜੀਵੀਆਂ ਵਲੋਂ ਇਤਿਹਾਸ ਦੇ ਪੰਨਿਆਂ ਤੋਂ ਲਾਂਭੇ ਕੀਤਾ ਜਾ ਰਿਹਾ ਹੈ, ਜਦਕਿ ਉਨ੍ਹਾਂ ਦਾ ਨਾਂ ਭਾਰਤ ਦੇ ਮਹਾਨ ਸਮਾਜ ਸੁਧਾਰਕਾਂ, ਸਿੱਖਿਆ ਸ਼ਾਸਤਰੀਆਂ, ਬੁੱਧੀਜੀਵੀਆਂ, ਚਿੰਤਕਾਂ ਅਤੇ ਯੁੱਗ-ਪਲਟਾਊ ਸੰਘਰਸ਼ਸ਼ੀਲ ਇਨਸਾਨਾਂ ਦੀ ਕਿਤਾਬ ਦੇ ਪੰਨਿਆਂ ਉਪਰ ਸੂਰਜ ਦੀ ਤਰ੍ਹਾਂ ਹਮੇਸ਼ਾ ਚਮਕਦਾ ਰਹੇਗਾ। ਸਿੱਖਿਆ ਦੇ ਖੇਤਰ ਪਾਏ ਗਏ ਯੋਗਦਾਨ ਬਦਲੇ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਅਤੇ ਕਦੀ ਵੀ ਇਤਿਹਾਸ ਆਪਣੇ ਪੰਨਿਆਂ ਤੋਂ ਲਾਂਭੇ ਨਹੀਂ ਕਰ ਸਕੇਗਾ। ਉਨ੍ਹਾਂ ਦੁਆਰਾ ਕੀਤੇ ਗਏ ਮਹਾਨ ਅਤੇ ਲਾਮਿਸਾਲ ਕਾਰਜ ਭਵਿੱਖ ਵਿਚ ਵੀ ਬੋਲਦੇ ਰਹਿਣਗੇ ਤੇ ਸਦਾ ਜਿਉਂਦੇ ਰਹਿਣਗੇ!
ਅੱਜ ਵਿਗਿਆਨਿਕ ਅਤੇ ਤਰਕਸ਼ੀਲ ਸੋਚ ਨੂੰ ਅਪਣਾ ਕੇ ਚੱਲਣ ਵਾਲਾ ਬੁੱਧੀਜੀਵੀ ਵਰਗ ਇਸ ਗੱਲ ਨੂੰ ਲੈ ਕੇ ਬਹੁਤ ਚਿੰਤਤ ਹੈ ਕਿ, ਹੁਣ ਜਦੋਂ ਸਮੁੱਚੇ ਸੰਸਾਰ ਵਿੱਚ ਵਿਗਿਆਨ ਦਾ ਦੌਰ ਹੈ , ਦੇ ਚੱਲਦਿਆਂ ਮਨੂੰਵਾਦੀਆਂ ਵਲੋਂ ਮਿਥਿਹਾਸ ਨੂੰ ਇਤਿਹਾਸ ਵਿਚ ਬਦਲਣ ਲਈ ਅੱਡੀ ਚੋਟੀ ਦਾ ਜੋਰ ਲਗਾਇਆ ਜਾ ਰਿਹਾ ਹੈ। ਵਿਗਿਆਨਿਕ ਸੋਚ ਰੱਖਣ ਵਾਲੇ ਬੁੱਧੀਜੀਵੀਆਂ ਅਤੇ ਚਿੰਤਕਾਂ ਦਾ ਕਹਿਣਾ ਹੈ ਕਿ ਇਤਿਹਾਸ ਨੂੰ ਮਿਥਿਹਾਸ ਵਿਚ ਅਤੇ ਮਿਥਿਹਾਸ ਨੂੰ ਇਤਿਹਾਸ ਵਿਚ ਪੁੱਠਾ ਗੇੜਾ ਦੇਣ ਨਾਲ ਆਉਣ ਵਾਲੀਆਂ ਪੀੜ੍ਹੀਆਂ ਦੀ ਸੋਚ ਨਿਪੁੰਸਕ ਹੋ ਕੇ ਰਹਿ ਜਾਵੇਗੀ, ਜਿਸ ਦਾ ਭਵਿੱਖ ਵਿਚ ਸਿੱਟਾ ਚੰਗਾ ਨਹੀਂ ਨਿਕਲੇਗਾ ਅਤੇ ਦੇਸ਼ ਵਿਕਾਸ ਵਲ ਜਾਣ ਦੀ ਬਜਾਏ ਵਿਨਾਸ਼ ਵਲ ਮੂੰਹ ਕਰ ਲਵੇਗਾ।
ਆਓ ਅੱਜ ਪ੍ਰਣ ਕਰਦੇ ਹੋਏ ਵਿਗਿਆਨ ਨੂੰ ਅਪਣਾਈਏ! ਵਿਗਿਆਨਕ ਸੋਚ ਦੇ ਧਾਰਨੀ ਬਣਦੇ ਹੋਏ ਸਮੇਂ ਦੇ ਹਾਣੀ ਬਣੀਏ ਅਤੇ ਸਮੇਂ ਦੇ ਨਾਲ ਨਾਲ ਕਦਮ ਮਿਲਾ ਕੇ ਚੱਲਦੇ ਹੋਏ ਅੱਗੇ ਵਧੀਏ!
-ਸੁਖਦੇਵ ਸਲੇਮਪੁਰੀ
9780620233
ਸੁਖਦੇਵ ਸਲੇਮਪੁਰੀ ਜੀ ਨੇ ਬਹੁਤ ਜਾਣਕਾਰੀ ਭਰਿਆ ਲੇਖ ਲਿਖਿਆ ਹੈ।ਬਹੁਤ ਵਧੀਆ ਲਿਖਿਆ ਹੈ।ਲੇਖ ਬਹੁਤ ਜਾਣਕਾਰੀ ਭਰਭੂਰ ਹੈ।