ਚੰਡੀਗੜ੍ਹ 3 ਸਤੰਬਰ (ਖ਼ਬਰ ਖਾਸ ਬਿਊਰੋ)
ਪੰਜਾਬ ਵਿਧਾਨ ਸਭਾ ਵਿਚ ਕਾਂਗਰਸ ਨੇ ਦੀਨਾਨਗਰ ਤੋਂ ਵਿਧਾਇਕ ਅਤੇ ਸਾਬਕਾ ਮੰਤਰੀ ਅਰੁਣਾ ਚੌਧਰੀ ਨੂੰ ਵਿਧਾਇਕ ਦਲ ਦਾ ਉਪ ਨੇਤਾ ਚੁਣ ਲਿਆ ਹੈ। ਇਹ ਜਾਣਕਾਰੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਦਿੱਤੀ। ਕਾਂਗਰਸ ਵਿਧਾਇਕ ਦਲ ਦੇ ਨੇਤਾ ਅਤੇ ਉਪ ਨੇਤਾ ਯਾਨੀ ਦੋਵੇ ਅਹੁੱਦੇ ਮਾਝੇ ਖਾਸਕਰਕੇ ਗੁਰਦਾਸਪੁਰ ਜਿਲ੍ਹੇ ਨੂੰ ਮਿਲ ਗਏ ਹਨ।
ਆਦਮਪੁਰ ਹਲਕੇ ਤੋਂ ਵਿਧਾਇਕ ਸੁਖਵਿੰਦਰ ਕੋਟਲੀ ਉਪ ਨੇਤਾ ਬਣਨ ਲਈ ਯਤਨ ਕਰ ਰਹੇ ਸਨ, ਪਰ ਉਹਨਾਂ ਦੀ ਥਾਂ ਪਾਰਟੀ ਨੇ ਵਿਧਾਇਕ ਅਰੁਣਾ ਚੌਧਰੀ ਨੂੰ ਇਹ ਅਹੁਦਾ ਦਿੱਤਾ ਹੈ। ਇੱਥੇ ਦੱਸਿਆ ਜਾਂਦਾ ਹੈ ਕਿ ਵਿਧਾਇਕ ਅਰੁਣਾ ਚੌਧਰੀ, ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਚਰਨਜੀਤ ਸਿੰਘ ਚੰਨੀ (ਸਾਬਕਾ ਮੁੱਖ ਮੰਤਰੀ) ਦੀ ਕੁੜਮਣੀ ਹੈ। ਕਾਂਗਰਸ ਹਲਕਿਆ ਵਿਚ ਚਰਚਾ ਹੈ ਕਿ ਪਾਰਟੀ ਵਿਚ ਸੀਨੀਅਰ ਹੋਣ ਦੇ ਨਾਤੇ ਚਰਨਜੀਤ ਸਿੰਘ ਚੰਨੀ ਤੇ ਸੂਬਾ ਕਾਂਗਰਸ ਪ੍ਰਧਾਨ ਨੇ ਅਰੁਣਾ ਚੌਧਰੀ ਨੂੰ ਉਪ ਨੇਤਾ ਦਾ ਅਹੁਦਾ ਦੇਣ ਵਿਚ ਭੂਮਿਕਾ ਨਿਭਾਈ ਹੈ। ਜਦਕਿ ਦਲਿਤ ਮੁੱਦਿਆ ਉਤੇ ਜ਼ੋਰਦਾਰ ਢੰਗ ਨਾਲ ਅਵਾਜ਼ ਉਠਾਉਣ ਵਾਲੇ ਸੁਖਵਿੰਦਰ ਕੋਟਲੀ ਇਸ ਦੌੜ ਵਿਚ ਸਨ, ਪਰ ਉਹਨਾਂ ਦਾ ਰਾਹ ਰੋਕ ਲਿਆ ਗਿਆ ਹੈ। ਕੋਟਲੀ ਬੇਬਾਕੀ ਨਾਲ ਗੱਲ ਕਹਿਣ ਅਤੇ ਡਾ ਬੀ.ਆਰ ਅੰਬੇਦਕਰ ਦੀ ਵਿਚਾਰਧਾਰਾ ਨੂੰ ਪ੍ਰਣਾਏ ਹੋਏ ਹਨ, ਤੇ ਉਹ ਹਮੇਸ਼ਾ ਮੂੰਹ ਉਤੇ ਗੱਲ ਕਹਿਣ ਦੀ ਜੁਅਰਤ ਰੱਖਦੇ ਹਨ। ਸੱਤਾ ਦੇ ਗਲਿਆਰਿਆ ਵਿਚ ਚਰਚਾ ਹੈ ਕਿ ਸੂਬਾ ਸਰਕਾਰ ਵੀ ਚਾਹੁੰਦੀ ਸੀ ਕਿ ਸੁਖਵਿੰਦਰ ਕੋਟਲੀ ਉਪ ਨੇਤਾ ਨਾ ਬਣੇ ਕਿਉਂਕਿ ਪਿਛਲੇ ਸਮੇਂ ਕੋਟਲੀ ਨੇ ਦਲਿਤ ਮੁੱਦਿਆ ਉਤੇ ਸਰਕਾਰ ਦੀ ਸਿੱਧੀ ਖਿਚਾਈ ਕੀਤੀ ਸੀ, ਖਾਸਕਰਕੇ ਮੁੱਖ ਮੰਤਰੀ ਤੇ ਦਲਿਤ ਵਿਰੋਧੀ ਹੋਣ ਦਾ ਦੋਸ਼ ਲਾਇਆ ਸੀ। ਚਰਚਾ ਹੈ ਕਿ ਸਰਕਾਰ ਨਾਲ ਟੱਕਰ ਲੈਣ ਦਾ ਖਮਿਆਜ਼ਾ ਕੋਟਲੀ ਨੂੰ ਭੁਗਤਣਾ ਪਿਆ ਹੈ।
ਵਰਨਣਯੋਗ ਹੈ ਕਿ ਪਹਿਲਾਂ ਸਦਨ ਵਿਚ ਉਪ ਨੇਤਾ ਦਾ ਅਹੁੱਦਾ ਡਾ ਰਾਜ ਕੁਮਾਰ ਚੱਬੇਵਾਲ ਕੋਲ ਸੀ। ਉਹ ਕਾਂਗਰਸ ਪਾਰਟੀ ਛੱਡ ਆਪ ਵਿਚ ਸ਼ਾਮਲ ਹੋ ਗਏ ਅਤੇ ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਹਨ। ਹੁਣ ਕਾਂਗਰਸ ਨੇ ਸਾਬਕਾ ਮੰਤਰੀ ਅਰੁਣਾ ਚੌਧਰੀ ਨੂੰ ਉਪ ਨੇਤਾ ਬਣਾਇਆ ਹੈ।